ਨਵੀਂ ਦਿੱਲੀ: ਭਾਰਤ ਸਰਕਾਰ ਨੇ ਅੱਜ ਕਰੀਮੀਨਲ ਕਾਨੂੰਨ (ਸੋਧ) ਓਰਡੀਨੈਂਸ, 2018 ਨੂੰ ਪ੍ਰਵਾਨ ਕਰਦਿਆਂ 12 ਸਾਲ ਤੋਂ ਘੱਟ ਉਮਰ ਦੇ ਬੱਚੇ ਨਾਲ ਬਲਾਤਕਾਰ ਦੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦੇਣ ‘ਤੇ ਮੋਹਰ ਲਾ ਦਿੱਤੀ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਬਾਰਤ ਵਿਚ ਵਧ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਅਤੇ ਖਾਸ ਤੌਰ ‘ਤੇ ਬੱਚੀਆਂ ਨਾਲ ਹੋ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਸਰਕਾਰ ਨੇ ਇਹ ਕਦਮ ਚੁੱਕਿਆ ਹੈ।
ਇਸ ਤੋਂ ਇਲਾਵਾ ਬਲਾਤਕਾਰ ਨਾਲ ਸਬੰਧਿਤ ਕੇਸਾਂ ਦੇ ਛੇਤੀ ਨਿਪਟਾਰੇ ਲਈ ਹੋਰ ਜ਼ਰੂਰੀ ਕਦਮ ਚੁੱਕਣ ਦਾ ਵੀ ਫੈਂਸਲਾ ਕੀਤਾ ਗਿਆ ਹੈ।
ਇਸ ਓਰਡੀਨੈਂਸ ਅਨੁਸਾਰ ਕਿਸੇ ਔਰਤ ਨਾਲ ਬਲਾਤਕਾਰ ਕਰਨ ਦੇ ਦੋਸ਼ੀ ਨੂੰ ਘੱਟੋ-ਘੱਟ ਸਜ਼ਾ 7 ਸਾਲ ਤੋਂ ਵਧਾ ਕੇ 10 ਸਾਲ ਕੀਤੀ ਗਈ ਹੈ, ਜੋ ਉਮਰ ਕੈਦ ਤਕ ਵਧਾਈ ਜਾ ਸਕਦੀ ਹੈ।
16 ਸਾਲ ਤੋਂ ਘੱਟ ਉਮਰ ਦੀ ਕੁੜੀ ਨਾਲ ਬਲਾਤਕਾਰ ਕਰਨ ਦੀ ਸਜ਼ਾ ਘੱਟੋ-ਘੱਟ 10 ਸਾਲ ਤੋਂ ਵਧਾ ਕੇ 20 ਸਾਲ ਕੀਤੀ ਗਈ ਹੈ, ਜਿਸ ਨੂੰ ਤਾਅ-ਉਮਰ ਕੈਦ ਸਜ਼ਾ ਤਕ ਵਧਾਇਆ ਜਾ ਸਕਦਾ ਹੈ।
16 ਸਾਲ ਤੋਂ ਘੱਟ ਉਮਰ ਦੀ ਕੁੜੀ ਨਾਲ ਸਮੂਹਿਕ ਬਲਾਤਕਾਰ ਦੇ ਕੇਸ ਵਿਚ ਦੋਸ਼ੀਆਂ ਲਈ ਤਾਅ-ਉਮਰ ਕੈਦ ਦੀ ਸਜ਼ਾ ਦਾ ਫੈਂਸਲਾ ਕੀਤਾ ਗਿਆ ਹੈ।
ਇਸੇ ਤਰ੍ਹਾਂ 12 ਸਾਲ ਤੋਂ ਘੱਟ ਉਮਰ ਦੀ ਕੁੜੀ ਨਾਲ ਬਲਾਤਕਾਰ ਦੇ ਕੇਸ ਵਿਚ ਘੱਟੋ-ਘੱਟ ਸਜ਼ਾ 20 ਸਾਲ ਅਤੇ ਉਸਨੂੰ ਤਾਅ-ਉਮਰ ਕੈਦ ਦੀ ਸਜ਼ਾ ਤਕ ਵਧਾਇਆ ਜਾ ਸਕਦਾ ਹੈ।
12 ਸਾਲ ਤੋਂ ਘੱਟ ਉਮਰ ਦੀ ਕੁੜੀ ਨਾਲ ਸਮੂਹਿਕ ਬਲਾਤਕਾਰ ਦੇ ਦੋਸ਼ੀਆਂ ਨੂੰ ਤਾਅ-ਉਮਰ ਕੈਦ ਦੀ ਸਜ਼ਾ ਜਾ ਮੌਤ ਦੀ ਸਜ਼ਾ ਦਿੱਤੀ ਜਾਵੇਗੀ।