ਆਮ ਖਬਰਾਂ

ਕਿਸਾਨ ਖੁਦਕੁਸ਼ੀਆਂ: ਕਿਸੇ ਇਕ ਕਿਸਾਨ ਦਾ ਕਰਜ਼ਾ ਮਾਫ ਕਰਨ ਨਾਲ ਸਮੱਸਿਆ ਦਾ ਹੱਲ ਨਹੀਂ ਹੋਣਾ

By ਸਿੱਖ ਸਿਆਸਤ ਬਿਊਰੋ

September 08, 2016

ਸੰਗਰੂਰ: ਕਿਸਾਨੀ ਮੰਗਾਂ ਵਾਸਤੇ ਪੱਕਾ ਮੋਰਚਾ ਲਾਉਣ ਲਈ ਚੰਡੀਗੜ੍ਹ ਜਾਂਦਿਆਂ ਪੁਲਿਸ ਵੱਲੋਂ ਰੋਕੇ ਜਾਣ ’ਤੇ ਸੁਨਾਮ-ਪਟਿਆਲਾ ਸੜਕ ਉੱਤੇ ਪਿੰਡ ਘਰਾਚੋਂ ’ਚ ਚੱਲ ਰਹੇ ਧਰਨੇ ਦੌਰਾਨ ਪਿੰਡ ਸਾਰੋਂ ਦੇ ਕਿਸਾਨ ਦਰਸ਼ਨ ਸਿੰਘ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਸੀ। ਸਿਰਫ਼ ਦੋ ਵਿੱਘੇ ਜ਼ਮੀਨ ਦੇ ਮਾਲਕ ਕਿਸਾਨ ਦਰਸ਼ਨ ਸਿੰਘ ਸਿਰ ਕਰੀਬ ਅੱਠ ਲੱਖ ਰੁਪਏ ਕਰਜ਼ਾ ਸੀ। ਕਰਜ਼ਾ ਨਾ ਮੋੜਨ ਦੀ ਸੂਰਤ ਵਿੱਚ ਬੈਂਕ ਵੱਲੋਂ ਘਰ ਦੀ ਨਿਲਾਮੀ ਦਾ ਨੋਟਿਸ ਵੀ ਭੇਜਿਆ ਗਿਆ ਸੀ। ਇਸ ਕਾਰਨ ਦਰਸ਼ਨ ਸਿੰਘ ਕਾਫ਼ੀ ਪ੍ਰੇਸ਼ਾਨ ਰਹਿੰਦਾ ਸੀ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਵਿੱਚ ਕਿਸਾਨਾਂ ਨੇ ਮੰਗਾਂ ਪ੍ਰਤੀ ਸੁਣਵਾਈ ਹੋਣ ਤੱਕ ਕਿਸਾਨ ਦਾ ਸਸਕਾਰ ਨਾ ਕਰਨ ਦਾ ਐਲਾਨ ਕੀਤਾ ਹੈ।

ਸਰਕਾਰ ਵਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਮੰਨਦਿਆਂ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਮੁੱਖ ਮੰਤਰੀ ਰਾਹਤ ਕੋਸ਼ ਵਿਚੋਂ ਦਸ ਲੱਖ ਰੁਪਏ ਦਾ ਚੈਕ ਅਤੇ ਮੁਆਵਜ਼ੇ ਦੇ ਰੂਪ ਵਿਚ 3 ਲੱਖ ਰੁਪਏ ਵੱਖਰੇ ਤੌਰ ‘ਤੇ ਦਿੱਤੇ ਗਏ। ਜੋ ਕਿ ਸੰਗਰੂਰ ਦੇ ਡੀ.ਸੀ. ਅਰਸ਼ਦੀਪ ਸਿੰਘ ਥਿੰਦ ਨੇ ਮ੍ਰਿਤਕ ਕਿਸਾਨ ਦੀ ਪਤਨੀ ਬਲਦੇਵ ਕੌਰ ਨੂੰ ਦਿੱਤੇ। ਸਰਕਾਰ ਵਲੋਂ ਦਰਸ਼ਨ ਸਿੰਘ ਦੇ ਬੈਂਕ ਕਰਜ਼ੇ ਨੂੰ ਮਾਫ ਕਰਨ ਅਤੇ ਦਰਸ਼ਨ ਸਿੰਘ ਦੇ ਪੋਤੇ ਕਰਨਵੀਰ ਨੂੰ ਮਾਲੀਆ ਮਹਿਕਮੇ ਵਿਚ ਠੇਕਾ ਸਿਸਟਮ ਤਹਿਤ ਨੌਕਰੀ ਦੇਣ ਅਤੇ ਅਗਾਂਹ ਨੌਕਰੀ ਪੱਕੀ ਕਰਨ ਦੇ ਐਲਾਨ ਤੋਂ ਬਾਅਦ ਹੀ ਪਰਿਵਾਰ ਨੇ ਦਰਸ਼ਨ ਸਿੰਘ ਦਾ ਅੰਤਮ ਸੰਸਕਾਰ ਕੀਤਾ।

ਖੁਦਕੁਸ਼ੀ ਕਰਨ ਤੋਂ ਬਾਅਦ ਸਰਕਾਰਾਂ ਵਲੋਂ ਦਿੱਤੇ ਜਾਂਦੇ ਮੁਆਵਜ਼ਿਆਂ ਨਾਲ ਕਿਸਾਨ ਖੁਦਕੁਸ਼ੀਆਂ ਨਹੀਂ ਰੁਕਣਗੀਆਂ। ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਸਰਕਾਰਾਂ ਨੂੰ ਆਪਣੀਆਂ ਨੀਤੀਆਂ ਬਦਲਨੀਆਂ ਪੈਣਗੀਆਂ ਤਾਂ ਜੋ ਕਰਜ਼ਾ ਚੜ੍ਹਨ ਦੀ ਨੌਬਤ ਹੀ ਨਾ ਆਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: