ਚੰਡੀਗੜ੍ਹ: ਡੇਰਾ ਸਿਰਸਾ ਦੇ ਬਲਾਤਕਾਰੀ ਸਾਧ ਨੂੰ 20 ਸਾਲ ਹੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੂਟਨੀਤਕ ਜਵਾਬ ਦਿੰਦਿਆਂ ਕਿਹਾ, “ਇਹ ਕੋਈ ਰੱਦ ਕਰਨ ਵਾਲੀ ਜਾਂ ਸਵਾਗਤ ਕਰਨ ਵਾਲੀ ਗੱਲ ਨਹੀਂ”।
ਮੁੱਖ ਮੰਤਰੀ ਪੰਜਾਬ ਦੇ ਰਾਜਪਾਲ ਵੀ ਪੀ ਬਦਨੌਰ ਨੂੰ ਰਾਮ ਰਹੀਮ ਦੀ ਸਜ਼ਾ ਤੋਂ ਬਾਅਦ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਬਾਰੇ ਜਾਣਕਾਰੀ ਦੇਣ ਤੋਂ ਬਾਅਦ ਪ੍ਰੈਸ ਕਾਨਫਰੰਸ ਕਰ ਰਹੇ ਸੀ।
ਉਨ੍ਹਾਂ ਕਿਹਾ ਕਿ ਇਹ ਅਦਾਲਤੀ ਫੈਸਲਾ ਹੈ ਜਿਸਨੂੰ ਹਰ ਕਿਸੇ ਨੂੰ “ਮੰਨਣਾ” ਹੀ ਪਿਆ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿਚ ਕਾਨੂੰਨ ਵਿਵਸਥਾ ਨੂੰ ਠੀਕ ਕਰਨ ‘ਚ ਦਿਲਚਸਪੀ ਰੱਖਦੇ ਹਨ।
ਦੂਜੇ ਪਾਸੇ ਮੀਡੀਆ ਰਿਪੋਰਟਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸੋਮਵਾਰ ਨੂੰ ਅਦਾਲਤ ਦੇ ਫੈਸਲੇ ਨੂੰ ਇਤਿਹਾਸਕ ਅਤੇ ਮਿਸਾਲੀ ਦੱਸਿਆ ਅਤੇ ਕਿਹਾ ਕਿ ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ। ਪਰ ਹਰਿਆਣਾ ਦੇ ਕੁਝ ਹਿੱਸਿਆਂ ਵਿਚ ਹਿੰਸਾ ਮੰਦਭਾਗੀ ਸੀ। ਬਾਦਲ ਨੇ ਕਿਹਾ ਕਿ ਮਨੋਹਰ ਲਾਲ ਖੱਟੜ ਦੀ ਸਰਕਾਰ ਸਹੀ ਪ੍ਰਬੰਧ ਕਰਨ ਵਿਚ ਅਸਫਲ ਰਹੀ ਹੈ।
ਜ਼ਿਕਰਯੋਗ ਹੈ ਕਿ ਬਾਦਲ ਪਰਿਵਾਰ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਕਾਫੀ ਸਾਲਾਂ ਤੋਂ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਉਸਦੇ ਹੈਡ ਕੁਆਟਰ ‘ਚ ਮਿਲ ਕੇ ਉਸਦੀ ਹਮਾਇਤ ਕਰਦਾ ਰਿਹਾ ਹੈ ਅਤੇ ਹੁਣ 25 ਅਗਸਤ ਦੇ ਫੈਸਲੇ ਤੋਂ ਬਾਅਦ ਅਚਾਨਕ ਬਾਦਲ ਪਰਿਵਾਰ ਨੇ ਆਪਣਾ ਸਿਆਸੀ ਸਮੀਕਰਨ ਬਦਲ ਲਿਆ ਹੈ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Dera Verdict A Judicial Decision Not A Thing To Be Either Welcomed Or Rejected: Amarinder Singh, Sukhbir Badal Hails The Judgement …