ਸਿੱਖ ਖਬਰਾਂ

ਦਿੱਲੀ ਦੇ ਰਹਿਣ ਵਾਲੇ ਨੇ ਦਰਬਾਰ ਸਾਹਿਬ ਪਰਕਰਮਾ ‘ਚ ਕੀਤੀ ਸੁਖਮਨੀ ਸਾਹਿਬ ਦੇ ਗੁਟਕੇ ਦੀ ਬੇਅਦਬੀ

By ਸਿੱਖ ਸਿਆਸਤ ਬਿਊਰੋ

January 24, 2017

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਸਾਲ 2015 ਵਿਚ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਦੇ ਦੋਸ਼ੀਆਂ ਪ੍ਰਤੀ ਅਪਣਾਏ ਸਰਕਾਰੀ ਰਵਈਏ ਦੀ ਹੀ ਦੇਣ ਹੈ ਕਿ ਹੁਣ ਗੱਲ ਦਰਬਾਰ ਸਾਹਿਬ ਪਰਕਰਮਾ ਤੀਕ ਪੁੱਜ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਸਵੇਰੇ ਦਰਬਾਰ ਸਾਹਿਬ ਕੰਪਲੈਕਸ ਸਥਿਤ ਵੱਡੀ ਪਰਕਰਮਾ ਵਿਚਲੀ ਇੱਕ ਛਬੀਲ ਦੇ ਨੇੜੇ ਦਿੱਲੀ ਨਿਵਾਸੀ ਜਤਿੰਦਰ ਚੱਢਾ ਨਾਮੀ ਇੱਕ ਸ਼ਖਸ ਨੇ ਸੁਖਮਨੀ ਸਾਹਿਬ ਦੇ ਗੁਟਕੇ ਦੇ ਪੱਤਰੇ ਪਾੜਨੇ ਸ਼ੁਰੂ ਕਰ ਦਿੱਤੇ।

ਪਤਾ ਲੱਗਦਿਆਂ ਹੀ ਦਰਬਾਰ ਸਾਹਿਬ ਦੇ ਸੇਵਾਦਾਰਾਂ ਨੇ ਉਕਤ ਵਿਅਕਤੀ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਤੇ ਫਿਰ ਥਾਣਾ ਗਲਿਆਰਾ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਦੌਰਾਨ ਘਟਨਾ ਦੀ ਜਾਣਕਾਰੀ ਮਿਲਦਿਆਂ ਭਾਈ ਅਮਰੀਕ ਸਿੰਘ ਅਜਨਾਲਾ ਵੀ ਥਾਣਾ ਕੋਤਵਾਲੀ ਪਹੁੰਚ ਗਏ। ਉਨ੍ਹਾਂ ਮੌਕੇ ‘ਤੇ ਮੌਜੂਦ ਪੁਲਿਸ ਕਮਿਸ਼ਨਰ ਨਗੇਸ਼ਵਰ ਰਾਉ ਨੂੰ ਮਿਲਕੇ ਦੋਸ਼ੀ ਨੂੰ ਵੇਖਣ ਦੀ ਗੱਲ ਕਹੀ ਪਰ ਪੁਲਿਸ ਵਲੋਂ ਦੱਸਿਆ ਗਿਆ ਕਿ ਦੋਸ਼ੀ ਤਾਂ ਨੀਮ ਪਾਗਲ ਹੈ, ਗੱਲ ਨਹੀਂ ਕਰਵਾਈ ਜਾ ਸਕਦੀ। ਪਰ ਭਾਈ ਅਮਰੀਕ ਸਿੰਘ ਨੇ ਪੁਲਿਸ ਦੀ ਇਹ ਕਹਾਣੀ ਮੁੱਢੋਂ ਹੀ ਰੱਦ ਕਰ ਦਿੱਤੀ।

ਕੁਝ ਸਮੇਂ ਬਾਅਦ ਹੀ ਪੁਲਿਸ ਨੇ ਦੋਸ਼ੀ ਖਿਲਾਫ ਧਾਰਾ 295-ਏ ਤਹਿਤ ਮਾਮਲਾ ਦਰਜ ਕਰ ਲਿਆ। ਇਹ ਵੀ ਪਤਾ ਲਗਾ ਹੈ ਕਿ ਦੋਸ਼ੀ ਕੋਈ ਦੋ ਹਫਤਿਆਂ ਤੋਂ ਇਥੇ ਠਹਿਰਿਆ ਹੋਇਆ ਸੀ। ਜ਼ਿਕਰਯੋਗ ਹੈ ਕਿ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਨੇ ਦੋਸ਼ੀ ਬਾਰੇ ਕਾਫੀ ਸਮਾਂ ਕੋਈ ਜਾਣਕਾਰੀ ਹੀ ਨਹੀਂ ਦਿੱਤੀ। ਇਹ ਵੀ ਜ਼ਿਕਰਯੋਗ ਹੈ ਕਿ ਦਰਬਾਰ ਸਾਹਿਬ ਦੇ ਮੌਜੂਦਾ ਮੈਨੇਜਰ ਸੁਲੱਖਣ ਸਿੰਘ ਭੰਗਾਲੀ, ਲੋਕ ਸੰਪਰਕ ਮੰਤਰੀ ਬਿਕਰਮ ਮਜੀਠੀਆ ਦੇ ਕਾਫੀ ਕਰੀਬੀ ਹਨ ਤੇ ਕੁਝ ਸਮਾਂ ਪਹਿਲਾਂ ਹੀ ਮਜੀਠੀਆ ਦੀ ਕਿਰਪਾ ਸਦਕਾ ਪਿੰਡ ਭੰਗਾਲੀ ਦੇ ਸਰਪੰਚ ਵੀ ਬਣੇ ਹਨ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Delhi Resident Caught Committing Beadbi of Gurbani inside Darbar Sahib Complex …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: