ਨਿਊਯਾਰਕ: ਇੱਥੋਂ ਦੇ ਸਿੱਖ ਭਾਈਚਾਰੇ ਵੱਲੋਂ ਮਨਾਏ ਗਏ ਦਸਤਾਰ ਦਿਹਾੜੇ ਮੌਕੇ ਸ਼ਹਿਰ ਦੇ ਟਾਈਮਜ਼ ਸਕੁਏਅਰ ਵਿੱਚ ਵੱਖ ਵੱਖ ਰੰਗਾਂ ਦੀਆਂ ਪੱਗਾਂ ਦਾ ਸੈਲਾਬ ਆ ਗਿਆ। ਸ਼ਨਿਚਰਵਾਰ ਨੂੰ ਨਿਊ ਯਾਰਕ ਦੇ ਸਿੱਖਾਂ ਦੀਆਂ ਜਥੇਬੰਦੀਆਂ ਨੇ ਮਹਿਮਾਨਾਂ ਦੇ ਦਸਤਾਰਾਂ ਸਜਾਈਆਂ ਤੇ ਨਾਲ ਹੀ ਉਨ੍ਹਾਂ ਨੂੰ ਆਪਣੇ ਧਰਮ ਤੇ ਵਿਰਸੇ ਦੀ ਜਾਣਕਾਰੀ ਦਿੱਤੀ। ਸਮਝਿਆ ਜਾਂਦਾ ਹੈ ਕਿ ਅਮਰੀਕਾ ਵਿੱਚ ਅਜੇ ਵੀ ਸਿੱਖਾਂ ਬਾਰੇ ਕਈ ਤਰ੍ਹਾਂ ਦੇ ਭੁਲੇਖੇ ਬਣੇ ਹੋਏ ਹਨ।
ਸਿੱਖਜ਼ ਆਫ਼ ਨਿਊ ਯਾਰਕ ਦੇ ਇਸ ਸਮਾਗਮ ਦੇ ਇਕ ਪ੍ਰਬੰਧਕ ਗਗਨਦੀਪ ਸਿੰਘ ਨੇ ਦੱਸਿਆ ‘‘ ਇਹ ਸਮਾਗਮ ਕਰਾਉਣ ਦਾ ਮੰਤਵ ਇਹ ਚੇਤਨਾ ਫੈਲਾਉਣਾ ਹੈ ਕਿ ਸਿਰਾਂ ’ਤੇ ਦਸਤਾਰ ਸਜਾਉਣ ਵਾਲੇ ਲੋਕੀਂ ਸਿੱਖ ਅਖਵਾਉਂਦੇ ਹਨ। ਅਸੀਂ ਇਹ ਵੀ ਦੱਸਦੇ ਹਾਂ ਕਿ ਸਿੱਖ ਦਸਤਾਰ ਕਿਉਂ ਬੰਨ੍ਹਦੇ ਹਨ ਤੇ ਇਸ ਦਾ ਮਨੋਰਥ ਕੀ ਹੈ। ਇਹ ਤੁਹਾਨੂੰ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਂਦੀ ਹੈ। ਜੇ ਕੋਈ ਲੋੜਵੰਦ ਹੈ ਤਾਂ ਦਸਤਾਰਧਾਰੀ ਸਿੱਖ ਦਾ ਫ਼ਰਜ਼ ਹੈ ਕਿ ਉਸ ਦੀ ਮਦਦ ਕਰੇ।’’ ਉਨ੍ਹਾਂ ਦੱਸਿਆ ਕਿ ਇਹ ਛੇਵਾਂ ਸਮਾਗਮ ਕਰਾਇਆ ਗਿਆ ਹੈ ਤੇ ਲੋਕਾਂ ਦਾ ਹੁੰਗਾਰਾ ਜ਼ਬਰਦਸਤ ਰਿਹਾ ਹੈ।
ਦਸਤਾਰ ਦਿਵਸ ਸਮਾਗਮ ਵਿੱਚ ਹਿੱਸਾ ਲੈਣ ਵਾਲੀ ਇਕ ਨਾਗਰਿਕ ਹੱਕਾਂ ਦੀ ਜਥੇਬੰਦੀ ਸਿੱਖ ਕੁਲੀਸ਼ਨ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਭਾਈਚਾਰੇ ਦੇ ਮੈਂਬਰਾਂ ਖ਼ਿਲਾਫ਼ ਨਫ਼ਰਤੀ ਹਮਲੇ ਵਧੇ ਹਨ। ਜਥੇਬੰਦੀ ਨੇ ਪਿਛਲੇ ਮਹੀਨੇ ਕਿਹਾ ਸੀ ਕਿ 2018 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਰ ਹਫ਼ਤੇ ਸਿੱਖਾਂ ਨੂੰ ਔਸਤਨ ਇਕ ਨਫ਼ਰਤੀ ਹਮਲੇ ਦਾ ਸਾਹਮਣਾ ਕਰਨਾ ਪੈਂਦਾ ਹੈ। ਅਸਲ ਵਿੱਚ ਨਫ਼ਰਤੀ ਹਮਲਿਆਂ ਦੀ ਗਿਣਤੀ ਕਿਤੇ ਜ਼ਿਆਦਾ ਹੈ ਕਿਉਂਕਿ ਬਹੁਤ ਸਾਰੇ ਪੀੜਤ ਅਜਿਹੇ ਹਮਲਿਆਂ ਦੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਜਾਂ ਸਿੱਖ ਕੁਲੀਸ਼ਨ ਨੂੰ ਇਤਲਾਹ ਨਹੀਂ ਦਿੰਦੇ।
ਅਮਰੀਕਨ ਮੀਡੀਆ ਨੇ ਆਮ ਲੋਕਾਂ ਦੇ ਮਨਾਂ ਵਿੱਚ ਇਹ ਭਰਮ ਬਿਠਾ ਦਿੱਤਾ ਹੈ ਕਿ ਪਗੜੀਧਾਰੀ ਲੋਕ ਦਹਿਸ਼ਤਪਸੰਦ ਹੁੰਦੇ ਹਨ ਤੇ ਇਸ ਦਾ ਸਭ ਤੋਂ ਵੱਧ ਖਮਿਆਜ਼ਾ ਸਿੱਖਾਂ ਨੂੰ ਹੀ ਭੁਗਤਣਾ ਪਿਆ ਹੈ। ਨੈਸ਼ਨਲ ਸਿੱਖ ਕੁਲੀਸ਼ਨ ਦੇ ਬਾਨੀ ਰਾਜਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਕਰਵਾਏ ਗਏ ਇਕ ਸਰਵੇਖਣ ਵਿਚ ਪਾਇਆ ਗਿਆ ਹੈ ਕਿ ਪੱਗ ਦੇਖ ਕੇ ਬਹੁਤ ਸਾਰੇ ਅਮਰੀਕੀਆਂ ਨੂੰ ਬੇਚੈਨੀ ਮਹਿਸੂਸ ਹੁੰਦੀ ਹੈ। ਉਨ੍ਹਾਂ ਕਿਹਾ ‘‘ਬਹੁਤ ਜ਼ਿਆਦਾ ਲੋਕ (ਅਮਰੀਕੀ) ਨਹੀਂ ਜਾਣਦੇ ਕਿ ਇਸ (ਪੱਗ) ਦਾ ਮੰਤਵ ਕੀ ਹੈ। ਉਹ ਇਸ ਨੂੰ ਅਤਿਵਾਦ ਨਾਲ ਜੋੜ ਕੇ ਦੇਖਦੇ ਹਨ ਜਦਕਿ ਇਹ ਸਮਾਨਤਾ ਤੇ ਇਕਸੁਰਤਾ ਦਾ ਪ੍ਰਤੀਕ ਹੈ।’’ ਉਨ੍ਹਾਂ ਕਿਹਾ ਕਿ ਦਸਤਾਰ ਦਿਹਾੜਾ ਅਮਰੀਕੀਆਂ ਤੇ ਸਾਰੇ ਗ਼ੈਰ-ਸਿੱਖਾਂ ਨੂੰ ਦਸਤਾਰ ਬੰਨ੍ਹਣ ਤੇ ਆਪਣੇ ਸਿੱਖ ਅਮਰੀਕੀਆਂ ਨਾਲ ਘੁਲਣ ਮਿਲਣ ਦਾ ਮੌਕਾ ਦਿੰਦਾ ਹੈ। ਵਿਸਾਖੀ ਮੌਕੇ ਦੇਸ਼ ਦੇ ਕਈ ਹੋਰ ਹਿੱਸਿਆਂ ਤੇ ਯੂਨੀਵਰਸਿਟੀਆਂ ਵਿੱਚ ਇਹ ਸਮਾਗਮ ਰਚਾਏ ਜਾ ਰਹੇ ਹਨ।
ਕੈਲੀਫੋਰਨੀਆ ਦੀ ਸੂਬਾਈ ਅਸੈਂਬਲੀ ਵੱਲੋਂ ਮੈਂਬਰ ਅਰਸ਼ ਕਾਲੜਾ ਦੇ ਉਦਮ ’ਤੇ 12 ਅਪਰੈਲ ਨੂੰ ਵਿਸਾਖੀ ਦਾ ਦਿਹਾੜਾ ਮਨਾਉਣ ਲਈ ਇਕ ਮਤਾ ਪਾਸ ਕੀਤੇ ਜਾਣ ਦੇ ਆਸਾਰ ਹਨ। 13 ਅਪਰੈਲ ਨੂੰ ਕੈਲੀਫੋਰਨੀਆ ਦੇ ਫ੍ਰੀਮੌਂਟ ਵਿੱਚ ਸਿੱਖ ਚਿਲਡਰਨ ਫੋਰਮ ਵੱਲੋਂ ਕੌਮਾਂਤਰੀ ਦਸਤਾਰ ਦਿਹਾੜਾ ਮਨਾਇਆ ਜਾ ਰਿਹਾ ਹੈ। ਜਥੇਬੰਦੀ ਵੱਲੋਂ ਦਸਤਾਰ ਨਹੀਂ ਬੰਨ੍ਹਣ ਵਾਲੇ ਸਾਰੇ ਸਿੱਖਾਂ ਨੂੰ ਆਪਣੇ ਆਮ ਵਿਹਾਰ ਵਿੱਚ ਦਸਤਾਰ ਬੰਨ੍ਹਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ।
ਗਿਨੀਜ਼ ਬੁੱਕ ਵਿੱਚ ਦਰਜ ਹੋਇਆ ਸਮਾਗਮ ਸਿੱਖਜ਼ ਆਫ਼ ਨਿਊ ਯਾਰਕ ਦੇ ਬਾਨੀ ਚਰਨਪ੍ਰੀਤ ਸਿੰਘ ਨੇ ਦੱਸਿਆ ਕਿ ਕੁਝ ਘੰਟਿਆਂ ਵਿੱਚ 9000 ਤੋਂ ਵੱਧ ਲੋਕਾਂ ਨੇ ਦਸਤਾਰਾਂ ਬੰਨ੍ਹ ਕੇ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਇਸ ਸਬੰਧੀ ਜਥੇਬੰਦੀ ਨੂੰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਵੱਲੋਂ ਇਕ ਪ੍ਰਮਾਣ ਪੱਤਰ ਦਿੱਤਾ ਗਿਆ ਹੈ।