ਲੜੀਵਾਰ ਕਿਤਾਬਾਂ

ਸ਼ਬਦ ਜੰਗ ਕਿਤਾਬ ਤੇ ਵਿਦਵਾਨਾਂ ਨੇ ਵਿਚਾਰ-ਚਰਚਾ ਕੀਤੀ

By ਸਿੱਖ ਸਿਆਸਤ ਬਿਊਰੋ

May 30, 2024

ਚੰਡੀਗੜ੍ਹ-  ਦੱਖਣੀ ਏਸ਼ੀਆ ਭਾਖਾ ਅਤੇ ਸੱਭਿਆਚਾਰ ਕੇਂਦਰ ਵੱਲੋਂ ਤੀਜੇ ਘੱਲੂਘਾਰੇ ਦੀ ੪੦ਵੀਂ ਵਰ੍ਹੇਗੰਢ ਨੂੰ ਸਮਰਪਿਤ ਗਿਆਨੀ ਗੁਰਮੁਖ ਸਿੰਘ ਹਾਲ, ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਡਾ. ਸੇਵਕ ਸਿੰਘ ਦੁਆਰਾ ਲਿਖੀ ਗਈ ਕਿਤਾਬ ਸ਼ਬਦ ਜੰਗ ਉੱਪਰ ਵਿਚਾਰ ਚਰਚਾ ਕਰਵਾਈ ਗਈ। ਇਸ ਵਿਚਾਰ ਚਰਚਾ ਦਾ ਵਿਸ਼ਾ ਸ਼ਬਦ ਜੰਗ: ਬਹੁਪੱਖੀ ਨਜ਼ਰ ਸੀ। ਕਿਤਾਬ ਸ਼ਬਦ ਜੰਗ ਜੂਨ 1984 ਅਤੇ ਖਾੜਕੂ ਲਹਿਰ ਦੇ ਵਸੀਹ ਅਸਰਾਂ ਦੀ ਸਿਧਾਂਤਕਤਾ ਦੀ ਚਰਚਾ ਛੇੜਦੀ ਹੈ।

ਇਸ ਵਿਚਾਰ ਚਰਚਾ ਦੀ ਸ਼ੁਰੂਆਤ ਡਾ. ਸਿਕੰਦਰ ਸਿੰਘ ਹੋਰਾਂ ਨੇ ਕਰਦਿਆਂ ਪਹੁੰਚੇ ਹੋਏ ਸਾਰੇ ਵਿਦਵਾਨ ਸੱਜਣਾਂ ਨੂੰ ਜੀ ਆਇਆ ਕਿਹਾ ਅਤੇ ਕਿਤਾਬ ਦੇ ਲਿਖਣ ਤੋਂ ਲੈ ਕੇ ਛਪਾਈ ਤੱਕ ਦੇ ਸਫਰ ਬਾਰੇ ਗੱਲ ਕਰਦਿਆਂ ਕਿਤਾਬ ਦੇ ਸਿਧਾਂਤਕ ਪੱਖ ਬਾਰੇ ਮੁਢਲੀ ਜਾਣਕਾਰੀ ਹਾਜਰ ਸਰੋਤਿਆਂ ਨਾਲ ਸਾਂਝੀ ਕੀਤੀ।

ਵਿਚਾਰ-ਚਰਚਾ ਦੇ ਪਹਿਲੇ ਬੁਲਾਰੇ ਡਾ. ਹਰਦੇਵ ਸਿੰਘ, ਮੁਖੀ ਸ੍ਰੀ ਗੁਰੂ ਧਰਮ ਅਧਿਐਨ ਵਿਭਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ,ਫਤਿਹਗੜ੍ਹ ਸਾਹਿਬ ਨੇ ਕਿਤਾਬ ਦੇ ਨਾਂ (ਸ਼ਬਦ ਜੰਗ) ਦੇ ਦਾਰਸ਼ਨਿਕ ਪੱਖ ਤੇ ਗੱਲਬਾਤ ਕਰਦਿਆਂ ਕਿਹਾ ਕਿ ਜੋ ਵੀ ਕੌਮਾਂ ਸੰਘਰਸ਼ ਕਰ ਰਹੀਆਂ ਨੇ ਉਹਨਾਂ ਲਈ ਇਹ ਕਿਤਾਬ ਲਾਹੇਵੰਦ ਹੈ। ਉਨਾਂ ਨੇ ਜਪਾਨ ਦੇ ਟਾਪੂਆਂ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਸ੍ਰਿਸ਼ਟੀ ਦੀ ਰਚਨਾ ਜਾਂ ਸ਼ਬਦ ਜਾਂ ਸ਼ਾਸਤਰ ਚੋਂ ਹੀ ਹੋਈ ਹੈ। ਉਹਨਾਂ ਸ਼ਬਦ ਦੀ ਮਹੱਤਤਾ ਬਾਰੇ ਕਿਹਾ ਕਿ 5 ਹਜਾਰ ਸਾਲ ਪਹਿਲਾਂ ਸ਼ਬਦ ਨਾਲ ਕਿਸੇ ਨੂੰ ਸ਼ੂਦਰ ਕਿਹਾ ਤੇ ਉਹ ਅੱਜ ਤੱਕ ਉਸ ਚੋਂ ਬਾਹਰ ਨਹੀਂ ਆ ਸਕਿਆ। ਉਹਨਾਂ ਬਾਈਬਲ,ਗੁਰਬਾਣੀ ਤੇ ਪ੍ਰੋਫੈਸਰ ਪੂਰਨ ਸਿੰਘ ਦੇ ਹਵਾਲਿਆਂ ਦੇ ਨਾਲ ਕਿਹਾ ਕਿ ਸ਼ਬਦ ਨਵਾਂ ਸੰਸਾਰ ਸਿਰਜ ਦਿੰਦੇ ਹਨ। ਤਨਵੀਰ, ਨਹਿਰੂ ਮਮੋਰੀਅਲ ਕਾਲਜ, ਮਾਨਸਾ ਨੇ ਕਿਹਾ ਕਿ ਸ਼ਬਦ ਸਾਡੇ ਅੰਦਰ ਤੇ ਅਸਰ ਪਾਉਂਦਾ ਹੈ।

