ਖਾਸ ਖਬਰਾਂ

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੁਤੰਤਰ ਜੁਗਤ ਨੂੰ ਨਵਿਆਉਣ ਸੰਬੰਧੀ ਵਿਚਾਰ ਗੋਸ਼ਟੀ ਹੋਈ

By ਸਿੱਖ ਸਿਆਸਤ ਬਿਊਰੋ

July 22, 2025

ਤਲਵੰਡੀ ਸਾਬੋ: ਲੱਖੀ ਜੰਗਲ ਖਾਲਸਾ ਜਥਾ ਦਮਦਮਾ ਸਾਹਿਬ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਦੀ ਜੁਗਤ ਨੂੰ ਨਵਿਆਉਣ ਲਈ ਵਿਚਾਰ ਹਿੱਤ ੧੯ ਜੁਲਾਈ ੨੦੨੫ ਨੂੰ ਗੋਸ਼ਟਿ ਸਭਾ ਕਰਵਾਈ ਗਈ, ਜਿਸ ਵਿਚ ਵੱਖ-ਵੱਖ ਪੰਥਕ ਅਤੇ ਸਿੱਖ ਜਥਿਆਂ ਦੇ ਨੁਮਾਇੰਦਿਆਂ ਅਤੇ ਸਿੱਖ ਸਖਸ਼ੀਅਤਾਂ ਨੇ ਸ਼ਮੂਲੀਅਤ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ।

ਬੁੰਗਾ ਰਵਿਦਾਸੀਆਂ ਸਿੰਘਾਂ ਦਮਦਮਾ ਸਾਹਿਬ ਵਿਖੇ ਹੋਈ ਇਸ ਗੋਸ਼ਟਿ ਸਭਾ ਵਿਚ ਸਾਂਝੇ ਰੂਪ ਵਿਚ ਇਹ ਗੱਲ ਉੱਭਰ ਕੇ ਆਈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਪ੍ਰਬੰਧ ਵਿਚ ਤਖਤ ਸਾਹਿਬ ਦੀ ਸੇਵਾ ਸੰਭਾਲ ਇਕ ਅਜ਼ਾਦ ਜਥੇ ਕੋਲ ਨਾ ਹੋ ਕੇ ਵੋਟਤੰਤਰ ਵਾਲੀ ਇਕ ਪਾਰਟੀ ਤੇ ਉਸ ਵਿਚ ਵੀ ਅਗਾਂਹ ਇਕ ਵਿਅਕਤੀ ਵਿਸ਼ੇਸ਼ ਕੋਲ ਹੈ ਜੋ ਖੁਦ ਦੂਸਰੀਆਂ ਦੁਨਿਆਵੀ ਸੰਸਥਾਵਾਂ ਦੇ ਕੁੰਡੇ ਹੇਠ ਹੈ।

ਗੋਸ਼ਟਿ ਸਭਾ ਵਿਚ ਵਿਚਾਰ ਰੱਖਦਿਆਂ ਪੰਥਕ ਸਖਸ਼ੀਅਤਾਂ ਨੇ ਕਿਹਾ ਕਿ ਇਹ ਮੌਜੂਦਾ ਬਣਤਰ ਹੀ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਾਖ਼ ਦੀ ਗਿਰਾਵਟ ਦਾ ਮੁੱਖ ਕਾਰਨ ਹੈ ਕਿਉਂਕਿ ਸਿਆਸੀ ਪਾਰਟੀਆਂ ਅਕਸਰ ਹੀ ਆਪਣੇ ਸੱਤਾ ਸੁਖ ਨੂੰ ਮਾਨਣ ਦੇ ਲਾਲਚ ਵਿਚ ਸਰਬੱਤ ਖਾਲਸਾ, ਪੰਥ ਦੀ ਸ਼ਮੂਲੀਅਤ ਤੋਂ ਬਿਨ੍ਹਾਂ ਅਤੇ ਬਗੈਰ ਕਿਸੇ ਵਿਧੀ ਵਿਧਾਨ ਦੇ ਆਪਣੀ ਮਨਮਰਜ਼ੀ ਦੇ ਫੈਸਲੇ ਲੈਂਦੀਆਂ ਹਨ।

ਗੋਸ਼ਟਿ ਸਭਾ ਵਿਚ ਸ਼ਾਮਿਲ ਸਖਸ਼ੀਅਤਾਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿਰਮੌਰ ਅਤੇ ਸੁਤੰਤਰ ਸੰਸਥਾ ਹੈ, ਇਹ ਗੁਰੂ ਖਾਲਸਾ ਪੰਥ ਦੀ ਪ੍ਰਭੂਸੱਤਾ ਤੇ ਸਰਵ ਵਿਆਪਕਤਾ ਦਾ ਪ੍ਰਤੀਕ ਹੈ ਜੋ ਦੁਨੀਆਂ ਭਰ ਦੇ ਸਿੱਖਾਂ ਦੀ ਨੁਮਾਇੰਦਗੀ ਕਰਦਾ ਹੈ। ਇਸ ਲਈ ਇਹ ਕਿਸੇ ਦੁਨਿਆਵੀ ਤਾਕਤ ਜਾਂ ਕਾਨੂੰਨ ਦੇ ਅਧੀਨ ਨਹੀਂ ਹੋ ਸਕਦਾ।

ਸਭਾ ਦੀ ਆਰੰਭਤਾ ਤੋਂ ਪਹਿਲਾਂ ਗੁਰਮਤਿ ਮਰਿਆਦਾ ਮੁਤਾਬਿਕ ਸੰਗਤਾਂ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਸਰਵਣ ਕੀਤਾ।

ਇਸ ਮੌਕੇ ਭਾਈ ਦਲਜੀਤ ਸਿੰਘ ਬਿੱਟੂ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਮਨਧੀਰ ਸਿੰਘ, ਭਾਈ ਬਲਜਿੰਦਰ ਸਿੰਘ ਸਰਦੂਲਗੜ੍ਹ, ਭਾਈ ਜਸਵਿੰਦਰ ਸਿੰਘ ਕੁੰਡਲ, ਬਾਬਾ ਜਗਦੇਵ ਸਿੰਘ ਮਾਨਸਾ, ਸਿੱਖ ਪ੍ਰਚਾਰਕ ਸ. ਜਗਤਾਰ ਸਿੰਘ, ਭਾਈ ਮਲਕੀਤ ਸਿੰਘ ਭਵਾਨੀਗੜ੍ਹ, ਭਾਈ ਸਵਰਨ ਸਿੰਘ ਕੋਟਧਰਮੂ, ਸ. ਗੁਰਵਿੰਦਰ ਸਿੰਘ ਬਠਿੰਡਾ, ਸ. ਰਾਜਵਿੰਦਰ ਸਿੰਘ, ਸ. ਗੁਰਜੀਤ ਸਿੰਘ ਦੁੱਗਾ, ਭਾਈ ਗਮਦੂਰ ਸਿੰਘ ਤੇ ਹੋਰ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: