ਚੰਡੀਗੜ/ਤਰਨ ਤਾਰਨ: ਸਿੱਖ ਧਰਮ ਦੇ ਪੰਜਵੇਂ ਗੁਰੂ ਨਾਲ ਸਬੰਧਤ ਇਤਿਹਾਸਕ ਅਸਥਾਨ ਗੁਰਦੁਆਰਾ ਸਾਹਿਬ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੀ 200 ਸਾਲ ਤੋਂ ਵੱਧ ਪੁਰਾਤਨ ਅਤੇ ਵਿਰਾਸਤੀ ਦਰਸ਼ਨੀ ਡਿਓੜੀ ਨੂੰ ਢਾਹ ਕੇ ਉਸ ਥਾਂ ਨਵੀਂ ਇਮਾਰਤ ਬਣਾਉਣ ਸਬੰਧੀ ਸ਼ੋ੍ਰਮਣੀ ਕਮੇਟੀ ਵਲੋਂ ਇਸ ਦੀ ਕਾਰ ਸੇਵਾ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਨੂੰ ਦਿੱਤੇ ਜਾਣ ‘ਤੇ ਸ਼ੁੱਕਰਵਾਰ ਨੂੰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਥੇ: ਗੁਰਬਚਨ ਸਿੰਘ ਕਰਮੂਵਾਲਾ, ਸ਼ੋ੍ਰਮਣੀ ਕਮੇਟੀ ਮੈਂਬਰ ਖੁਸ਼ਵਿੰਦਰ ਸਿੰਘ ਭਾਟੀਆ ਤੇ ਬਾਬਾ ਜਗਤਾਰ ਸਿੰਘ ਦੀ ਹਾਜ਼ਰੀ ਵਿਚ ਅਰਦਾਸ ਕਰਕੇ ਜਦ ਦਰਸ਼ਨੀ ਡਿਓੜੀ ਨੂੰ ਢਾਹੁਣ ਲਈ ਟੱਕ ਲਗਾਏ ਗਏ ਤਾਂ ਉੱਥੇ ਹਾਜ਼ਰ ਸੰਗਤ ਵਲੋਂ ਇਸ ਦਾ ਭਾਰੀ ਵਿਰੋਧ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਦਰਬਾਰ ਸਾਹਿਬ ਦੀ ਇਸ ਪੁਰਾਤਨ ਡਿਓੜੀ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌਨਿਹਾਲ ਸਿੰਘ ਨੇ ਬਣਵਾਇਆ ਸੀ।
ਸੰਗਤ ਦਾ ਕਹਿਣਾ ਸੀ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਪੁਰਾਤਨ ਦਰਸ਼ਨੀ ਡਿਓੜੀ ਨੂੰ ਬਿਨ੍ਹਾਂ ਵਜ੍ਹਾ ਢਾਹਿਆ ਜਾ ਰਿਹਾ ਹੈ। ਸੰਗਤ ਦੇ ਰੋਹ ਨੂੰ ਦੇਖਦਿਆਂ ਹੋਇਆਂ ਮੌਕੇ ‘ਤੇ ਪੁਰਾਤਨ ਦਰਸ਼ਨੀ ਡਿਓੜੀ ਨੂੰ ਢਾਹੁਣ ਦਾ ਕੰਮ ਰੋਕ ਦਿੱਤਾ ਗਿਆ ਤੇ ਇਹ ਸਾਰਾ ਮਾਮਲਾ ਸ਼ੋ੍ਰਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਾਗੋਵਾਲ ਤੇ ਸਕੱਤਰ ਰੂਪ ਸਿੰਘ ਦੇ ਧਿਆਨ ਵਿਚ ਲਿਆਉਣ ‘ਤੇ ਦਰਸ਼ਨੀ ਡਿਓੜੀ ਨੂੰ ਢਾਹੁਣ ‘ਤੇ ਰੋਕ ਲਗਾ ਦਿੱਤੀ ਗਈ।
ਜਾਣਕਾਰੀ ਅਨੁਸਾਰ ਪਹਿਲਾਂ ਵੀ ਇਤਿਹਾਸਕ ਗੁਰਘਰਾਂ ਵਿਚ ਪੁਰਾਤਨ ਮੀਨਾਕਾਰੀ ਤੇ ਹੋਰਨਾਂ ਥਾਵਾਂ ਨੂੰ ਢਾਹ ਕੇ ਨਵੇਂ ਬਣਾਉਣ ਲਈ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਾਰ ਸੇਵਾ ਵਾਲੇ ਬਾਬਿਆਂ ਨੂੰ ਸੇਵਾ ਦਿੱਤੀ ਗਈ ਹੈ, ਜਿੱਥੇ ਸੇਵਾ ਦੌਰਾਨ ਕਾਰ ਸੇਵਾ ਵਾਲੇ ਬਾਬਿਆਂ ਵਲੋਂ ਗੁਰਦੁਆਰਾ ਸਾਹਿਬ ਅੰਦਰ ਆਪਣੀਆਂ ਗੋਲਕਾਂ ਲਗਾ ਕੇ ਸੇਵਾ ਲਈ ਜਾ ਰਹੀ ਹੈ।
ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੀ 200 ਸਾਲ ਤੋਂ ਵੱਧ ਪੁਰਾਤਨ ਇਸ ਦਰਸ਼ਨੀ ਡਿਓੜੀ ਦੀ ਮੌਜੂਦਾ ਹਾਲਤ ਏਨੀ ਮਾੜੀ ਵੀ ਨਹੀਂ ਹੈ ਕਿ ਇਸ ਨੂੰ ਢਾਹ ਕੇ ਨਵੀਂ ਬਣਾਉਣ ਦੀ ਨੌਬਤ ਆ ਸਕੇ। ਸ਼ੁੱਕਰਵਾਰ ਨੂੰ ਸਵੇਰੇ ਮਿੱਥੇ ਪ੍ਰੋਗਰਾਮ ਅਨੁਸਾਰ ਸ੍ਰੀ ਦਰਬਾਰ ਸਾਹਿਬ ਅੰਦਰ ਸ਼ੋ੍ਰਮਣੀ ਕਮੇਟੀ ਦੇ ਜਨਰਲ ਸਕੱਤਰ ਜਥੇ: ਗੁਰਬਚਨ ਸਿੰਘ ਕਰਮੂਵਾਲਾ, ਸ਼ੋ੍ਰਮਣੀ ਕਮੇਟੀ ਮੈਂਬਰ ਖੁਸ਼ਵਿੰਦਰ ਸਿੰਘ ਭਾਟੀਆ, ਕਾਰ ਸੇਵਾ ਵਾਲੇ ਬਾਬਾ ਜਗਤਾਰ ਸਿੰਘ ਤੇ ਹੋਰ ਸ਼ੋ੍ਰਮਣੀ ਕਮੇਟੀ ਦੇ ਮੁਲਾਜ਼ਮ ਪਹੁੰਚੇ, ਜਿੱਥੇ ਅਰਦਾਸ ਕਰਨ ਤੋਂ ਬਾਅਦ ਉਕਤ ਹਸਤੀਆਂ ਵਲੋਂ ਟੱਪ ਲਗਾ ਕੇ ਇਸ ਪੁਰਾਤਨ ਦਰਸ਼ਨੀ ਡਿਓੜੀ ਨੂੰ ਤੋੜੇ ਜਾਣ ਦੀ ਰਸਮੀ ਤੌਰ ‘ਤੇ ਸ਼ੁਰੂਆਤ ਕੀਤੀ।
ਇਸ ਮੌਕੇ ਹਾਜ਼ਰ ਸੰਗਤ ਵਲੋਂ ਪਵਨਜੀਤ ਸਿੰਘ ਖ਼ਾਲਸਾ, ਹਰਪ੍ਰੀਤ ਸਿੰਘ ਖ਼ਾਲਸਾ, ਦਵਿੰਦਰ ਸਿੰਘ ਸ਼ੱਮਾ, ਬੀਬੀ ਰਣਜੀਤ ਕੌਰ ਸ੍ਰੀ ਕਲਗੀਧਰ ਸੇਵਕ ਜਥਾ ਅੰਮ੍ਤਿਸਰ, ਅਵਤਾਰ ਸਿੰਘ, ਰੁਪਿੰਦਰ ਸਿੰਘ, ਬਲਜੀਤ ਸਿੰਘ ਰੰਧਾਵਾ, ਸਿਮਰਨਜੀਤ ਸਿੰਘ ਬਹਿਲਾ, ਸਕੱਤਰ ਸਿੰਘ, ਵਰਿੰਦਰ ਸਿੰਘ, ਸੁਰਿੰਦਰ ਸਿੰਘ ਜੱਜ, ਗੁਰਪ੍ਰੀਤ ਸਿੰਘ, ਬਲਰਾਜ ਸਿੰਘ ਰੰਧਾਵਾ, ਅਮਨਦੀਪ ਸਿੰਘ ਆਦਿ ਤੋਂ ਇਲਾਵਾ ਹੋਰ ਸੰਗਤ ਨੇ ਕਾਰ ਸੇਵਾ ਵਾਲੇ ਬਾਬੇ ਤੇ ਸ਼ੋ੍ਰਮਣੀ ਕਮੇਟੀ ਦੇ ਇਸ ਕਾਰਜ ਦੀ ਵਿਰੋਧਤਾ ਕੀਤੀ ਤੇ ਕਿਹਾ ਕਿ ਉਹ ਕਿਸੇ ਕੀਮਤ ‘ਤੇ ਵੀ ਇਸ ਪੁਰਾਤਨ ਇਤਿਹਾਸਕ ਇਮਾਰਤ ਨੂੰ ਤੋੜਨ ਨਹੀਂ ਦੇਣਗੇ।
ਹਾਜ਼ਰ ਸੰਗਤ ਨੇ ਕਿਹਾ ਕਿ ਦਰਸ਼ਨੀ ਡਿਓੜੀ ਦੀ ਹਾਲਤ ਬਹੁਤ ਵਧੀਆ ਹੈ ਤੇ ਜੇਕਰ ਕੁਝ ਕਮੀਆਂ ਪੇਸ਼ੀਆਂ ਹਨ ਤਾਂ ਇਸ ਨੂੰ ਮਾਹਿਰ ਕਾਰੀਗਰਾਂ ਨੂੰ ਬੁਲਾ ਕੇ ਠੀਕ ਕਰਨ ਤੋਂ ਬਾਅਦ ਵਧੀਆ ਤਰੀਕੇ ਨਾਲ ਸੰਭਾਲਿਆ ਜਾ ਸਕਦਾ ਹੈ ਪਰ ਇਸ ਪੁਰਾਤਨ ਇਮਾਰਤ ਨੂੰ ਤੋੜਨ ਨਹੀਂ ਦਿੱਤਾ ਜਾਵੇਗਾ।
ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸ਼ੋ੍ਰਮਣੀ ਕਮੇਟੀ ਮਤਿਆਂ ਰਾਹੀਂ ਵੱਖ-ਵੱਖ ਗੁਰਧਾਮਾਂ ਦੀ ਕਾਰ ਸੇਵਾ ਵਾਲੇ ਬਾਬਿਆਂ ਨੂੰ ਸੌਾਪਦੀ ਹੈ ।ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਪੁਰਾਤਨ ਇਤਿਹਾਸ ਨੂੰ ਸੰਭਾਲਣਾ ਅਤੀ ਜ਼ਰੂਰੀ ਹੈ ਤੇ ਇਸ ਤਰ੍ਹਾਂ ਦੇ ਮਾਮਲਿਆਂ ‘ਤੇ ਗੰਭੀਰਤਾ ਨਾਲ ਵਿਚਾਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਪੁਰਾਤਨ ਦਰਸ਼ਨੀ ਡਿਓੜੀ ਦੀ ਇਮਾਰਤ ਨੂੰ ਮੁਰੰਮਤ ਦੀ ਜ਼ਰੂਰਤ ਹੈ ਤਾਂ ਇਸ ਦੇ ਮਾਹਰਾਂ ਪਾਸੋਂ ਰਾਇ ਲੈਣੀ ਚਾਹੀਦੀ ਹੈ ਨਾ ਕਿ ਪੁਰਾਤਨ ਇਤਿਹਾਸਕ ਇਮਾਰਤਾਂ ਨੂੰ ਢਾਹੁਣਾ ਚਾਹੀਦਾ ਹੈ।
ਸ਼ੋ੍ਰਮਣੀ ਕਮੇਟੀ ਦੇ ਸਕੱਤਰ ਰੂਪ ਸਿੰਘ ਨੇ ਇਸ ਮਾਮਲੇ ਬਾਰੇ ਕਿਹਾ ਕਿ ਲੋਕਲ ਕਮੇਟੀ ਜਾਇਦਾਦ ਵਲੋਂ ਮਤਾ ਪਾ ਕੇ ਸ਼ੋ੍ਰਮਣੀ ਕਮੇਟੀ ਪਾਸੋਂ ਇਸ ਪੁਰਾਤਨ ਦਰਸ਼ਨੀ ਡਿਓੜੀ ਨੂੰ ਢਾਹ ਕੇ ਨਵੀਂ ਇਮਾਰਤ ਬਣਾਉਣ ਸਬੰਧੀ ਅਰਜ਼ੀ ਭੇਜੀ ਗਈ ਸੀ, ਜਿਸ ਤੋਂ ਬਾਅਦ ਇਸ ਨੂੰ ਮਨਜ਼ੂਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸੰਗਤ ਵਲੋਂ ਕੀਤੇ ਰੋਸ ਤੇ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਉਣ ਤੋਂ ਬਾਅਦ ਇਸ ਪੁਰਾਤਨ ਦਰਸ਼ਨੀ ਡਿਓੜੀ ਨੂੰ ਢਾਹੇ ਜਾਣ ‘ਤੇ ਰੋਕ ਲਗਾ ਦਿੱਤੀ ਗਈ ਹੈ।
ਇਸ ਸਬੰਧ ‘ਚ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਾਗੋਵਾਲ ਨੇ ਅਗਿਆਨਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਮਾਮਲੇ ਦੀ ਸਾਰੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਸੰਗਤਾਂ ਦੇ ਰੋਸ ਨੂੰ ਦੇਖਦਿਆਂ ਮੀਟਿੰਗ ਤੋਂ ਬਾਅਦ ਹੀ ਅਗਲਾ ਫ਼ੈਸਲਾ ਲਿਆ ਜਾਵੇਗਾ।
ਸ਼ੋ੍ਰਮਣੀ ਅਕਾਲੀ ਦਲ ਦੇ ਸਾਬਕਾ ਸਕੱਤਰ ਜਥੇ. ਮਨਜੀਤ ਸਿੰਘ ਤਰਨ ਤਾਰਨੀ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੀ ਮੁੱਖ ਦਰਸ਼ਨੀ ਡਿਓੜੀ 200 ਸਾਲ ਤੋਂ ਵੱਧ ਪੁਰਾਣੀ ਹੈ। ਸਿੱਖ ਵਿਰਾਸਤੀ ਨੂੰ ਖ਼ਤਮ ਕਰਨਾ ਸਿੱਖੀ ਦੀ ਸੇਵਾ ਨਹੀਂ ਹੈ। ਇਤਿਹਾਸ ਇਹ ਗਵਾਹੀ ਭਰਦਾ ਹੈ ਕਿ ਦਰਸ਼ਨੀ ਡਿਓੜੀ ਦੀ ਇਹ ਇਮਾਰਤ ਇਕ ਨਾਇਬ ਤਹਿਸੀਲਦਾਰ ਮੁਸਲਮਾਨ ਵਲੋਂ ਸ਼ਰਧਾ ਤੇ ਸਤਿਕਾਰ ਨਾਲ ਬਣਵਾਈ ਗਈ ਸੀ। ਅਜਿਹੀਆਂ ਵਿਰਾਸਤਾਂ ਸ਼ੋ੍ਰਮਣੀ ਕਮੇਟੀ ਨੂੰ ਸਾਂਭ ਕੇ ਰੱਖਣੀਆਂ ਚਾਹੀਦੀਆਂ ਹਨ।