Site icon Sikh Siyasat News

10 ਜਨਵਰੀ ਵਾਲਾ ਸਨਮਾਨ ਮਾਰਚ ਦਿੱਲੀ ਤੱਕ ਹੀ ਜਾਵੇਗਾ: ਸ: ਸਿਮਰਨਜੀਤ ਸਿੰਘ ਮਾਨ

ਚੰਡੀਗੜ੍ਹ: 10 ਜਨਵਰੀ ਨੂੰ ਸਰਬੱਤ ਖਾਲਸਾ ਸਮਾਗਮ ਦੀਆਂ ਦੋ ਮੁੱਖ ਪ੍ਰਬੰਧਕ ਧਿਰਾਂ ਸ਼ਰੋਮਣੀ ਅਕਾਲੀ ਦਲ ਅਮਮ੍ਰਿਤਸਰ ਅਤੇ ਯੁਨਾਈਟਿਡ ਅਕਾਲੀ ਦਲ ਵੱਲੋਂ ਸਮਾਗਮ ਦੌਰਾਨ ਚੁਣੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਸਨਮਾਨ ਵਿੱਚ ਕੱਢੇ ਜਾ ਰੇ ਮਾਰਚ ਸੰਬੰਧੀ ਕੁਝ ਵਖਰੇਵੇਂ ਨਜਰ ਆ ਰਹੇ ਹਨ।

ਸ੍ਰ. ਸਿਮਰਨਜੀਤ ਸਿੰਘ ਮਾਨ(ਫਾਈਲ ਫੋਟੋ)

ਜਿਕਰਯੋਗ ਹੈ ਕਿ ਬੀਤੇ ਕੱਲ੍ਹ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਵਿੱਚ ਸ਼ਾਮਿਲ ਪੰਥਕ ਧਿਰਾਂ ਦੇ ਨੁਮਾਇੰਦਿਆਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ 10 ਜਨਵਰੀ ਵਾਲਾ ਸਨਮਾਨ ਮਾਰਚ ਜੋ ਪਹਿਲਾਂ ਦਿੱਲ਼ੀ ਗੁਰਦੁਆਰਾ ਰਕਾਬ ਗੰਜ ਸਾਹਿਬ ਤੱਕ ਲੈ ਕੇ ਜਾਣਾ ਨੀਯਤ ਹੋਇਆ ਸੀ, ਪਰ ਹੁਣ ਦਿੱਲੀ ਵਿੱਚ ਜਿਸਤ ਟਾਂਕ ਵਾਲੀ ਪ੍ਰਣਾਲੀ ਲਾਗੂ ਹੋਣ ਕਾਰਨ ਇਸ ਮਾਰਚ ਦੀ ਸਮਾਪਤੀ ਕਰਨਾਲ ਵਿਖੇ ਕਰ ਦਿੱਤੀ ਜਾਵੇਗੀ ਜਿਸ ਤੋਂ ਅੱਗੇ ਪੰਜ ਸਿੰਘਾਂ ਦਾ ਇੱਕ ਜਥਾ ਭਾਈ ਜਗਤਾਰ ਸਿੰਘ ਹਵਾਰਾ ਨੂੰ ਸਨਮਾਨਿਤ ਕਰਨ ਲਈ ਦਿੱਲੀ ਜਾਵੇਗਾ।

ਪਰ ਅੱਜ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਨਵਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਨਮਾਨ ਮਾਰਚ ਪਹਿਲਾਂ ਨੀਯਤ ਕੀਤੇ ਪ੍ਰੋਗਰਾਮ ਅਨੁਸਾਰ ਦਿੱਲੀ ਤੱਕ ਹੀ ਜਾਵੇਗਾ ਤੇ ਉਨ੍ਹਾਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਮਾਰਚ ਵਿੱਚ ਸ਼ਾਮਿਲ ਹੋਣ ਲਈ ਦਿੱਲੀ ਤੱਕ ਦਾ ਪ੍ਰੋਗਰਾਮ ਬਣਾ ਕੇ ਆਉਣ, ਤਾਂ ਕਿ ਆਪਣੇ ਇਸ ਪੰਥਕ ਕਾਰਜ ਨੂੰ ਸਮੂਹਿਕ ਰਾਏ ਅਤੇ ਏਕਤਾ ਨਾਲ ਦਿੱਲੀ ਤੱਕ ਸਫਲਤਾ ਨਾਲ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਸਨਮਾਨ ਪਹੁੰਚਾਉਣ ਦੀ ਜਿੰਮੇਵਾਰੀ ਨਿਭਾਈ ਜਾ ਸਕੇ।

ਇਸ ਸੰਬੰਧੀ ਜਦੋਂ ਸਿੱਖ ਸਿਆਸਤ ਵੱਲੋਂ ਯੁਨਾਈਟਿਡ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਹਾਦਰ ਸਿੰਘ ਰਾਹੋਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਨਵੇਂ ਫੈਂਸਲੇ ਸੰਬੰਧੀ ਉਨ੍ਹਾਂ ਨਾਲ ਕੋਈ ਵਿਚਾਰ ਨਹੀਂ ਕੀਤੀ ਗਈ ਤੇ ਕੱਲ੍ਹ ਚੰਡੀਗੜ੍ਹ ਵਿੱਚ ਕੀਤੇ ਗਏ ਫੈਂਸਲੇ ਕਿ ਮਾਰਚ ਕਰਨਾਲ ਤੱਕ ਕੀਤਾ ਜਾਵੇਗਾ, ਉਸ ਵਿੱਚ ਸ਼ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਫਰੋ. ੰਹਿੰਦਰਪਾਲ ਸਿੰਘ ਵੀ ਹਾਜਿਰ ਸਨ।

ਸਿੱਖ ਸਿਆਸਤ ਵੱਲੋਂ ਜਦੋਂ ਇਸ ਸੰਬੰਧੀ ਸ. ਸਿਮਰਨਜੀਤ ਸਿੰਘ ਮਾਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਅੱਜ ਜਾਰੀ ਕੀਤੇ ਬਿਆਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਕੋਈ ਤੁਕ ਨਹੀਂ ਬਣਦੀ ਕਿ ਪਹਿਲਾਂ ਦਿੱਲੀ ਤੱਕ ਨੀਯਤ ਕੀਤਾ ਗਿਆ ਮਾਰਚ ਹੁਣ ਕਰਨਾਲ ਤੱਕ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਬਾਕੀ ਪੰਥਕ ਆਗੂ ਵੀ ਉਨ੍ਹਾਂ ਦੀ ਗੱਲ ਨਾਲ ਸਹਿਮਤੀ ਪ੍ਰਗਟਾਉਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version