Site icon Sikh Siyasat News

4 ਅਗਸਤ ਨੂੰ ਧਰਮ ਯੁੱਧ ਮੋਰਚਾ ਮੁੜ ਸ਼ੁਰੂ ਹੋਵੇਗਾ; 2017 ਦੀਆਂ ਚੋਣਾਂ ਲੜਾਂਗੇ: ਯੂਨਾਈਟਿਡ ਅਕਾਲੀ ਦਲ

ਚੰਡੀਗੜ੍ਹ: ਯੂਨਾਈਟਿਡ ਅਕਾਲੀ ਦਲ ਦੀ ਕੋਰ ਕਮੇਟੀ ਨੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਹੈ। ਜਥੇਬੰਦੀ ਨੇ ਉਮੀਦਵਾਰ ਨਵੰਬਰ 2016 ਦੇ ‘ਸਰਬੱਤ ਖ਼ਾਲਸਾ’ ਤੋਂ ਬਾਅਦ ਐਲਾਨਣ ਦੀ ਰਣਨੀਤੀ ਬਣਾਈ ਹੈ।

ਮੀਡੀਆ ਨੂੰ ਸੰਬੋਧਨ ਕਰਦਿਆਂ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ, ਸਕੱਤਰ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਉਹ ਹੋਰ ਪੰਥਕ ਜਥੇਬੰਦੀਆਂ, ਦਲਿਤ ਸੰਸਥਾਵਾਂ, ਘੱਟ ਗਿਣਤੀਆਂ, ਕਿਸਾਨ ਜਥੇਬੰਦੀਆਂ, ਵਪਾਰੀਆਂ ਅਤੇ ਮੁਲਾਜ਼ਮ ਆਦਿ ਵਰਗਾਂ ਨਾਲ ਤਾਲਮੇਲ ਕਰ ਕੇ ਚੋਣਾਂ ਵਿੱਚ ਉਮੀਦਵਾਰ ਉਤਾਰਨਗੇ।

ਉਨ੍ਹਾਂ ਐਲਾਨ ਕੀਤਾ ਕਿ 4 ਅਗਸਤ ਨੂੰ ਧਰਮ ਯੁੱਧ ਮੋਰਚੇ ਦੀ ਵਰ੍ਹੇਗੰਢ ਮੌਕੇ ਰਾਜਸਥਾਨ ਨਹਿਰ ਨੂੰ ਸੰਕੇਤਕ ਤੌਰ ’ਤੇ ਪੂਰਨ ਲਈ ਲੀਡਰਸ਼ਿਪ ਦਾ ਜਥਾ ਰੇਤਾ ਨਹਿਰ ਵਿੱਚ ਸੁੱਟ ਕੇ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਧਰਮ ਯੁੱਧ ਮੋਰਚੇ ਨੂੰ ਮੁੜ ਸ਼ੁਰੂ ਕਰੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਥ, ਪੰਜਾਬ ਅਤੇ ਦਲਿਤ ਮਸਲਿਆਂ ਉਪਰ ਖਾਮੋਸ਼ੀ ਧਾਰ ਕੇ ਅਤੇ ਇਕੱਲੇ ਆਪਣੇ ਪੱਧਰ ’ਤੇ ਹੀ ਚੋਣ ਲੜ ਕੇ ਬਾਦਲਾਂ ਅਤੇ ਕਾਂਗਰਸ ਨੂੰ ਹਰਾਉਣ ਦੇ ਸੁਪਨੇ ਲੈ ਰਹੇ ਹਨ। ਉਨ੍ਹਾਂ ਖ਼ਦਸਾ ਜ਼ਾਹਿਰ ਕੀਤਾ ਕਿ ਕੇਜਰੀਵਾਲ ਜਿਹੜੇ ਰਾਹ ਪਏ ਹਨ, ਉਸ ਤੋਂ ਜਾਪਦਾ ਹੈ ਕਿ ਉਹ ਪਿਛਲੀਆਂ ਚੋਣਾਂ ਵਾਂਗ ਮਨਪ੍ਰੀਤ ਸਿੰਘ ਬਾਦਲ ਵਾਲੀ ਭੂਮਿਕਾ ਹੀ ਨਿਭਾਉਣਗੇ।

ਯੂਨਾਇਟਿਡ ਅਕਾਲੀ ਦਲ ਦੇ ਆਗੂ ਭਾਈ ਗੁਰਦੀਪ ਸਿੰਘ ਬਠਿੰਡਾ, ਭਾਈ ਮੋਹਕਮ ਸਿੰਘ, ਡਾ. ਭਗਵਾਨ ਸਿੰਘ ਮੀਡੀਆ ਨਾਲ ਗੱਲਬਾਤ ਕਰਦੇ ਹੋਏ

ਉਨ੍ਹਾਂ ਨੇ ਪਰਵਾਸੀ ਸਿੱਖਾਂ ਨੂੰ ਵੀ ਘੱਟੋ-ਘੱਟ ਨਵੰਬਰ ਤੱਕ ਆਪਣੇ ਚੋਣ ਪੱਤੇ ਨਾ ਖੋਲ੍ਹਣ ਦੀ ਅਪੀਲ ਕੀਤੀ। ਭਾਈ ਗੁਰਦੀਪ ਸਿੰਘ ਨੇ ਦੱਸਿਆ ਕਿ ਕੋਰ ਕਮੇਟੀ ਦੀ ਮੀਟਿੰਗ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਬਾਦਲ ਸਰਕਾਰ ਇੰਦਰਾ ਗਾਂਧੀ ਅਤੇ ਬੇਅੰਤ ਸਿੰਘ ਦੀਆਂ ਸਰਕਾਰਾਂ ਤੋਂ ਵੀ ਜ਼ਾਲਮ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਸਰਕਾਰ ਵਿੱਚ ਐਮਰਜੈਂਸੀ ਨਾਲੋਂ ਵੀ ਮਾੜੇ ਹਾਲਤ ਹਨ।

ਉਨ੍ਹਾਂ ਦੋਸ਼ ਲਾਇਆ ਕਿ ਬਾਦਲ ਐਸਵਾਈਐਲ ਦੇ ਮੁੱਦੇ ਉਪਰ ਪਹਿਲਾਂ ਵਾਂਗ ਕੁਰਬਾਨੀਆਂ ਦੇਣ ਦਾ ਸਿਆਸੀ ਡਰਾਮਾ ਕਰ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਅਕਾਲੀ ਦਲ ਨੇ ਰਾਜੀਵ ਗਾਂਧੀ ਨਾਲ ਇਹ ਨਹਿਰ ਕੱਢਣ ਦਾ ਸਮਝੌਤਾ ਕਿਉਂ ਕੀਤਾ ਸੀ? ਉਨ੍ਹਾਂ ਐਲਾਨ ਕੀਤਾ ਕਿ ਅਗਸਤ ਦੇ ਅਖੀਰ ਵਿੱਚ ਅਨੰਦਪੁਰ ਸਾਹਿਬ ਦਾ ਮਤਾ ਅਤੇ ਸਮੂਹ ਸਿੱਖ ਬੰਦੀਆਂ ਦੀਆਂ ਰਿਹਾਈਆਂ ਅਤੇ ਭਾਈ ਸੂਰਤ ਸਿੰਘ ਖਾਲਸਾ ਦੇ ਸੰਘਰਸ਼ ਦੀ ਹਮਾਇਤ ਵਿੱਚ ਅੰਮ੍ਰਿਤਸਰ ਵਿੱਚ ਸੂਬਾਈ ਕਨਵੈਨਸ਼ਨ ਕੀਤੀ ਜਾਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version