ਅੰਮ੍ਰਿਤਸਰ: ਨਵੀਂ ਪੀੜ੍ਹੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਤੋਂ ਜਾਣੂੰ ਕਰਵਾਣ ਲਈ ਸ਼੍ਰੋਮਣੀ ਆਕਲੀ ਦਲ ਬਾਦਲ ਵੱਲੋਂ ਤਿਆਰ ਕਰਵਾਈ ਗਈ ਦਸਤਾਵੇਜੀ ਫਿਲਮ ਵਿੱਚ 1982 ਵਿੱਚ ਲਾਏ ਗਏ ਧਰਮ ਯੁੱਧ ਮੋਰਚੇ ਦਾ ਜਿਕਰ ਤੱਕ ਨਹੀਂ ਹੈ। ਦਲ ਵਲੋਂ ਤਿਆਰ ਕਰਵਾਈ ਗਈ ਦਸਤਾਵੇਜੀ ਫਿਲਮ ‘ਜੋ ਲਰੈ ਦੀਨ ਕੇ ਹੇਤ’ ਬਾਦਲਾਂ ਦੇ ਕਹੇ ਜਾਂਦੇ ‘ਨਿੱਜੀ ਚੈਨਲ’ ਦੁਆਰਾ ਵੱਲੋਂ ਵਿਖਾਈ ਗਈ ਹੈ।
ਦਸਤਾਵੇਜ਼ ਵਿੱਚ ਸਿੱਖ ਗੁਰੂ ਸਾਹਿਬਾਨ ਦੇ ਇਤਿਹਾਸ ਦਾ ਜ਼ਿਕਰ ਕਰਨ ਵੇਲੇ ਗੁਰੂ ਸਾਹਿਬ ਦੇ ਕਹੇ ਜਾਂਦੇ ਪ੍ਰਚੱਲਤ ਚਿੱਤਰਾਂ ਦੀ ਵਰਤੋਂ ਕੀਤੀ ਗਈ ਹੈ। ਨੌਵੇਂ ਪਾਤਿਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਜ਼ਿਕਰ ਕਰਨ ਵੇਲੇ ‘ਸ਼ਹਾਦਤ’ ਲਫਜ਼ ਦੀ ਥਾਂ ‘ਬਲੀ ਦਾਨ’ ਸ਼ਬਦ ਵਰਤਿਆ ਗਿਆ ਹੈ ਹਾਲਾਕਿ 1991 ਦੀ ਚੋਣਾਂ ਵਿਚ ਸਮੂਲੀਅਤ ਕਰਨ ਦੇ ਐਲਾਨ ਵੇਲੇ ਮਾਰੇ ਗਏ ਪਾਰਟੀ ਵਰਕਰਾਂ ਦੇ ਮਾਰੇ ਜਾਣ ਨੂੰ ‘ਸ਼ਹਾਦਤ’ ਦਾ ਨਾਂ ਦਿੱਤਾ ਗਿਆ ਹੈ।
ਪੀ. ਟੀ. ਸੀ. ਵੱਲੋਂ ਵਿਖਾਈ ਗਈ ਇਹ ਦਸਤਾਵੇਜੀ ਫਿਲਮ 47 ਮਿੰਟ 14 ਸੈਕੰਡ ਦੀ ਹੈ ਜਿਸ ਵਿੱਚ 33 ਮਿੰਟ 12 ਸੈਕੰਡ ਦਾ ਸਮਾਂ 14 ਦਸੰਬਰ 1920 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਹੋਈ ਸਥਾਪਨਾ ਤੋਂ ਸਾਕਾ ਨਨਕਾਣਾ ਸਾਹਿਬ, ਪੰਜਾ ਸਾਹਿਬ, ਮੋਰਚਾ ਗੁਰੂ ਕਾ ਬਾਗ, ਚਾਬੀਆਂ ਦਾ ਮੋਰਚਾ ਤੋਂ ਲੈ ਕੇ ਪੰਜਾਬੀ ਸੂਬੇ ਦੀ ਪ੍ਰਾਪਤੀ ਦਾ ਜਿਕਰ ਕਰਦਾ ਹੈ।
ਦਸਤਾਵੇਜੀ ਫਿਲਮ ਵਿੱਚ ਤੱਥਾਂ ਦੀ ਬਿਆਨੀ ਅਤੇ ਤਸਦੀਕ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ, ਸੀਨੀ. ਮੀਤ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ, ਦਿੱਲੀ ਕਮੇਟੀ ਪਰਧਾਨ ਮਨਜੀਤ ਸਿੰਘ ਜੀ.ਕੇ., ਡਾ. ਦਲਜੀਤ ਸਿੰਘ ਚੀਮਾ ਤੋਂ ਇਲਾਵਾ ਇਤਿਹਾਸਕਾਰ ਡਾ;ਕਿਰਪਾਲ ਸਿੰਘ,ਸਾਬਕਾ ਮੈਂਬਰ ਰਾਜ ਸਭਾ ਤਰਲੋਚਨ ਸਿੰਘ, ਪੱਤਰਕਾਰ ਕੁਲਦੀਪ ਨਈਅਰ, ਚਰਨਜੀਤ ਸਿੰਘ ਅਟਵਾਲ, ਪੱਤਰਕਾਰ ਜਗਤਾਰ ਸਿੰਘ, ਸਾਬਕਾ ਮੀਡੀਆ ਸਲਾਹਕਾਰ ਹਰਚਰਨ ਬੈਂਸ, ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਉਪਕੁਲਪਤੀ ਡਾ. ਜਸਪਾਲ ਸਿੰਘ ਰਾਹੀਂ ਕਰਵਾਈ ਗਈ ਹੈ। ਦਿਲਚਸਪ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਵੱਖ ਹੋ ਚੁੱਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਦੀ ਜ਼ੁਬਾਨੀ ਵੀ ਕੁਝ ਵੇਰਵੇ ਇਸ ਦਸਤਾਵੇਜ਼ੀ ਵਿੱਚ ਸ਼ਾਮਲ ਕੀਤੇ ਗਏ ਹਨ।
ਇਸ ਖਬਰ ਨੂੰ ਅੰਗਰੇਜ਼ੀ ਵਿੱਚ ਪੜ੍ਹੋ : SAD (Badal) Releases Documentary, Skips ‘Dharam Yudh Morcha’ Period ..
ਦਸਤਾਵੇਜੀ ਫਿਲਮ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਵੀ ਕਿਸੇ ‘ਹਿੰਸਕ ਅਦੋਲਨ’ ਦਾ ਸਮਰਥਣ ਨਹੀ ਕੀਤਾ। ਇਸ ਵਿੱਚ ਇੰਦਰਾ ਗਾਂਧੀ ਵਲੋਂ ਭਾਰਤ ਵਿੱਚ ਅੰਦਰੂਨੀ ਐਮਰਜੈਂਸੀ ਲਾਉਣਾ ਦੇਸ਼ ਨੂੰ ਦੂਸਰੀ ਗੁਲਾਮੀ ਦੇ ਰਾਹ ਤੋਰਨ ਵਾਲਾ ਕਦਮ ਸੀ। ਦਰਬਾਰ ਸਾਹਿਬ ਤੇ ਹਮਲਾ ਤੇ ਨਵੰਬਰ 84 ਦਾ ਕਤਲੇਆਮ, ਝੂਠੇ ਪੁਲਿਸ ਮੁਕਾਬਲੇ ਵੀ ਇੰਦਰਾ ਦੀ ਸਾਜਿਸ਼ ਦਾ ਹਿੱਸਾ ਸਨ।
ਦਰਬਾਰ ਸਾਹਿਬ ‘ਤੇ ਹੋਏ ਫੌਜੀ ਹਮਲੇ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਹੈ ਕਿ ‘ਮਈ (1984) ਦੇ ਅਖੀਰ ਸਿਰਫ ਗੱਲਬਾਤ ਰਾਹੀਂ ਸਾਰਾ ਮਾਮਲਾ ਸੁਲਝ ਚੁੱਕਾ ਸੀ ਪਰ ਸ਼੍ਰੀਮਤੀ ਗਾਂਧੀ ਦਾ ਨਿਸ਼ਾਨਾ ਆਉਂਦੀਆਂ ਚੋਣਾਂ ਵਿੱਚ ਜਿੱਤ ਹਾਸਲ ਕਰਨਾ ਸੀ। ਇਸ ਲਈ ਉਸ ਨੇ ਸਿੱਖਾਂ ਦੀ ਕੀਮਤ ਉੱਤੇ ਦੇਸ਼ ਦੀ ਹਮਦਰਦੀ ਹਾਸਲ ਕਰਨ ਦੀ ਸੋਚੀ। 3 ਜੂਨ 1984 ਨੂੰ ਸ਼੍ਰੀ ਹਰਿਮੰਦਰ ਸਾਹਿਬ ਉੱਤੇ ਕੀਤਾ ਗਿਆ ਹਮਲਾ ਇਸ ਸੋਚ ਦਾ ਨਤੀਜਾ ਸੀ।’
ਇਸ ਦਸਤਾਵੇਜ਼ੀ ਵਿੱਚ ਰਾਜੀਵ ਗਾਂਧੀ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਹਰਚੰਦ ਸਿੰਘ ਲੋਂਗੋਵਾਲ ਵੱਲੋਂ ਕੀਤੇ ਗਏ ਸਮਝੌਤੇ ਨੂੰ ਦਲ ਦੀ ਦੇਸ਼ ਪ੍ਰਤੀ ਇਮਾਨਦਾਰ ਸੋਚ ਦਾ ਪ੍ਰਗਟਾਅ ਅਤੇ ਅਮਨ ਦੀ ਬਹਾਲੀ ਲਈ ਚੱੁਕਿਆ ਗਿਆ ਕਦਮ ਦੱਸਿਆ ਗਿਆ ਹੈ।
ਦਸਤਾਵੇਜੀ ਫਿਲਮ ਵਿੱਚ ਇਹ ਤਾਂ ਜਰੂਰ ਦੱਸਿਆ ਗਿਆ ਹੈ ਕਿ ਅਕਾਲੀ ਦਾ ਮਤਲਬ ‘ਇੱਕ ਅਕਾਲ ਪੁਰਖ ਦੀ ਹੋਂਦ ਨੂੰ ਮੰਨਣ ਵਾਲਾ’ ਹੈ ਤੇ ਅਕਾਲੀ ਦਲ ਨੇ ਹਮੇਸ਼ਾਂ ਹੀ ਹੱਕਾਂ ਤੇ ਹਕੂਕਾਂ ਦੀ ਜੰਗ ਲੜੀ ਹੈ। ਦਲ ਸਵੀਕਾਰਦਾ ਹੈ ਕਿ 1973 ਵਿੱਚ ਅਪਣਾਇਆ ਅਨੰਦਪੁਰ ਸਾਹਿਬ ਦਾ ਮਤਾ, ਭਾਰਤੀ ਸੰਵਿਧਾਨ ਦੇ ਦਾਇਰੇ ਵਿੱਚ ਰਹਿਕੇ ਸੂਬਿਆਂ ਲਈ ਵੱਧ ਅਧਿਕਾਰਾਂ ਦੀ ਗਲ ਕਰਦਾ ਹੈ ਤੇ ਦਲ ਨੇ ਐਮਰਜੈਂਸੀ ਦਾ ਵਿਰੋਧ ਇਸ ਲਈ ਕੀਤਾ ਸੀ ਕਿ ਦੇਸ਼ ਨੂੰ ੱਿੲਕ ਹੋਰ ਗੁਲਾਮੀ ਵਲ ਤੋਰਿਆ ਜਾ ਰਿਹਾ ਸੀ। ਦਲ ਨੇ ਜਦੋਂ ਇਸ ਐਮਰਜੈਂਸੀ ਦਾ ਵਿਰੋਧ ਕੀਤਾ ਤਾਂ ਨਾਰਾਜ ਇੰਦਰਾ ਨੇ 1977 ਵਿੱਚ ਬਣੀ ਪਰਕਾਸ਼ ਸਿੰਘ ਬਾਦਲ ਦੀ ਸਰਕਾਰ ਨੂੰ 17 ਫਰਵਰੀ 1980 ਵਿੱਚ ਭੰਗ ਕਰਕੇ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ। ਇਕ ਸੋਚੀ ਸਮਝੀ ਸਾਜਿਸ਼ ਤਹਿਤ ‘ਪੰਜਾਬ ਅੰਦਰ ਦਹਿਸ਼ਤਵਾਦ ਨੂੰ ਹਵਾ ਦੇਣ ਦਾ ਦੌਰ’ ਸ਼ੁਰੂ ਹੋਇਆ ਜੋ ਜੂਨ 84 ਤੋਂ ਨਵੰਬਰ 84 ਦੇ ਦਿੱਲੀ ਕਤਲੇਆਮ, ਇੰਦਰਾ ਦੀ ਸਾਜਿਸ਼ੀ ਸੋਚ ਦਾ ਨਤੀਜਾ ਸੀ।
ਦਸਤਾਵੇਜੀ ਫਿਲਮ ਵਿਚ ਕਿਹਾ ਗਿਆ ਹੈ ਕਿ 1991 ਵਿੱਚ ਵੋਟਾਂ ਤੋਂ ਇਕ ਦਿਨ ਪਹਿਲਾਂ ਕੇਂਦਰ ਵੱਲੋਂ ਚੋਣਾਂ ਰੱਦ ਕਰ ਦੇਣ ਦੇ ਐਲਾਨ ਕਰਕੇ ਦਲ ਨੇ 1992 ਵਿੱਚ ਕਰਵਾਈਆਂ ਗਈਆਂ ਵਿਧਾਨ ਸਭਾ ਚੋਣਾਂ ਵਿੱਚ ਹਿੱਸਾ ਨਹੀਂ ਲਿਆ ਜਿਸ ਨਾਲ 9 ਫੀਸਦੀ ਵੋਟਾਂ ਲੈਕੇ ਬਣੀ ‘ਬੇਅੰਤ ਸਿੰਘ ਦੀ ਸਰਕਾਰ ਹਿੰਸਾ ਦੀ ਆੜ ਵਿੱਚ ਵਧੀਕੀਆਂ ਨੂੰ ਹੋਰ ਹਵਾ ਦਿੰਦੀ ਰਹੀ’। ਫਿਲਮ ਅਨੁਸਾਰ ਦਲ ਕਈ ਵਾਰ ਫੁੱਟ ਦਾ ਸ਼ਿਕਾਰ ਵੀ ਹੋਇਆ ਪਰੰਤੂ ਪਰਕਾਸ਼ ਸਿੰਘ ਬਾਦਲ ਦਾ ਬਦਲ ਕਿਸੇ ਵੀ ਧੜੇ ਪਾਸ ਨਹੀ ਹੈ।
ਦਸਤਾਵੇਜ਼ੀ ਵਿੱਚ ਇਹ ਵੀ ਜ਼ਿਕਰ ਹੈ ਕਿ ਦਲ ਵਲੋਂ ਜਨ ਸੰਘ (ਭਾਰਤੀ ਜਨਤਾ ਪਾਰਟੀ ਦਾ ਪੂਰਬਲਾ ਨਾਂ) ਨਾਲ ਗਠਜੋੜ ਕਰਕੇ ਧਰਮਨਿਪੱਖਤਾ ਦਾ ਸਬੂਤ ਦਿੱਤਾ ਸੀ ਤੇ 1994 ਵਿੱਚ ਗੈਰ-ਸਿੱਖਾਂ ਦੀ ਖੋਲੀ ਭਰਤੀ ਦਾ ਫੈਸਲਾ ‘ਇਤਿਹਾਸਕ’ ਸੀ ਜਿਸ ਨੇ ਦਲ ਨੂੰ ‘ਸਾਰੇ ਧਰਮਾਂ ਅੰਦਰ ਹਮੇਸ਼ਾਂ ਲਈ ਮਜਬੂਤ’ ਕਰ ਦਿੱਤਾ ਤੇ ਇਸੇ ਕਾਰਣ ਹੀ ਦਲ ਨੇ 1997-2002 ਅਤੇ 2007 ਤੋਂ 2017 ਤੀਕ 15 ਸਾਲ ਪੰਜਾਬ ਵਿੱਚ ਰਾਜ ਕੀਤਾ ਹੈ ਅਤੇ ਪੱਤਰਕਾਰ ਕੁਲਦੀਪ ਨੱਈਅਰ ਦੀ ਜ਼ੁਬਾਨੀ ਇਹ ਜ਼ਿਕਰ ਕੀਤਾ ਗਿਆ ਹੈ ਕਿ ਦਾਅਵਾ ਕੀਤਾ ਗਿਆ ਹੈ ਕਿ ਸਾਬਕਾ ਮੁਖ ਮੰਤਰੀ ਪਰਕਾਸ਼ ਸਿੰਘ ਬਾਦਲ ਹਿੰਦੂਆਂ ਵਿੱਚ ਸਭ ਤੋਂ ਜਿਆਦਾ ਪ੍ਰਵਾਨਿਤ ਆਗੂ ਹੈ।
ਦਸਤਾਵੇਜ਼ੀ ਦੇ ਅਖੀਰ ’ਚ ਅੱਧੇ ਕੁ ਮਿਨਟ ਵਿੱਚ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਹੋਰ ਇਲਾਕਿਆਂ, ਪੰਜਾਬ ਸਿਰ ਚੜ੍ਹੇ ਕੇਂਦਰ ਦੇ ਕਰਜ਼ੇ, ਸੂਬਿਆਂ ਨੂੰ ਵੱਧ ਅਧਿਕਾਰਾਂ ਤੇ ਪੰਜਾਬ ਦੇ ਦਰਿਆਈ ਪਾਣੀਆਂ ਦੇ ਮਾਮਲੇ ਦਾ ਜ਼ਿਕਰ ਵੀ ਕੀਤਾ ਗਿਆ ਹੈ।
ਇਸ ਫਿਲਮ ਦੀ ਅਹਿਮ ਪ੍ਰਾਪਤੀ ਕਹੀ ਜਾਏ ਜਾਂ ਇਤਿਹਾਸ ਦੇ ਤਲਖ ਸੱਚ ਨੂੰ ਝੁਠਲਾਣ ਦੀ ਸਾਜਿਸ਼ ਕਿ ਫਿਲਮ ਵਿੱਚ ਕਿਧਰੇ ਵੀ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਉਪਰ ਕੀਤੇ ਫੌਜੀ ਹਮਲੇ ਵੇਲੇ ਸ਼ਹਾਦਤਾਂ ਪਾਉਣ ਵਾਲੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ, ਜਨਰਲ ਸ਼ਬੇਗ ਸਿੰਘ, ਭਾਈ ਅਮਰੀਕ ਸਿੰਘ ਸਮੇਤ ਹਜਾਰਾਂ ਸਿੱਖਾਂ ਦੀਆਂ ਸ਼ਹਾਦਤਾਂ ਦਾ ਜਿਕਰ ਤੱਕ ਵੀ ਨਹੀਂ ਹੈ। ਤੇ ਇਹ ਵੀ ਕਿਧਰੇ ਨਹੀਂ ਦੱਸਿਆ ਗਿਆ ਕਿ ਦਲ ਨੇ 4 ਅਗਸਤ 1982 ਨੂੰ ਪੰਜਾਬ ਤੇ ਸਿੱਖਾਂ ਦੇ ਹੱਕਾਂ ਦੀ ਪ੍ਰਾਪਤੀ ਲਈ ਧਰਮ ਯੁਧ ਦੇ ਨਾਮ ਹੇਠ ਇਕ ਮੋਰਚਾ ਵੀ ਸ਼ੁਰੂ ਕੀਤਾ ਸੀ ਜਿਸ ਤੋਂ ਬਾਅਦ ਜੂਨ 84 ਦਾ ਘੱਲੂਘਾਰਾ ਵਾਪਰਿਆ ਤੇ ‘ਵੱੁਡ ਰੋਜ’, ‘ਰਕਸ਼ਕ’ ਅਤੇ ‘ਨਾਈਟ ਵਿਜਲ’ ਜਿਹੇ ਖੂਨੀ ਕਾਂਡਾਂ ਦੌਰਾਨ ਭਾਰਤ ਸਰਕਾਰ ਵੱਲੋਂ ਸਿੱਖ ਨੋਜੁਆਨਾਂ ਦੇ ਸਰਕਾਰੀ ਪੱਧਰ ਤੇ ਕਤਲੇਆਮ ਕੀਤਾ ਗਿਆ।
(ਅੰਮ੍ਰਿਤਸਰ ਤੋਂ ਨਰਿੰਦਰਪਾਲ ਸਿੰਘ ਵੱਲੋਂ ਭੇਜੀ ਜਾਣਕਾਰੀ ਸਹਿਤ)