ਮਿਸਲ ਸਤਲੁਜ ਤੋਂ ਅਜੇਪਾਲ ਸਿੰਘ ਬਰਾੜ ਨੇ ਕਿਹਾ ਕਿ ਸਾਨੂੰ ਸ਼ਬਦਾਂ ਦੀ ਵਰਤੋਂ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਦਿਨੋ ਦਿਨ ਸ਼ਬਦਾਂ ਦੀ ਲੋੜ ਵੱਧਦੀ ਜਾ ਰਹੀ ਹੈ ਤੇ ਹਥਿਆਰ ਦੀ ਘਟਦੀ ਜਾ ਰਹੀ ਹੈ। ਡਾ. ਚਮਕੋਰ ਸਿੰਘ, ਨੇ ਕਿਹਾ ਕਿ ਕਿਤਾਬ ਦਾ ਵਿਸ਼ਾ ਬਹੁਤ ਗੰਭੀਰ ਹੈ ਇਨਾ ਵਿਸ਼ਿਆਂ ਬਾਰੇ ਅਜੇ ਤੱਕ ਅਸੀਂ ਗੱਲ ਹੀ ਨਹੀਂ ਕੀਤੀ। ਸਿੱਖ ਸ਼ਬਦ ਦੇ ਆਸ਼ਕ ਨੇ ਸਾਨੂੰ ਸ਼ਬਦ ਨੇ ਹੀ ਘੜਿਆ ਹੈ ਸ਼ਬਦ ਸਿੱਖ ਦਾ ਗੁਰੂ ਹੈ।

ਅਮਨਦੀਪ ਸਿੰਘ ਮਲੇਰਕੋਟਲੇ ਨੇ ਕਿਹਾ ਕਿ ਕਿਤਾਬ ਦੇ ਲੇਖਕ ਸੇਵਕ ਸਿੰਘ ਨੇ ਸਿਆਣੇ ਮਾਲੀ ਵਾਂਗ ਆਪਣੇ ਸੰਪਰਕ ਚ ਆਏ ਹਰ ਬੂਟੇ ਦਾ ਖਿਆਲ ਰੱਖਿਆ। ਉਹਨਾਂ ਕਿਹਾ ਕਿ ਜਿਹੜੀਆਂ ਵੀ ਲਹਿਰਾਂ ਚੱਲੀਆਂ ਸ਼ਬਦ ਜੰਗ ਨਾਲ ਚੱਲੀ। ਸਰਕਾਰਾਂ ਸ਼ਬਦਾਂ ਨਾਲ ਸਾਨੂੰ ਹੀਣੇ ਕਰ ਰਹੀਆਂ ਹਨ ਪਰ ਇਹ ਕਿਤਾਬ ਸਾਨੂੰ ਲੜਨ ਲਈ ਸ਼ਬਦਾਂ ਦਾ ਭੰਡਾਰ ਦਿੰਦੀ ਹੈ ਅਤੇ ਸਾਨੂੰ ਨਵੀਆਂ ਤਕਨੀਕਾਂ ਲਈ ਨਵੀਂ ਸ਼ਬਦਾਵਾਲੀ ਘੜਨੀ ਚਾਹੀਦੀ ਹੈ। ਡਾ. ਦਵਿੰਦਰ ਸਿੰਘ ਨੇ ਕਿਤਾਬ ਬਾਰੇ ਗੱਲ ਕਰਦਿਆਂ ਕਿਹਾ ਕਿ ਸ਼ਬਦ ਜੰਗ ਆਪਣੇ ਕਿਸਮ ਦੀ ਪਹਿਲੀ ਹੀ ਕਿਤਾਬ ਹੈ ਅਤੇ ਬੰਦੇ ਦੀ ਹੋਣੀ ਅਤੇ ਘਾੜਤ ਵੀ ਸ਼ਬਦਾਂ ਨਾਲ ਹੀ ਘੜੀ ਜਾਂਦੀ ਹੈ।

