ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ ਡੇਰਾ ਰਾਧਾ ਸੁਆਮੀ ਸਤਸੰਗ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੂੰ 14 ਨਵੰਬਰ ਨੂੰ ਨਿੱਜੀ ਤੌਰ ‘ਤੇ ਅਦਾਲਤ ‘ਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਗੁਰਿੰਦਰ ਸਿੰਘ ਢਿੱਲੋਂ ਤੇ ਉਸ ਦੇ ਪਰਿਵਾਰ ਦੇ ਜੀਆਂ ਨੇ ਅਦਾਲਤ ‘ਚ ਅਰਜੀ ਦਾਖਲ ਕਰ ਕੇ ਕਿਹਾ ਸੀ ਕਿ ਉਨ੍ਹਾਂ ਦੀ ਆਰ. ਐਚ. ਸੀ. ਹੋਲਡਿੰਗ ਜਿਸ ਦੇ ਪ੍ਰਮੋਟਰ ਮਾਲਵਿੰਦਰ ਸਿੰਘ ਤੇ ਸ਼ਿਵਇੰਦਰ ਸਿੰਘ ਹਨ, ਵੱਲ ਕੋਈ ਦੇਣਦਾਰੀ ਨਹੀਂ ਹੈ | ਇਸ ਤੋਂ ਪਹਿਲਾਂ ਅਦਾਲਤ ਰਨਬੈਕਸੀ ਦੇ ਸਾਬਕਾ ਪ੍ਰਮੋਟਰਾਂ ਨੂੰ ਜਾਪਾਨੀ ਫਰਮ ਡਾਇਰੀ ਸੈਂਕਿਓ ਨੂੰ 3500 ਕਰੋੜ ਰੁਪਏ ਦਾ ਭੁਗਤਾਨ ਕਰਨ ਦੇ ਹੁਕਮ ਦੇ ਚੁੱਕੀ ਹੈ |
ਆਪਣੀ ਅਰਜੀ ‘ਚ ਡੇਰਾ ਬਿਆਸ ਮੁਖੀ ਨੇ ਆਰ.ਐਚ.ਸੀ. ਦੇ ਲੈਣਦਾਰੀ ਦੇ ਦਾਅਵੇ ਨੂੰ ਗਲਤ ਦੱਸਿਆ ਸੀ ਜਿਸ ਤੋਂ ਬਾਅਦ ਅਦਾਲਤ ਨੇ 11 ਅਕਤੂਬਰ ਨੂੰ ਦਿੱਤੇ ਆਪਣੇ ਆਦੇਸ਼ ‘ਚ ਗੁਰਿੰਦਰ ਸਿੰਘ ਢਿੱਲੋਂ, ਉਸ ਦੀ ਪਤਨੀ ਸ਼ਬਨਮ, ਬੇਟੇ ਗੁਰਕੀਰਤ ਤੇ ਗੁਰਪ੍ਰੀਤ ਅਤੇ ਨੂੰਹ ਨਯਨ ਤਾਰਾ ਨੂੰ ਲੈਣ-ਦੇਣ ਨਾਲ ਸਬੰਧਿਤ ਦਸਤਾਵੇਜ਼ਾਂ ਨਾਲ ਅਦਾਲਤ ‘ਚ ਪੇਸ਼ ਹੋਣ ਲਈ ਕਿਹਾ ਹੈ।
ਇਸ ਤੋਂ ਪਹਿਲਾਂ ਅਦਾਲਤ ਨੇ ਬੀਤੇ ਦਿਨੀਂ ਡੇਰਾ ਬਿਆਸ ਮੁਖੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਤੇ ਸਹਿਯੋਗੀਆਂ ਸਮੇਤ 55 ਲੋਕਾਂ ਤੇ ਇਕਾਈਆਂ ਨੂੰ ਅਦਾਲਤ ਨੇ ਆਦੇਸ਼ ਦਿੱਤਾ ਸੀ ਕਿ ਉਹ 6000 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਆਰ.ਐਚ.ਸੀ. ਹੋਲਡਿੰਗ ਨੂੰ ਦੇਣ |