ਚੰਡੀਗੜ੍ਹ/ ਪੰਚਕੁਲਾ: ਮੀਡੀਆ ਦੀਆਂ ਖ਼ਬਰਾਂ ਮੁਤਾਬਕ ਹਰਿਆਣਾ ਪੁਲਿਸ ਨੇ ਹਨੀਪ੍ਰੀਤ, ਜੋ ਕਿ ਵਿਵਾਦਤ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਕਰੀਬੀ ਹੈ, ਨੂੰ ਗ੍ਰਿਫਤਾਰ ਕਰ ਲਿਆ ਹੈ। ਉਹ 25 ਅਗਸਤ, ਜਿਸ ਦਿਨ ਰਾਮ ਰਹੀਮ ਨੂੰ ਬਲਾਤਕਾਰ ਦੇ ਦੋਸ਼ ‘ਚ 20 ਸਾਲਾ ਸਜ਼ਾ ਹੋਈ ਸੀ, ਤੋਂ ਫਰਾਰ ਸੀ।
ਪੰਚਕੁਲਾ ਦੇ ਪੁਲਿਸ ਕਮਿਸ਼ਨਰ ਏ.ਐਸ. ਚਾਵਲਾ ਨੇ ਦਾਅਵਾ ਕੀਤਾ ਕਿ ਹਨੀਪ੍ਰੀਤ ਦੇ ਨਾਲ ਇਕ ਹੋਰ ਔਰਤ ਨੂੰ ਹਰਿਆਣਾ ਪੁਲਿਸ ਨੇ ਪੰਜਾਬ ‘ਚ ਜ਼ੀਰਕਪੁਰ-ਪਟਿਆਲਾ ਸੜਕ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਹਨੀਪ੍ਰੀਤ ਹਰਿਆਣਾ ਪੁਲਿਸ ਦੀ 43 ਉਨ੍ਹਾਂ ਲੋਕਾਂ ਦੀ ਸੂਚੀ ਵਿਚ ਸਭ ਤੋਂ ਉੱਪਰ ਸੀ ਜਿਨ੍ਹਾਂ ਨੇ ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਹਿੰਸਾ ਕਰਨ ਲਈ ਲੋਕਾਂ ਨੂੰ ਭੜਕਾਇਆ ਸੀ। ਇਸ ਹਿੰਸਾ ‘ਚ 41 ਲੋਕਾਂ ਦੀ ਜਾਨ ਚਲੀ ਗਈ ਸੀ।
ਮੀਡੀਆ ਨਾਲ ਗੱਲ ਕਰਦੇ ਹੋਏ ਪੰਚਕੁਲਾ ਦੇ ਪੁਲਿਸ ਕਮਿਸ਼ਨਰ ਏ.ਐਸ. ਚਾਵਲਾ ਨੇ ਕਿਹਾ, “ਉਸਨੂੰ ਵਿਸ਼ੇਸ਼ ਜਾਂਚ ਟੀਮ ਦੇ ਇੰਚਾਰਜ (ਮੁਕੇਸ਼ ਕੁਮਾਰ) ਨੇ ਪੰਜਾਬ ‘ਚ ਜ਼ੀਰਕਪੁਰ-ਪਟਿਆਲਾ ਸੜਕ ਤੋਂ ਗ੍ਰਿਫਤਾਰ ਕੀਤਾ। ਉਸਨੂੰ ਪੰਚਕੁਲਾ ਲਿਆਂਦਾ ਜਾਏਗਾ ਤਾਂ ਜੋ ਪੰਚਕੁਲਾ ‘ਚ ਹੋਈ ਹਿੰਸਾ ਲਈ ਉਸਤੋਂ ਪੁੱਛਗਿੱਛ ਕੀਤੀ ਜਾ ਸਕੇ।”
ਸਬੰਧਤ ਖ਼ਬਰ: ਪ੍ਰਨੀਤ ਕੌਰ, ਭਰਤਇੰਦਰ ਚਾਹਲ ਅਤੇ ਹਰਮਿੰਦਰ ਜੱਸੀ ਛਤਰਪਤੀ ਕਤਲ ਕੇਸ ਨੂੰ ਖ਼ਤਮ ਕਰਵਾਉਣ ਲਈ ਹੱਥ-ਪੈਰ ਮਾਰਦੇ ਰਹੇ: ਅੰਸ਼ੁਲ ਛਤਰਪਤੀ …
ਪੁਲਿਸ ਕਮਿਸ਼ਨਰ ਚਾਵਲਾ ਨੇ ਕਿਹਾ, “ਹਿੰਸਾ ਵਿਚ ਉਸਦੀ ਭੂਮਿਕਾ ਬਾਰੇ ਜਾਂਚ ਕੀਤੀ ਜਾਏਗੀ… ਉਸਨੂੰ ਫਰਾਰੀ ਦੌਰਾਨ ਕਿਸਨੇ ਪਨਾਹ ਦਿੱਤੀ ਇਸ ਬਾਰੇ ਵੀ ਪੁੱਛਿਆ ਜਾਏਗਾ। ਉਸਨੂੰ ਕੱਲ੍ਹ ਅਦਾਲਤ ‘ਚ ਪੇਸ਼ ਕਰਕੇ ਉਸਦਾ ਪੁਲਿਸ ਰਿਮਾਂਡ ਮੰਗਿਆ ਜਾਏਗਾ।”
ਚਾਵਲਾ ਨੇ ਇਹ ਵੀ ਦੱਸਿਆ ਕਿ ਹਨੀਪ੍ਰੀਤ ਨਾਲ ਇਕ ਹੋਰ ਔਰਤ ਸੀ ਜਿਸਨੂੰ ਕਿ ਹਿਰਾਸਤ ‘ਚ ਲੈ ਲਿਆ ਗਿਆ ਹੈ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Dera Sauda Sirsa Controversy: Gurmeet Ram Rahim’s Close Aide Honeypreet Arrested …