ਨਵੀਂ ਦਿੱਲੀ (28 ਜਨਵਰੀ, 2015): ਦਿੱਲੀ ਵਿੱਚ ਹੋ ਰਹੀਆਂ ਕਿਰਨ ਬੇਦੀ ਦੀਆਂ ਚੋਣ ਰੈਲੀਆਂ ‘ਚ ਅਰਵਿੰਦ ਕੇਜਰੀਵਾਲ ਦੀਆਂ ਰੈਲੀਆਂ ਮੁਕਾਬਲੇ ਘੱਟ ਭੀੜ ਹੋਣ ਤੋਂ ਪ੍ਰੇਸ਼ਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਦੇਸ਼ ਦੀ ਰਾਜਧਾਨੀ ‘ਚ ਅਪਣੇ ਪ੍ਰਮੁੱਖ ਆਗੂਆਂ ਨੂੰ ਚੋਣ ਪ੍ਰਚਾਰ ਲਈ ਲਿਆਉਣ ਦੀ ਤਿਆਰੀ ‘ਚ ਹੈ।
ਮੀਡੀਆ ‘ਚ ਆਈਆਂ ਖ਼ਬਰਾਂ ਅਨੁਸਾਰ ਪਾਰਟੀ ਦੇ ਪ੍ਰਮੁੱਖ ਰਣਨੀਤੀਕਾਰ ਅਰੁਣ ਜੇਤਲੀ ਨੂੰ ਭਾਜਪਾ ਦੀ ਚੋਣ ਮੁਹਿੰਮ ਨੂੰ ਲੀਹ ‘ਤੇ ਲਿਆਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਅਜਿਹਾ ਦਸਿਆ ਜਾ ਰਿਹਾ ਹੈ ਕਿ ਜੇਤਲੀ ਦਿੱਲੀ ਭਾਜਪਾ ਦੇ ਦਫ਼ਤਰ ‘ਤੇ ਨਿਯਮਤ ਤੌਰ ‘ਤੇ ਬੈਠਕਾਂ ਕਰਨਗੇ ਅਤੇ ਅਗਲੇ ਕੁੱਝ ਦਿਨਾਂ ਅੰਦਰ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਰ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ।
ਚੋਣਾਂ ਨੂੰ 10 ਦਿਨ ਬਾਕੀ ਰਹਿ ਗਏ ਹਨ ਅਤੇ ਜੋ ਮੁੱਖ ਗੱਲ ਪਾਰਟੀ ਨੂੰ ਸਤਾ ਰਹੀ ਹੈ, ਉਹ ਇਹ ਹੈ ਕਿ ਦਿੱਲੀ ਭਾਜਪਾ ਦੇ ਸੀਨੀਅਰ ਆਗੂ ਕਿਰਨ ਬੇਦੀ ਦੀ ਚੋਣ ਮੁਹਿੰਮ ‘ਚ ਰੁਚੀ ਨਹੀਂ ਲੈ ਰਹੇ।
ਦਿੱਲੀ ਚੋਣਾਂ ‘ਚ ਭਾਜਪਾ ਨੇ ਅਪਣੀ ਰਣਨੀਤੀ ‘ਚ ਬਦਲਾਅ ਕਰਦਿਆਂ ਸਿਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਰਭਰ ਰਹਿਣ ਦੀ ਬਜਾਏ ਇਕ ਸਥਾਨਕ ਆਗੂ ਨੂੰ ਅੱਗੇ ਲਿਆਉਣ ਦਾ ਫ਼ੈਸਲਾ ਕੀਤਾ ਸੀ। ਪਿਛਲੇ ਸਮੇਂ ਦੌਰਾਨ ਕੁੱਝ ਸੂਬਿਆਂ ਦੀਆਂ ਚੋਣਾਂ ‘ਚ ਪਾਰਟੀ ਨਰਿੰਦਰ ਮੋਦੀ ‘ਤੇ ਹੀ ਨਿਰਭਰ ਰਹੀ ਸੀ।
ਸੂਤਰਾਂ ਅਨੁਸਾਰ ਦਿੱਲੀ ਦੇ ਆਗੂ ਇਸ ਗੱਲ ਤੋਂ ਪ੍ਰੇਸ਼ਾਨ ਹਨ ਕਿ ਕਿਰਨ ਬੇਦੀ ਨੂੰ ਪਾਰਟੀ ‘ਚ ਆਉਣ ਤੋਂ ਚਾਰ ਦਿਨਾਂ ਬਾਅਦ ਹੀ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾ ਦਿਤਾ ਗਿਆ। ਜ਼ਿਕਰਯੋਗ ਹੈ ਕਿ ਡਾ. ਹਰਸ਼ ਵਰਧਨ ਪਿਛਲੀਆਂ ਚੋਣਾਂ ‘ਚ ਭਾਜਪਾ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵੀ ਸਨ