ਡਾ. ਬਲਵਿੰਦਰ ਸਿੰਘ, ਡਾਇਰੈਕਟਰ ਮਾਈ ਭਾਗੋ ਕਾਲਜ,ਰੱਲਾ ਮਾਨਸਾ ਨੇ ਕਿਹਾ ਕਿ ਕਿਤਾਬ ਵਿੱਚ ਸਵੈ ਚੇਤਨਾ ਤੇ ਮਾਨਤਾਵਾਂ ਦੀ ਗੱਲ ਹੈ। ਕਿਤਾਬ ਵਿੱਚ ਬੰਦੇ ਨੇ ਕੀ ਖਾਣਾ ਹੈ ਕਿਵੇਂ ਖਾਣਾ ਹੈ ਕਿਵੇਂ ਜੀਣਾ ਹੈ ਕਾਹਦੇ ਲਈ ਜੀਣਾ ਹੈ ਇਸ ਬਾਰੇ ਜ਼ਿਕਰ ਹੈ। ਕਿਤਾਬ ਠੇਠ ਪੰਜਾਬੀ ਵਿੱਚ ਹੈ ਸਹਿਜ ਹੋ ਕੇ ਪੜਦਿਆ ਹੀ ਸੌਖੀ ਲੱਗਦੀ ਹੈ।

ਅਖੀਰ ਵਿੱਚ ਕਿਤਾਬ ਦੇ ਲੇਖਕ ਡਾ. ਸੇਵਕ ਸਿੰਘ ਨੇ ਗੱਲ ਕਰਦਿਆਂ ਕਿਹਾ ਕਿ ਗਿਆਨ ਸਤਾ ਵੱਡੀ ਤੇ ਸਦੀਵੀ ਹੈ ਪਰ ਰਾਜ ਸਤਾ ਛੋਟੀ ਹੈ। ਸਾਨੂੰ ਪੰਜਾਬੀ ਨਹੀਂ ਆਉਂਦੀ ਤਾਂ ਸਾਨੂੰ ਪਤਾ ਨਹੀਂ ਲੱਗਦਾ ਕਿ ਸਾਨੂੰ ਪੰਜਾਬੀ ਨਹੀਂ ਆਉਂਦੀ। ਉਹਨਾਂ ਕਿਹਾ ਕਿ ਜੋ ਕਿਤਾਬ ਪੜ੍ਹਨ ਦੇ ਸਮਰੱਥ ਨੇ ਉਹ ਕਿਤਾਬ ਲਿਖਣ ਦੇ ਵੀ ਸਮਰੱਥ ਨੇ। ਉਹਨਾਂ ਲਿਖਣ ਬਾਰੇ ਗੱਲ ਕਰਦਿਆਂ ਕਿਹਾ ਕਿ ਘੱਟ ਲਿਖਿਆ ਜਾਵੇ ਪਰ ਗਲਤ ਨਾ ਲਿਖਿਆ ਜਾਵੇ

ਇਸ ਵਿਚਾਰ ਚਰਚਾ ਵਿੱਚ ਗੁਰਪ੍ਰਤਾਪ ਸਿੰਘ, ਮੱਖਣ ਸਿੰਘ, ਇੰਦਰਪ੍ਰੀਤ ਸਿੰਘ, ਰਵਿੰਦਰਪਾਲ ਸਿੰਘ, ਰਵਨੀਤ ਕੌਰ, ਗੁਰਮੀਤ ਸਿੰਘ ਰਾਚੀਂ, ਕੁਲਦੀਪ ਸਿੰਘ ਖਿਆਲਾ, ਜਗਦੀਸ਼ ਸਿੰਘ , ਮਨਦੀਪ ਸਿੰਘ, ਤਜਿੰਦਰ ਸਿੰਘ, ਰਣਜੀਤ ਸਿੰਘ ਆਦਿ ਸਰੋਤੇ ਹਾਜਰ ਹੋਏ।

ਹੋਰ ਸਬੰਧਤ ਖਬਰਾਂ ਪੜ੍ਹੋ-

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: