ਪੇਈਚਿੰਗ: ਭਾਰਤੀ ਫ਼ੌਜ ਨੂੰ ਡੋਕਲਾਮ ’ਚੋਂ ਦੋ ਹਫ਼ਤਿਆਂ ਅੰਦਰ ਕੱਢਣ ਲਈ ਚੀਨ ਛੋਟੇ ਪੱਧਰ ਦੀ ਫ਼ੌਜੀ ਕਾਰਵਾਈ ਕੀਤੇ ਜਾਣ ਦੀ ਯੋਜਨਾ ਬਣਾ ਰਿਹਾ ਹੈ। ਇਹ ਜਾਣਕਾਰੀ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ’ਚ ਪ੍ਰਕਾਸ਼ਤ ਲੇਖ ’ਚ ਦਿੱਤੀ ਗਈ ਹੈ। ਸਿੱਕਮ ਸੈਕਟਰ ’ਚ ਭਾਰਤ ਅਤੇ ਚੀਨ ਦਰਮਿਆਨ 16 ਜੂਨ ਤੋਂ ਅੜਿੱਕਾ ਚਲ ਰਿਹਾ ਹੈ। ਇਹ ਟਕਰਾਅ ਉਸ ਸਮੇਂ ਸ਼ੁਰੂ ਹੋਇਆ ਜਦੋਂ ਚੀਨੀ ਫ਼ੌਜ ਨੇ ਭੂਟਾਨ ਤਿਕੋਣ ਨੇੜੇ ਆਪਣੇ ਇਲਾਕੇ ‘ਚ ਸੜਕ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਭਾਰਤ ਨੂੰ ਡਰ ਹੈ ਕਿ ਇਸ ਸੜਕ ਦੀ ਸਹਾਇਤਾ ਨਾਲ ਚੀਨ, ਭਾਰਤ ਦੇ ਉੱਤਰ ਪੂਰਬੀ ਸੂਬਿਆਂ ਤੱਕ ਪਹੁੰਚ ਨੂੰ ਖ਼ਤਮ ਕਰ ਸਕਦਾ ਹੈ।
ਸ਼ੰਘਾਈ ਅਕੈਡਮੀ ਆਫ਼ ਸੋਸ਼ਲ ਸਾਈਸਿਜ਼ ’ਚ ਇੰਸਟੀਚਿਊਟ ਆਫ਼ ਇੰਟਰਨੈਸ਼ਨਲ ਰਿਲੇਸ਼ਨਜ਼ ਦੇ ਰਿਸਰਚ ਫੈਲੋ ਹੂ ਜ਼ਿਯੋਂਗ ਦੇ ਹਵਾਲੇ ਨਾਲ ਗਲੋਬਲ ਟਾਈਮਜ਼ ਨੇ ਕਿਹਾ ਕਿ ਚੀਨ ਡੋਕਲਾਮ ’ਚ ਆਪਣੇ ਅਤੇ ਭਾਰਤ ਵਿਚਕਾਰ ਫ਼ੌਜੀ ਅੜਿੱਕੇ ਨੂੰ ਲੰਬਾ ਨਹੀਂ ਖਿੱਚਣ ਦੇਵੇਗਾ। ਉਸ ਮੁਤਾਬਕ ਭਾਰਤੀ ਫ਼ੌਜੀਆਂ ਨੂੰ ਦੋ ਹਫ਼ਤਿਆਂ ਦੇ ਅੰਦਰ ਬਾਹਰ ਕੱਢਣ ਲਈ ਛੋਟੇ ਪੱਧਰ ’ਤੇ ਫ਼ੌਜੀ ਕਾਰਵਾਈ ਕੀਤੀ ਜਾ ਸਕਦੀ ਹੈ। ਮਾਹਿਰ ਨੇ ਅਖ਼ਬਾਰ ’ਚ ਲਿਖਿਆ ਹੈ, “ਚੀਨ ਵੱਲੋਂ ਕਾਰਵਾਈ ਤੋਂ ਪਹਿਲਾਂ ਭਾਰਤੀ ਵਿਦੇਸ਼ ਮੰਤਰਾਲੇ ਨੂੰ ਜਾਣਕਾਰੀ ਦਿੱਤੀ ਜਾਵੇਗੀ।”
ਗਲੋਬਲ ਟਾਈਮਜ਼ ਨੇ ‘ਚ ਹੂ ਨੇ ਲੇਖ ’ਚ ਸਰਕਾਰੀ ਸੀਸੀਟੀਵੀ ਦੀ ਉਸ ਖ਼ਬਰ ਦਾ ਜ਼ਿਕਰ ਵੀ ਕੀਤਾ ਜਿਸ ’ਚ ਹੁਣੇ ਜਿਹੇ ਤਿੱਬਤ ’ਚ ਜੰਗੀ ਮਸ਼ਕਾਂ ਦੀ ਗੱਲ ਆਖੀ ਗਈ ਹੈ। ਉਸ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ’ਚ ਭਾਰਤ ਨੇ ਚੀਨ ਖ਼ਿਲਾਫ਼ ਅਪ੍ਰਪੱਕ ਨੀਤੀ ਅਪਣਾਈ ਹੋਈ ਹੈ ਅਤੇ ਉਸ ਦੇ ਵਿਕਾਸ ਦਾ ਪੱਧਰ ਚੀਨ ਦੇ ਵਿਕਾਸ ਦੇ ਬਰਾਬਰ ਨਹੀਂ ਹੈ। ਉਸ ਮੁਤਾਬਕ ਭਾਰਤ ਲਾਹਾ ਲੈਣ ਲਈ ਉਨ੍ਹਾਂ ਇਲਾਕਿਆਂ ’ਚ ਵਿਵਾਦ ਪੈਦਾ ਕਰਨਾ ਚਾਹੁੰਦਾ ਹੈ ਜਿਥੇ ਅਸਲ ’ਚ ਕੋਈ ਵਿਵਾਦ ਨਹੀਂ ਹੈ।
ਸਬੰਧਤ ਖ਼ਬਰ: