February 14, 2010 | By ਸਿੱਖ ਸਿਆਸਤ ਬਿਊਰੋ
ਮਿਥਿਹਾਸਕ ਘਟਨਾ ਹੈ ਕਿ ਇਕ ਰਾਜਾ ਅੰਨ੍ਹਾ ਤੇ ਬੋਲਾ ਹੋ ਗਿਆ। ਉਸਨੇ ਬੜੇ ਵੈਦਾਂ ਕੋਲੋਂ ਇਲਾਜ ਕਰਵਾਏ ਪਰ ਉਹ ਠੀਕ ਨਾ ਹੋਇਆ , ਆਖਿਰ ਉਸਨੇ ਢੰਡੋਰਾ ਪਿਟਵਾਇਆ ਕਿ ਜੇਕਰ ਕੋਈ ਵੈਦ ਉਸ ਨੂੰ ਠੀਕ ਕਰ ਦੇਵੇ ਤਾਂ ਉਹ ਆਪਣਾ ਸਾਰਾ ਰਾਜ ਭਾਗ ਉਸਨੂੰ ਦੇ ਦੇਵੇਗਾ। ਇਕ ਵੈਦ ਨੇ ਉਸਦਾ ਇਲਾਜ ਸ਼ੁਰੂ ਕੀਤਾ ਤੇ ਉਹ ਥੋੜ੍ਹੇ ਹੀ ਸਮੇਂ ਵਿਚ ਠੀਕ ਹੋ ਗਿਆ ਅਤੇ ਉਸਨੇ ਆਪਣੇ ਵਾਅਦੇ ਅਨੁਸਾਰ ਉਸ ਵੈਦ ਨੂੰ ਖੁਦ ਰਾਜਗੱਦੀ ਤੇ ਬਿਠਾ ਦਿੱਤਾ। ਪਹਿਲੀ ਗੱਲ ਤਾਂ ਉਹ ਸਤਯੁਗੀ ਰਾਜਾ ਸੀ ਜਿਸਨੂੰ ਆਪਣੇ ਅੰਨ੍ਹੇ ਤੇ ਬੋਲੇ ਹੋਣ ਦਾ ਅਹਿਸਾਸ ਹੋ ਗਿਆ, ਜੇ ਅੱਜ ਦੇ ਸੱਤਾਧਾਰੀ ਖਾਸ ਕਰਕੇ ਪੰਜਾਬ ਦੇ ਲੀਡਰਾਂ ਵਰਗਾ ਹੁੰਦਾ ਤਾਂ ਉਹਨੇ ਇਹ ਗੱਲ ਮੰਨਣੀ ਨਹੀਂ ਸੀ ਕਿ ਉਹ ਅੰਨ੍ਹਾ ਤੇ ਬੋਲਾ ਹੈ,ਦੂਸਰਾ ਉਸਨੇ ਇਲਾਜ ਕਰਨ ਵਾਲੇ ਵੈਦ ਨੂੰ ਕਦੇ ਵੀ ਕੀਤੇ ਵਾਅਦੇ ਅਨੁਸਾਰ ਗੱਦੀ ਤੇ ਬਿਠਾਉਣ ਦੀ ਬਜਾਏ ਕੋਈ ਝੂਠਾ ਕੇਸ ਪਾਕੇ ਅੰਦਰ ਤੁੰਨ ਦੇਣਾ ਸੀ। ਗੱਲ ਅੱਗੇ ਤੋਰਦੇ ਹਾਂ ਵੈਦ ਨੂੰ ਰਾਜਭਾਗ ਤੇ ਬਿਠਾ ਦਿੱਤਾ ਗਿਆ ਅਤੇ ਉਹ ਖੁਦ ਵੀ ਅੰਨ੍ਹਾ ਤੇ ਬੋਲਾ ਹੋ ਗਿਆ। ਇਸਦਾ ਮੂਲ ਕਾਰਨ ਸੱਤਾ ਦਾ ਨਸ਼ਾ ਹੀ ਸੀ ਜਿਸਨੇ ਉਸਨੂੰ ਵੀ ਅੰਨ੍ਹਾ ਬੋਲਾ ਕਰ ਦਿੱਤਾ। ਅੱਜ ਪੰਜਾਬ ਸਰਕਾਰ ਦਾ ਵੀ ਇਹ ਹੀ ਹਾਲ ਹੈ। ਉਹ ਸੱਤਾ ਦੇ ਨਸ਼ੇ ਵਿਚ ਅੰਨ੍ਹੀ ਤੇ ਬੋਲੀ ਹੈ। ਉਸਨੂੰ ਨਾ ਕੁੱਝ ਦਿਸ ਰਿਹਾ ਹੈ ਅਤੇ ਨਾ ਕੁੱਝ ਸੁਣ ਰਿਹਾ ਹੈ। ਚਾਰੇ ਪਾਸੇ ਅਰਾਜਕਤਾ ਫੈਲੀ ਹੋਈ ਹੈ। ਅਮਨ ਕਾਨੂੰਨ ਦੀ ਸਥਿੱਤੀ ਦਿਨੋ ਦਿਨ ਵਿਗੜ ਰਹੀ ਹੈ।
ਭ੍ਰਿਸ਼ਟਾਚਾਰ ਦਾ ਬੋਲਬਾਲਾਹੈ, ਧੱਕੇਸ਼ਾਹੀਆਂ, ਅਨਿਆਂ, ਬੇਰੁਜ਼ਗਾਰੀ, ਬੇਚੈਨੀ ਹਰ ਪਾਸੇ ਫੈਲੀ ਹੋਈ ਹੈ। ਕਿਸੇ ਦੀ ਸਰਕਾਰੇ ਦਰਬਾਰੇ ਕੋਈ ਸੁਣਵਾਈ ਨਹੀਂ।ਮਾੜੇ ਦਾ ਜੀਉਣਾ ਦੁੱਭਰ ਹੋਇਆ ਪਿਆ ਹੈ। ਜਦੋਂ ਚੋਣਾ ਆਉਂਦੀਆਂ ਹਨ ਤਾਂ ਇਹ ਲੋਕ, ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਹਾਸਲ ਕਰ ਲੈਂਦੇ ਹਨ ਤੇ ਫੇਰ ਜਦੋਂ ਉਹ ਲੋਕ ਆਪਣੇ ਹੱਕ ਮੰਗਦੇ ਹਨ ਤਾਂ ਉਨ੍ਹਾ ਤੇ ਪੁਲਿਸ ਦਾ ਡੰਡਾ ਵਰਾਇਆ ਜਾਂਦਾ ਹੈ,ਜੇਲ੍ਹਾਂ ਵਿਚ ਸੁੱਟਿਆ ਜਾਂਦਾ ਹੈ। ਝੂਠੇ ਕੇਸ ਦਰਜ ਕੀਤੇ ਜਾਂਦੇ ਹਨ। ਕਿਸਾਨ,ਮਜ਼ਦੂਰ, ਮੁਲਾਜ਼ਮ ਜੱਥੇਬੰਦੀਆਂ ਸੰਘਰਸ਼ ਦੇ ਰਾਜ ਪਈਆਂ ਹੋਈਆਂ ਹਨ,ਧਰਨੇ ,ਮੁਜਾਹਰੇ ਅਤੇ ਮਰਨ ਵਰਤ ਰੱਖੇ ਜਾ ਰਹੇ ਹਨ ਪਰ ਪੰਜਾਬ ਦੀ ਇਸ ਅੰਨ੍ਹੀ,ਬੋਲੀ ਸਰਕਾਰ ਨੂੰ ਕੁੱਝ ਸੁਣਾਈ ਨਹੀਂ ਦਿੰਦਾ। ਉਂਜ ਤਾਂ ਪੰਜਾਬ ਵਿਚ ਰੋਜ਼ਾਨਾ ਹੀ ਆਮ ਲੋਕ ਅਣਆਈ ਮੌਤ ਮਰ ਰਹੇ ਹਨ। ਕਦੇ ਕੋਈ ਕਿਸਾਨ ਕਰਜ਼ੇ ਦੇ ਬੋਝ ਦਾ ਮਾਰਿਆ ਖੁਦਕਸ਼ੀ ਕਰ ਲੈਂਦਾ ਹੈ ,ਕਦੇ ਕੋਈ ਮਜ਼ਦੂਰ ਇਸ ਨਰਕ ਦੀ ਜ਼ਿੰਦਗੀ ਤੋਂ ਖਹਿੜਾ ਛੁਡਵਾਉਣ ਲਈ ਪਰੀਵਾਰ ਤਕ ਖਤਮ ਕਰ ਲੈਂਦਾ ਹੈ, ਪਰ ਕੋਈ ਪ੍ਰਵਾਹ ਨਹੀਂ ਮਰੀ ਜਾਉ ਵਥੇਰਾ 2 ਨੰ: ਦਾ ਪੈਸਾ ਹੈ 4 ਲੱਖ ਦੇ ਕੇ ਮੂੰਹ ਬੰਦ ਕਰ ਦਿੱਤਾ ਜਾਂਦਾ ਹੈ। ਬੰਦੇ ਦੀ ਮੌਤ ਦੀ ਕੁੱਤੇ ਜਿੰਨੀ ਕਦਰ ਨਹੀਂ।
ਅੱਜ ਦੇ ਅਖਬਾਰਾਂ ਵਿਚ ਇਕ ਬੜੀ ਦੁਖਦਾਈ ਖਬਰ ਛਪੀ ਹੈ ਕਿ ਇਕ ਫਰੀਦਕੋਟ ਸ਼ਹਿਰ ਦੀ ਰਹਿਣ ਵਾਲੀ ਲੜਕੀ ਕਿਰਨਜੀਤ ਕੌਰ ਜੋ ਈ ਜੀ ਐਸ ਅਧਿਆਪਕਾ ਸੀ ਆਪਣੀਆਂ ਹੱਕੀ ਮੰਗਾਂ ਲਈ ਕਪੂਰਥਲਾ ਵਿਖੇ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਆਪਣੀ ਜੱਥੇਬੰਦੀ ਸਮੇਤ ਧਰਨੇ ਮੁਜਾਹਰੇ ਵਿਚ ਸ਼ਾਮਲ ਹੋਈ ਸੀ ਅਤੇ ਉਹ ਸ਼ਾਤਮਈ ਰੋਸ ਮਾਰਚ ਲੈ ਕੇ ਸਿੱਖਿਆ ਮੰਤਰੀ ਦੀ ਕੋਠੀ ਵੱਲ ਵਧ ਰਹੇ ਸਨ ਤਾਂ ਅੱਗੋਂ ਪੰਜਾਬ ਸਰਕਾਰ ਦੀ ਭਤੀਜੀ ਪੰਜਾਬ ਪੁਲਿਸ ਨੇ ਉਨ੍ਹਾ ਤੇ ਡੰਡਾ ਵਰ੍ਹਾਇਆ ਜਿਸ ਕਰਕੇ ਇਸ ਰੋਹ ਵਿਚ ਆਏ ਇਕ ਅਧਿਆਪਕ ਅਤੇ ਤਿੰਨ ਅਧਿਆਪਕਾਵਾਂ ਸਮੇਤ ਕਿਰਨਜੀਤ ਕੌਰ ਕਪੂਰਥਲਾ ਸ਼ਹਿਰ ਦੇ ਹਸਪਤਾਲ ਦੀ ਪਾਣੀ ਵਾਲੀ ਟੈਂਕੀ ਤੇ ਚੜ੍ਹ ਗਏ ਅਤੇ ਆਤਮਦਾਹ ਦੀ ਧਮਕੀ ਦਿੱਤੀ ਪਰ ਪੰਜਾਬ ਪੁਲਿਸ ਦੇ ਇਕ ਡੀ ਐਸ ਪੀ ਬਹਾਦਰ ਸਿੰਘ ਨੇ ਆਪਣੇ ਹੈਂਕੜੀ ਸੁਭਾਅ ਨਾਲ ਤਾਅਨਾ ਮਾਰਿਆ ਕਿ ਐਵੇਂ ਪਾਖੰਡ ਕਰਦੇ ਨੇ ਅਤੇ ਲੜਕੀਆਂ ਪ੍ਰਤੀ ਅਪ ਸ਼ਬਦ ਬੋਲੇ ਤਾਂ ਅਣਖੀਲੀ ਮੁਟਿਆਰ ਕਿਰਨਜੀਤ ਨੇ ਉਸਦੇ ਤਾਅਨੇ ਦਾ ਢੁੱਕਵਾਂ ਉੱਤਰ ਦੇਣ ਲਈ ਆਪਣੇ ਆਪ ਤੇ ਪਟਰੌਲ ਛਿੜਕਕੇ ਅੱਗ ਲਗਾ ਲਈ ਅਤੇ 90 ਪ੍ਰਤੀਸ਼ਤ ਸੜ ਗਈ। ਦੁੱਖ ਦੀ ਗੱਲ ਕਿ ਸੜ ਰਹੀ ਲੜਕੀ ਨੂੰ ਬਚਾਉਣ ਲਈ ਪ੍ਰਸ਼ਾਸ਼ਨ ਅੱਗੇ ਨਹੀਂ ਆਇਆ,ਅਫਸਰ ਘਟਨਾ ਵਾਲੀ ਥਾਂ ਕਈ ਕਈ ਘੰਟੇ ਲੇਟ ਪੁੱਜੇ ਜਿਵੇਂ ਕੋਈ ਆਮ ਘਟਨਾ ਹੋਵੇ। ਕੱਲ੍ਹ ਦੀ ਘਟਨਾ ਵਾਪਰੀ ਹੈ ਪਰ ਅਜੇ ਤੱਕ ਬੋਲੀ ਸਰਕਾਰ ਵੱਲੋਂ ਕੋਈ ਹਾਅ ਦਾ ਨਾਹਰਾ ਵੀ ਨਹੀਂ ਮਾਰਿਆ ਗਿਆ। ਹੁਣ ਮਰਨ ਤੋਂ ਬਾਅਦ ਸਰਕਾਰ ਦੇ ਨੁਮਾਇੰਦੇ ਆਉਣਗੇ ਪਰੀਵਾਰ ਨੂੰ ਲੱਖਾਂ ਦੇ ਚੈੱਕ ਦੇ ਜਾਣਗੇ ,।ਇਨ੍ਹਾ ਲਈ ਪੈਸਾ ਮਿੱਟੀ ਦੀ ਮੁੱਠ ਵਰਗਾ ਹੈ ਕਿਹੜਾ ਕਹੀ ਵਾਹਕੇ ਕਮਾਏ ਨੇ,ਪਰ ਮਸਲੇ ਦੀ ਜੜ੍ਹ ਵੱਲ ਕਿਸੇ ਨਹੀਂ ਜਾਣਾ। ਜਦੋਂ ਕਿ ਇਹ ਅਧਿਆਪਕ ਇਕ ਮਹੀਨਾ ਲੋਕ ਸਭਾ ਚੋਣਾ ਵੇਲੇ ਆਪਣੀਆਂ ਮੰਗਾਂ ਨੂੰ ਲੈ ਕੇ ਬਠਿੰਡਾ ਵਿਖੇ ਵੀ ਸੰਘਰਸ਼ ਕਰਦੇ ਰਹੇ ਸੀ ਅਤੇ ਉਸ ਸਮੇਂ ਵੀ ਇਕ ਲੜਕੀ ਨੇ ਟੈਂਕੀ ਤੇ ਚੜ੍ਹਕੇ ਛਾਲ ਮਾਰਨ ਦੀ ਧਮਕੀ ਦਿੱਤੀ ਸੀ ਤੇ ਉਸ ਸਮੇਂ ਇਹ ਲਾਰਾ ਦੇ ਦਿੱਤਾ ਗਿਆ ਸੀ ਕਿ ਈ ਜੀ ਐਸ ਅਧਿਆਪਕਾਂ ਨੂੰ ਬਿਨਾ ਸ਼ਰਤ ਈ ਟੀ ਟੀ ਵਿਚ ਦਾਖਲਾ ਦਿੱਤਾ ਜਾਵੇਗਾ ਪਰ ਬਾਅਦ ਵਿਚ ਫਿਰ ਉਹੀ ਸ਼ਰਤਾਂ ਲਾਗੂ ਰਹੀਆਂ ਜਿਸ ਕਰਕੇ ਹੁਣ ਦੁਬਾਰਾ ਪਿਛਲੇ 25 ਦਿਨਾ ਤੋਂ ਕਪੂਰਥਲੇ ਚ ਇਹ ਅਧਿਆਪਕ, ਸਿੱਖਿਆ ਮੰਤਰੀ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਧਰਨੇ ਤੇ ਬੈਠੇ ਸਨ। 25 ਦਿਨ ਉਨ੍ਹਾ ਦੀ ਗੱਲ ਵੱਲ ਕਿਸੇ ਧਿਆਨ ਨਹੀਂ ਦਿੱਤਾ ,ਜਿਸ ਕਰਕੇ ਅੱਜ ਇਸ ਨੌਜਵਾਨ ਲੜਕੀ ਨੂੰ ਆਪਣੀ ਜਾਨ ਦੀ ਅਹੂਤੀ ਦੇਣੀ ਪਈ। ਸ਼ਾਬਾਸ਼ ਅਣਖੀਲੀਏ ਧੀਏ ਤੂੰ ਆਪਣੀ ਜਾਨ ਦੀ ਕੁਰਬਾਨੀ ਆਪਣੇ ਲਈ ਨਹੀਂ,ਆਪਣੇ ਹਮਸਫਰ ਸਾਥੀਆਂ ਲਈ ਦਿੱਤੀ ਏ ਅਤੇ ਉਸ ਖਾਕੀ ਦੇ ਗੁਲਾਮ ਅਫਸਰ ਦੇ ਮੂੰਹ ਤੇ ਚਪੇੜ ਮਾਰੀ ਏ ਜੀਹਨੇ ਤੁਹਾਡੇ ਕੁਰੈਕਟਰ ਬਾਰੇ ਅਪਸ਼ਬਦ ਬੋਲੇ ਸਨ। ਭਗਤ ਸਿੰਘ ਵਾਂਗ ਬੋਲੀ ਸਰਕਾਰ ਦੇ ਕੰਨ ਖੋਲ੍ਹਣ ਦਾ ਹੌਸਲਾ ਕੀਤਾ ਹੈ। ਤੈਨੂੰ ਸਰਕਾਰ ਤਾਂ ਨਹੀਂ ਲੋਕ ਸ਼ਹੀਦ ਧੀ ਦਾ ਰੁਤਬਾ ਜਰੂਰ ਦੇਣਗੇ। ਪੰਜਾਬ ਦੀਏ ਧੀਏ ਮੈਂ ਵੀ ਤੈਨੂੰ ਆਪਣੇ ਵੱਲੋਂ ਹੰਝੂਆਂ ਦੀ ਸ਼ਰਧਾਂਜਲੀ ਭੇਂਟ ਕਰਦਾ ਹਾਂ। ਮੈਂ ਵੀ ਇਕ ਧੀ ਦਾ ਬਾਪ ਹਾਂ,ਧੀ ਤਾਂ ਧੀ ਹੈ ਮੈਨੂੰ ਤੇਰੇ ਤੇ ਮੇਰੀ ਧੀ ਵਿਚ ਕੋਈ ਫਰਕ ਨਜ਼ਰ ਨਹੀਂ ਆਉਂਦਾ।
—
ਗੁਰਭੇਜ ਸਿੰਘ ਚੌਹਾਨ
Related Topics: Punjab Government