ਚੰਡੀਗੜ੍ਹ: ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਆਪਣੇ ਪਿਤਾ ਰਾਮਚੰਦਰ ਛਤਰਪਤੀ ਦੇ ਕਤਲ ਦੇ ਦੋਸ਼ ਵਿਚ ਸਜਾ ਦਵਾਉਣ ਲਈ ਲੰਬਾ ਸੰਘਰਸ਼ ਕਰਨ ਵਾਲੇ ਉਹਨਾਂ ਦੇ ਪੁੱਤਰ ਅੰਸ਼ੁਲ ਛੱਤਰਪਤੀ ਨੇ ਬੀਤੇ ਕਲ੍ਹ ਚੰਡੀਗੜ੍ਹ ਵਿਖੇ ਪੱਤਰਕਾਰ ਵਾਰਤਾ ਵਿਚ ਬੋਲਦਿਆਂ ਕਿਹਾ ਕਿ “ਆਪਣੇ ਪਿਤਾ ਦੇ ਕਾਤਲਾਂ ਨੂੰ ਸਜਾ ਦਵਾਉਣ ਲਈ ਮੈਨੂੰ ਸੋਲਾਂ ਸਾਲ ਲੱਗ ਗਏ। ਇਹਨਾਂ ਸੋਲਾਂ ਸਾਲਾਂ ਵਿਚ ਸਾਡੇ ਉੱਤੇ ਕਈਂ ਤਰ੍ਹਾਂ ਦੇ ਦਬਾਅ ਬਣਾਏ ਜਾਂਦੇ ਸਨ।
ਹਰਿਆਣੇ ਦੀਆਂ ਤਿੰਨੋਂ ਸਿਆਸੀ ਜਮਾਤਾਂ ਇੰਡੀਅਨ ਨੈਸ਼ਨਲ ਲੋਕ ਦਲ, ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ(ਭਾਜਪਾ) ਦੀਆਂ ਸਰਕਾਰਾਂ ਸੌਦੇ ਸਾਧ ਦੇ ਇਸ਼ਾਰਿਆਂ ਉੱਤੇ ਨੱਚਦੀਆਂ ਰਹੀਆਂ ਤੇ ਉਸਨੂੰ ਉਸਦੇ ਜੁਰਮ ਦੀ ਸਜਾ ਮਿਲਣ ਤੋਂ ਬਚਾਉਂਦੀਆਂ ਰਹੀਆਂ।
ਰਾਮਚੰਦਰ ਛਤਰਪਤੀ ਦੇ ਪੁੱਤਰ ਅੰਸ਼ੁਲ ਛੱਤਰਪਤੀ ਨੇ ਦੱਸਿਆ ਕਿ ” ਜਦੋਂ ਉਸ ਦੇ ਪਿਤਾ ਨੂੰ ਜਬਰ ਜਨਾਹ ਦੀ ਪੀੜਤ ਸਾਧਵੀ ਦੀ ਚਿੱਠੀ ਆਪਣੀ ਅਖਬਾਰ ‘ਪੂਰਾ ਸੱਚ’ ਵਿੱਚ ਛਾਪਣ ਕਾਰਨ 24 ਅਕਤੂਬਰ 2002 ਨੂੰ ਸੌਦੇ ਸਾਧ ਦੇ ਬੰਦਿਆਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਤਾਂ ਉਸ ਵੇਲੇ ਇਨੈਲੋ ਸਰਕਾਰ ਦੇ ਮੁੱਖ ਮੰਤਰੀ ੳਮਪ੍ਰਕਾਸ਼ ਚੌਟਾਲਾ ਉਸਦੇ ਘਰ ਆ ਕੇ ਕਾਤਲਾਂ ਨੂੰ ਸਜਾ ਦਵਾਉਣ ਦਾ ਕਰਾਰ ਕਰਕੇ ਗਏ ਸਨ, ਪਰ ਸਭ ਕੁਝ ਇਸਦੇ ਉਲਟ ਹੋਇਆ ਸੌਦਾ ਸਾਧ ਸਰਕਾਰੀ ਸ਼ਹਿ ਉੱਤੇ ਐਸ਼ ਕਰਦਾ ਰਿਹਾ ਤੇ ਸਰਕਾਰਾਂ ਉਸਦੇ ਇਸ਼ਾਰਿਆਂ ਉੱਤੇ ਨੱਚਦੀਆਂ ਰਹੀਆਂ।
ਇਸ ਮੌਕੇ ਅੰਸ਼ੁਲ ਛੱਤਰਪਤੀ, ਉਸਦੀ ਭੈਣ ਅਤੇ ਵਕੀਲ ਨੂੰ ਸਨਮਾਨਿਤ ਕਰਕੇ ਪ੍ਰੈਸ ਕਲੱਬ ਦੀ ਆਨਰੇਰੀ ਮੈਂਬਰਸ਼ਿਪ ਮੁਹੱਈਆ ਕੀਤੀ ਗਈ।