ਚੰਡੀਗੜ੍ਹ: ਸਤੰਬਰ 2014 ਤੋਂ ਮੈਕਸੀਮਮ ਸਕਿਉਰਿਟੀ ਜੇਲ੍ਹ ਨਾਭਾ ‘ਚ ਬੰਦ ਸਿਆਸੀ ਸਿੱਖ ਕੈਦੀ ਭਾਈ ਰਤਨਦੀਪ ਸਿੰਘ ਦਾ ਦਿੱਲੀ ਪੁਲਿਸ ਨੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਰਤਨਦੀਪ ਸਿੰਘ ਪਿਛਲੇ ਤਕਰੀਬਨ 3 ਸਾਲਾਂ ਤੋਂ ਜੇਲ੍ਹ ਵਿਚ ਬੰਦ ਹਨ। ਉਨ੍ਹਾਂ ਨੇ ਆਰ.ਟੀ.ਆਈ. ਰਾਹੀਂ ਜਾਣਕਾਰੀ ਮੰਗੀ ਸੀ ਕਿ ਉਨ੍ਹਾਂ ਦੇ ਕੇਸਾਂ ਬਾਰੇ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਅਦਾਲਤੀ ਕਾਰਵਾਈ ਹੋ ਸਕੇ।
ਸਿਆਸੀ ਸਿੱਖ ਕੈਦੀਆਂ ਦੀ ਸੂਚੀ ਤਿਆਰ ਕਰਨ ਵਾਲੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ (SSN) ਨੂੰ ਦੱਸਿਆ ਕਿ ਹੁਣ ਜਦੋਂ ਬਾਕੀ ਕੇਸ ਖਤਮ ਹੋ ਰਹੇ ਹਨ ਤਾਂ ਦਿੱਲੀ ਪੁਲਿਸ ਨੇ ਐਫ.ਆਈ.ਆਰ. ਨੰ: 375 ਸਾਲ 1999 ਦੇ ਤਹਿਤ ਰਤਨਦੀਪ ਸਿੰਘ ਦੀ ਗ੍ਰਿਫਤਾਰੀ ਪਾ ਕੇ ਰਿਮਾਂਡ ਹਾਸਲ ਕਰ ਲਿਆ। ਜੱਜ ਅਜੈ ਪਾਂਡੇ ਨੇ ਦੋ ਦਿਨਾਂ ਪੁਲਿਸ ਰਿਮਾਂਡ ਦੇ ਕੇ ਰਤਨਦੀਪ ਸਿੰਘ ਨੂੰ ਐਤਵਾਰ 15 ਅਕਤੂਬਰ, 2017 ਨੂੰ ਦੁਬਾਰਾ ਪੇਸ਼ ਕਰਨ ਦਾ ਹੁਕਮ ਦਿੱਤਾ। ਜ਼ਿਕਰਯੋਗ ਹੈ ਕਿ ਦਿੱਲੀ ਦੇ ਚਾਂਦਨੀ ਚੌਂਕ ‘ਚ 1999 ‘ਚ ਹੋਏ ਬੰਬ ਧਮਾਕੇ ਦੇ ਕੇਸ ‘ਚ 2005 ‘ਚ ਭਾਈ ਸ਼ੇਰ ਸਿੰਘ ਬਰੀ ਹੋ ਗਏ ਸਨ। ਭਾਈ ਰਤਨਦੀਪ ਸਿੰਘ ਵਲੋਂ ਐਡਵੋਕੇਟ ਪਰਮਜੀਤ ਸਿੰਘ ਪੇਸ਼ ਹੋਏ।