ਵਿਵਾਦ ਮੌਕੇ ਅਖਾੜਾ ਬ੍ਰਹਮ ਬੂਟਾ ਟਰੱਸਟ ਦੇ ਪ੍ਰਧਾਨ ਰਾਮੇਸ਼ਵਰ ਸ਼ਾਸਤਰੀ ਤੇ ਗੋਬਿੰਦ ਸਦਨ ਦੇ ਜੋਗਿੰਦਰ ਸਿੰਘ ਸ਼ਰਧਾਲੂਆਂ ਨਾਲ

ਸਿੱਖ ਖਬਰਾਂ

ਗੁਰੂ ਰਾਮਦਾਸ ਲੰਗਰ ਹਾਲ ਦੇ ਵਿਸਥਾਰ ਮੌਕੇ ਅਖਾੜਾ ਬ੍ਰਹਮ ਬੂਟਾ ਪ੍ਰਬੰਧਕਾਂ ਨੇ ਵਿਰੋਧ ਜਤਾਇਆ

By ਸਿੱਖ ਸਿਆਸਤ ਬਿਊਰੋ

July 31, 2016

ਅੰਮ੍ਰਿਤਸਰ: ਦਰਬਾਰ ਸਾਹਿਬ ਕੰਪਲੈਕਸ ਸਥਿਤ ਗੁਰੂ ਰਾਮਦਾਸ ਲੰਗਰ ਹਾਲ ਦੇ ਹੋ ਰਹੇ ਵਿਸਥਾਰ ਦੌਰਾਨ ਨਾਲ ਲੱਗਦੀ ਸਰਕਾਰੀ ਜ਼ਮੀਨ ’ਤੇ ਦੀਵਾਰ ਉਸਾਰੇ ਜਾਣ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਖਾੜਾ ਬ੍ਰਹਮ ਬੂਟਾ ਪ੍ਰਬੰਧਕਾਂ ਵਿਚਾਲੇ ਤਕਰਾਰ ਪੈਦਾ ਹੋ ਗਿਆ। ਇਹ ਮਸਲਾ ਹੁਣ ਗੱਲਬਾਤ ਰਾਹੀਂ ਸੁਲਝਾਉਣ ਦੀ ਸਹਿਮਤੀ ਹੋਈ ਹੈ ਅਤੇ ਇਹ ਮਾਮਲਾ ਸੋਮਵਾਰ ’ਤੇ ਪਾ ਦਿੱਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨੀਵਾਰ ਸਵੇਰੇ ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਹਾਲ ਦੀ ਬਣ ਰਹੀ ਨਵੀਂ ਇਮਾਰਤ ਦੇ ਪਿਛਲੇ ਪਾਸੇ ਅਤੇ ਅਖਾੜਾ ਬ੍ਰਹਮ ਬੂਟਾ ਦੇ ਸਾਹਮਣੇ ਖਾਲੀ ਪਈ ਜ਼ਮੀਨ ’ਤੇ ਕੰਧ ਬਣਾਉਣੀ ਸੀ। ਦਰਬਾਰ ਸਾਹਿਬ ਦੇ ਮੈਨੇਜਰ ਰਘਬੀਰ ਸਿੰਘ ਮੰਡ ਦੀ ਅਗਵਾਈ ਵਿੱਚ ਕਾਰ ਸੇਵਾ ਵਾਲੇ ਬਾਬਾ ਹਰਭਜਨ ਸਿੰਘ ਭਲਵਾਨ ਅਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਡਿੱਚ ਮਸ਼ੀਨ ਸਮੇਤ ਮੌਕੇ ’ਤੇ ਪਹੁੰਚੇ ਤਾਂ ਅਖਾੜਾ ਬ੍ਰਹਮ ਬੂਟਾ ਦੇ ਪ੍ਰਬੰਧਕ ਮਹੰਤ ਰਮੇਸ਼ਵਰ ਸ਼ਾਸਤਰੀ, ਗੋਬਿੰਦ ਸਦਨ ਦਿੱਲੀ (ਪੰਜਾਬ ਜ਼ੋਨ) ਦੇ ਜੋਗਿੰਦਰ ਸਿੰਘ ਤੇ ਬਾਬਾ ਭੋਲਾ ਨੇ ਸਮਰਥਕਾਂ ਸਮੇਤ ਇਸ ਉਸਾਰੀ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਅਖਾੜੇ ਸਾਹਮਣੇ ਪੈਂਦੀ ਜ਼ਮੀਨ ਸ਼ਰਧਾਲੂਆਂ ਲਈ ਛੱਡ ਕੇ ਸ਼੍ਰੋਮਣੀ ਕਮੇਟੀ ਆਪਣਾ ਗੇਟ ਲਗਵਾ ਲਵੇ ਅਤੇ ਇਸ ਪਾਸੇ ਲੰਗਰ ਦੀਆਂ ਭੱਠੀਆਂ ਨਾ ਬਣਾਈਆਂ ਜਾਣ ਤੇ ਨਾ ਹੀ ਇੱਥੇ ਜੈਨਰੇਟਰ ਸੈੱਟ ਲਗਾਏ ਜਾਣ।

ਕਰੀਬ ਅੱਧਾ-ਪੌਣਾ ਘੰਟਾ ਚੱਲੇ ਵਿਵਾਦ ਤੋਂ ਬਾਅਦ ਆਪਸੀ ਸਹਿਮਤੀ ਨਾਲ ਅਖਾੜਾ ਪ੍ਰਬੰਧਕਾਂ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਮੁੱਖ ਸਕੱਤਰ ਨਾਲ ਇਸ ਮਾਮਲੇ ਸਬੰਧੀ ਗੱਲ ਕਰਨ ਲਈ ਪੰਜ ਮੈਂਬਰੀ ਕਮੇਟੀ ਕਾਇਮ ਕਰ ਦਿੱਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਖਾੜਾ ਬ੍ਰਹਮ ਬੂਟਾ ਦੇ ਪ੍ਰਬੰਧਕ ਮਹੰਤ ਰਮੇਸ਼ਵਰ ਸ਼ਾਸਤਰੀ ਅਤੇ ਗੋਬਿੰਦ ਸਦਨ ਦਿੱਲੀ ਦੇ ਜੋਗਿੰਦਰ ਸਿੰਘ (ਪੰਜਾਬ ਜ਼ੋਨ) ਨੇ ਕਿਹਾ ਕਿ ਉਨ੍ਹਾਂ ਦਾ ਦਰਬਾਰ ਸਾਹਿਬ ਪ੍ਰਬੰਧਕਾਂ ਨਾਲ ਕੋਈ ਝਗੜਾ ਨਹੀਂ ਹੈ।

ਉਨ੍ਹਾਂ ਕਿਹਾ ਕਿ ਇਹ ਮਾਮਲਾ ਸਾਲ 2015 ਵਿੱਚ ਉਠਿਆ ਸੀ ਤਾਂ ਉਸ ਸਮੇਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਤਤਕਾਲੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਰਵੀ ਭਗਤ, ਚੇਅਰਮੈਨ ਪੁੱਡਾ ਸੰਦੀਪ ਰਿਸ਼ੀ, ਕਮਿਸ਼ਨਰ ਪੁਲੀਸ ਅੰਮ੍ਰਿਤਸਰ ਜਤਿੰਦਰ ਸਿੰਘ ਔਲਖ ਅਤੇ ਐਕਸੀਅਨ ਪੀ.ਡਬਲਿਊ ਡੀ ਜੇ.ਐਸ ਸੋਢੀ ’ਤੇ ਅਧਾਰਿਤ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਉਸ ਸਮੇਂ ਇਸ ਕਮੇਟੀ ਨੇ ਭਰੋਸਾ ਦਿਵਾਇਆ ਸੀ ਕਿ ਅਖਾੜੇ ਦੇ ਮੁੱਖ ਗੇਟ ਸਾਹਮਣੇ ਬਣੇ ਬਾਥਰੂਮ ਆਦਿ ਉਥੋਂ ਹਟਾ ਦਿੱਤੇ ਜਾਣਗੇ ਅਤੇ 50 ਫੁੱਟ ਜਗ੍ਹਾ ਖਾਲੀ ਛੱਡ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਵੇਲੇ ਅਖਾੜਾ ਬ੍ਰਹਮ ਬੂਟਾ ਦੇ ਸਾਹਮਣੇ ਉਨ੍ਹਾਂ ਕੋਲ 15 ਫੁੱਟ ਜਗ੍ਹਾ ਹੈ ਤੇ 15 ਫੁੱਟ ਜਗ੍ਹਾ ਵਿੱਚ ਬਣਿਆ ਰਸਤਾ ਬੁੰਗਾ ਰਾਮਗੜੀਆ ਨੂੰ ਜਾਂਦਾ ਹੈ ਅਤੇ ਇਸ ਰਸਤੇ ਦੇ ਨਾਲ ਖਾਲੀ ਜਗ੍ਹਾ ਹੈ, ਜਿਸ ਨੂੰ ਖਾਲੀ ਛੱਡਣ ਦੀ ਉਹ ਮੰਗ ਕਰ ਰਹੇ ਹਨ ਤਾਂ ਜੋ ਇਹ ਅਖਾੜੇ ਵਿੱਚ ਆਉਣ ਵਾਲੇ ਇਸ ਰਸਤੇ ਦੀ ਵਰਤੋਂ ਕਰ ਸਕਣ।

ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਪੀ.ਏ. ਨਾਲ ਅਖਾੜੇ ਵੱਲੋਂ ਗੱਲ ਕਰਨ ਗਏ ਪੰਜ ਮੈਂਬਰਾਂ ਦਿਆਲ ਸਿੰਘ ਭੱਟੀ, ਸਤਨਾਮ ਸਿੰਘ, ਆਤਮਾ ਸਿੰਘ, ਇੰਦਰਜੀਤ ਸਿੰਘ ਅਤੇ ਕਮਲਜੀਤ ਸਿੰਘ ਮਠਾੜੂ ਨੇ ਦੱਸਿਆ ਕਿ ਮੁੱਖ ਸਕੱਤਰ ਹਰਚਰਨ ਸਿੰਘ ਅਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਨਾਲ ਸੰਪਰਕ ਨਹੀਂ ਹੋ ਸਕਿਆ, ਇਸ ਲਈ ਮਾਮਲਾ ਸੋਮਵਾਰ ਤੱਕ ਅੱਗੇ ਪਾ ਦਿੱਤਾ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: