ਨਵੀਂ ਦਿੱਲੀ: ਡੋਕਲਾਮ ਖੇਤਰ ਵਿੱਚ ਚੀਨ ਤੇ ਭਾਰਤ ਵਿਚਲੇ ਫੌਜੀ ਤਣਾਅ ਦਰਮਿਆਨ ਚੀਨ ਨੇ 15 ਪੰਨਿਆਂ ਦਾ ਦਸਤਾਵੇਜ਼ ‘ਸਚਾਈ ਤੇ ਚੀਨ ਦੀ ਸਥਿਤੀ’ ਜਾਰੀ ਕਰਦਿਆਂ ਆਪਣੀਆਂ ਦਲੀਲਾਂ ਰੱਖੀਆਂ ਹਨ। ਚੀਨ ਨੇ ਬੁੱਧਵਾਰ (2 ਅਗਸਤ) ਨੂੰ ਦਾਅਵਾ ਕੀਤਾ ਹੈ ਕਿ ਭਾਰਤ ਨੇ ਸਿੱਕਮ ਖੇਤਰ ਦੇ ਡੋਕਲਾਮ ਖੇਤਰ ਵਿੱਚ ਜੁਲਾਈ ਦੇ ਅੰਤ ਤੱਕ ਆਪਣੇ ਫੌਜੀਆਂ ਦੀ ਗਿਣਤੀ 400 ਤੋਂ ਘਟਾ ਕੇ 40 ਕਰ ਦਿੱਤੀ ਹੈ। ਉਧਰ ਭਾਰਤ ਦਾ ਕਹਿਣਾ ਹੈ ਕਿ ਉਸ ਨੇ ਇਸ ਖੇਤਰ ਵਿਚ ਤਾਇਨਾਤ ਆਪਣੇ ਫੌਜੀਆਂ ਦੀ ਗਿਣਤੀ ਨਹੀਂ ਘਟਾਈ ਹੈ।
ਇਨ੍ਹਾਂ ਦਸਤਾਵੇਜ਼ਾਂ ਵਿੱਚ ਕਿਹਾ ਗਿਆ ਹੈ ਕਿ 18 ਜੂਨ ਨੂੰ ਕਰੀਬ 270 ਭਾਰਤੀ ਫੌਜੀ ਹਥਿਆਰਾਂ ਅਤੇ ਦੋ ਬੁਲਡੋਜ਼ਰਾਂ ਸਮੇਤ ਸਿੱਕਮ ਸੈਕਟਰ ਵਿੱਚ ਡੋਕਲਾਮ ਇਲਾਕਾ ਪਾਰ ਕਰਕੇ ਚੀਨ ਵਿੱਚ ਬਣ ਰਹੀ ਸੜਕ ਦੇ ਕੰਮ ਵਿੱਚ ਵਿਘਨ ਪਾਉਣ ਲਈ ਚੀਨੀ ਖੇਤਰ ਵਿੱਚ ਸੌ ਮੀਟਰ ਤੱਕ ਅੰਦਰ ਆ ਗਏ। ਭਾਰਤੀ ਮੀਡੀਆ ਦੇ ਦੱਸਣ ਮੁਤਾਬਕ ਚੀਨ ਦਾ ਦਾਅਵਾ ਹੈ ਕਿ ਇਨ੍ਹਾਂ ਫੌਜੀਆਂ ਨੇ ਤਿੰਨ ਤੰਬੂ ਵੀ ਗੱਡ ਲਏ। ਚੀਨ ਨੇ ਕਿਹਾ ਹੈ ਕਿ ਭੂਟਾਨ ਦੇ ਅੰਦਰੂਨੀ ਮਾਮਲਿਆਂ ਵਿੱਚ ਭਾਰਤ ਦਖਲ ਨਾ ਦੇਵੇ। ਭਾਰਤ ਨੇ ਕਿਹਾ ਹੈ ਕਿ ਚੀਨ ਦਾ ਇਹ ਦਾਅਵਾ ਹਕੀਕਤ ਤੋਂ ਕੋਹਾਂ ਦੂਰ ਹੈ ਅਤੇ ਆਪਾ-ਵਿਰੋਧੀ ਹੈ।