ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਲੰਘੀ 8 ਫਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ ਅੱਜ ਸਵੇਰੇ ਸ਼ੁਰੂ ਹੋ ਗਈ। ਗਿਣਤੀ ਦੌਰਾਨ ਸਾਹਮਣੇ ਆਏ ਰੁਝਾਨਾਂ ਤਹਿਤ ਆਮ ਆਦਮੀ ਪਾਰਟੀ ਵੱਡੀ ਜਿੱਤ ਵੱਲ ਵਧ ਰਹੀ ਹੈ।
ਜਿੱਥੇ ਸ਼ੁਰੂਆਤੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਇੱਕ ਵਾਰ 48 ਸੀਟਾਂ ਉੱਪਰ ਅੱਗੇ ਸੀ ਉੱਥੇ ਹੁਣ ਤਾਜ਼ਾ ਹਾਲਾਤ ਇਹ ਹਨ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ 58 ਸੀਟਾਂ ਉੱਤੇ ਅੱਗੇ ਚੱਲ ਰਹੇ ਹਨ।
ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਜੋ ਸ਼ੁਰੂਆਤੀ ਗਿਣਤੀ ਦੇ ਰੁਝਾਨਾਂ ਵਿੱਚ 22 ਸੀਟਾਂ ਉੱਤੇ ਅੱਗੇ ਸੀ ਉਹ ਹੁਣ ਸਿਰਫ 12 ਸੀਟਾਂ ਉੱਤੇ ਹੀ ਅੱਗੇ ਚੱਲ ਰਹੀ ਹੈ।
ਹੁਣ ਤੱਕ ਹੋਈ ਵੋਟਾਂ ਦੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਨੂੰ 52.90% ਵੋਟਾਂ ਅਤੇ ਭਾਜਪਾ ਨੂੰ 39.57% ਵੋਟਾਂ ਮਿਲੀਆਂ ਹਨ।
2015 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 70 ਸੀਟਾਂ ਵਿੱਚੋਂ 67 ਸੀਟਾਂ ਉੱਪਰ ਜਿੱਤ ਦਰਜ ਕਰਕੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਸੀ।