ਚੰਡੀਗੜ੍ਹ (27 ਜਨਵਰੀ, 2015): ਭਾਜਪਾ ਵਲੋਂ ਕਿਰਨ ਬੇਦੀ ਨੂੰ ਮੁੱਖ ਮੰਤਰੀ ਅਹੁਦੇ ਦੀ ਉਮੀਦਵਾਰ ਬਣਾਉਣ ਤੋਂ ਬਾਅਦ ਦਿੱਲੀ ਵਿਚ ਸਿੱਖਾਂ ਅੰਦਰ ਰੋਸ ਦੀ ਭਾਵਨਾ ਵੇਖਣ ਨੂੰ ਮਿਲ ਰਹੀ ਹੈ। ਕਿਰਨ ਬੇਦੀ ਦੁਆਰਾ ਪੁਲਿਸ ਅਧਿਕਾਰੀ ਹੁੰਦਿਆਂ ਨਵੰਬਰ 1984 ਦੇ ਸਿੱਖ ਕਤਲੇਆਮ ਲਈ ਇਨਸਾਫ਼ ਮੰਗਣ ਵਾਲੇ ਸਿੱਖਾਂ ਉਤੇ ਕੀਤੇ ਲਾਠੀਚਾਰਜ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਫੈਲ ਗਈਆਂ ਹਨ ਜਿਸ ਕਾਰਨ ਕਿਰਨ ਬੇਦੀ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਆਮ ਆਦਮੀ ਪਾਰਟੀ ਦੇ ਹਮਾਇਤੀ ਸਿੱਖਾਂ ਵੱਲੋਂ ਕਿਰਨ ਬੇਦੀ ਵਿਰੁਧ ਪ੍ਰਚਾਰ ਪੂਰੇ ਜ਼ੋਰਾਂ ‘ਤੇ ਚੱਲ ਰਿਹਾ ਹੈ, ਜਿਸ ਕਾਰਣ ਦਿੱਲੀ ਵਿਚ ਬਾਦਲ ਦਲ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ।
ਸਿੱਖਾਂ ਵਲੋਂ ਕਿਰਨ ਬੇਦੀ ਦੇ ਵਿਰੋਧ ਵਿਚ ਆ ਜਾਣ ਕਾਰਨ ਬਾਦਲ ਦਲ ਬਦਲ ਰਹੇ ਸਿਆਸੀ ਮਾਹੌਲ ਵਿਚ ਕਿਸ ਤਰ੍ਹਾਂ ਵਿਚਰੇਗਾ, ਇਸ ਬਾਰੇ ਸਿਆਸੀ ਹਲਕਿਆਂ ਵਿਚ ਚਰਚਾ ਜਾਰੀ ਹੈ।
ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਲਈ ਬਾਦਲ ਦਲ ਨੇ 28 ਜਨਵਰੀ ਨੂੰ ਦਿੱਲੀ ਦੇ ਅਕਾਲੀ ਵਰਕਰਾਂ ਅਤੇ ਆਗੂਆਂ ਦਾ ਇਕੱਠ ਸਦਿਆ ਹੈ। ਇਸ ਇਕੱਠ ਨੂੰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਬਾਦਲ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸੰਬੋਧਨ ਕਰਨਗੇ।