ਸਿੱਖ ਖਬਰਾਂ

12 ਦਿਨਾ ਬਾਅਦ ਵੀ ਪੁਲਿਸ ਵੱਲੋਂ ਲਾਪਤਾ ਕੀਤੇ ਦਰਸ਼ਨ ਸਿੰਘ ਦਾ ਕੋਈ ਅਤਾ-ਪਤਾ ਨਹੀਂ; ਪੁਲਿਸ ਨੇ ਕਰਮਜੀਤ ਕੌਰ ਨੂੰ ਪਟਿਆਲਾ ਵਿਖੇ ਹਾਈ ਕੋਰਟ ਦੇ ਮੁੱਖ ਜੱਜ ਨੂੰ ਮਿਲਣ ਤੋਂ ਰੋਕਿਆ

By ਸਿੱਖ ਸਿਆਸਤ ਬਿਊਰੋ

February 24, 2010

ਪਟਿਆਲਾ (24 ਫਰਵਰੀ, 2010): ਆਪਣੇ ਦਿਓਰ ਨੂੰ ਪੁਲਿਸ ਵੱਲੋਂ ਚੁੱਕ ਕੇ ਲਾਪਤਾ ਕਰ ਦੇਣ ਤੋਂ ਪਰੇਸ਼ਾਨ ਬੀਬੀ ਕਰਮਜੀਤ ਕੌਰ, ਵਾਸੀ ਪਿੰਡ ਮਾਣਕੀ ਜਿਲ੍ਹਾ ਸੰਗਰੂਰ ਨੇ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮੁੱਖ ਜੱਜ ਜਸਟਿਸ ਮੁਕੁਲ ਮੁਦਗਿਲ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਅਜਿਹਾ ਕਰਨ ਤੋਂ ਪੁਲਿਸ ਵੱਲੋਂ ਰੋਕ ਦਿਤਾ ਗਿਆ। ਮੁੱਖ ਜੱਜ ਮੁਦਗਿਲ ਅੱਜ ਪਟਿਆਲਾ ਵਿਖੇ ਵਕੀਲਾਂ ਦੇ ਦਫਤਰੀ ਕਮਰਿਆਂ ਦੀ ਇਮਾਰਤ ਦਾ ਨੀਹ-ਪੱਥਰ ਰੱਖਣ ਆਏ ਸਨ।  ਕਰਮਜੀਤ ਕੌਰ ਨੇ ਦੱਸਿਆ ਕਿ ਉਹ ਮੁੱਖ ਜੱਜ ਨੂੰ ਇਹ ਬੇਨਤੀ ਕਰਨ ਆਈ ਸੀ ਕਿ ਉਸ ਦੇ ਦਿਓਰ ਦਰਸ਼ਨ ਸਿੰਘ ਦੀ ਸਲਾਮਤੀ ਦਾ ਪਤਾ ਲਗਾਇਆ ਜਾਵੇ।

ਪਰਿਵਾਰ ਦੇ ਤਿੰਨ ਛੋਟੇ ਬੱਚਿਆਂ ਨਾਲ ਮਾਣਕੀ ਤੋਂ ਪਟਿਆਲਾ ਆਈ ਕਰਮਜੀਤ ਕੌਰ ਨੇ ਦੱਸਿਆ ਕਿ ਪੁਲਿਸ ਨੇ ਉਸ ਦੇ ਪਤੀ ਅਤੇ ਦਿਓਰ ਨੂੰ 13 ਫਰਵਰੀ 2010 ਨੂੰ ਸ਼ਾਮ 6 ਵਜੇ ਦੇ ਕਰੀਬ ਉਨ੍ਹਾਂ ਦੇ ਪਿੰਡ ਮਾਣਕੀ ਸਥਿੱਤ ਘਰ ਤੋਂ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰ ਕਰਨ ਵਾਲੇ ਪੁਲਿਸ ਅਧਿਕਾਰੀ ਗੁਰਮੇਲ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਦੋਵਾਂ ਨੂੰ ਪਟਿਆਲਾ ਵਿਖੇ ਤਾਇਨਾਤ ਤੇ ਪੁਲਿਸ ਦੇ ਖੂਫੀਆ ਵਿਭਾਗ ਦੇ ਏ. ਆਈ. ਜੀ ਸ. ਪ੍ਰਿਤਪਾਲ ਸਿੰਘ ਵਿਰਕ ਦੀਆਂ ਹਿਦਾਇਤਾਂ ਉੱਤੇ ਪੁੱਛ-ਗਿੱਛ ਲਈ ਲਿਜਾਇਆ ਜਾ ਰਿਹਾ ਹੈ ਤੇ ਗੁਰਮੇਲ ਸਿੰਘ ਨੇ ਆਪਣਾ ਅਤੇ ਵਿਰਕ ਦਾ ਸੰਪਰਕ ਨੰਬਰ ਵੀ ਦਿੱਤਾ ਸੀ।

ਬੀਬੀ ਨੇ ਦੱਸਿਆ ਕਿ ਜਦੋਂ 16 ਫਰਵਰੀ ਤੱਕ ਪੁਲਿਸ ਨੇ ਉਨ੍ਹਾਂ ਨੂੰ ਨਾ ਛੱਡਿਆ ਤੇ ਉਨ੍ਹਾਂ ਬਾਰੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਤਾਂ ਪਰਿਵਾਰ ਨੇ 17 ਫਰਵਰੀ ਨੂੰ ਮਨੁੱਖੀ ਹੱਕਾਂ ਦੀ ਸੰਸਥਾ ਸਿੱਖਸ ਫਾਰ ਹਿਊਮਨ ਰਾਈਟਸ ਕੋਲ ਪਹੁੰਚ ਕੀਤੀ ਤੇ ਸੂਬੇ ਦੇ ਹਾਈ ਕੋਰਟ ਦੇ ਮੁਖੀ ਸਮੇਤ ਸਮੇਤ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਵੀ ਚਿੱਠੀਆਂ ਪਾ ਕੇ ਸੂਚਿਤ ਕੀਤਾ ਹੈ। ਉਸ ਨੇ ਦੱਸਿਆ ਕਿ ਪੁਲਿਸ ਨੇ ਉਸ ਦੇ ਪਤੀ ਜਸਬੀਰ ਸਿੰਘ ਜੱਸਾ ਦੀ ਗ੍ਰਿਫਤਾਰੀ 20 ਅਤੇ 21 ਫਰਵਰੀ ਦਰਮਿਆਨੀ ਰਾਤ ਨੂੰ ਦਿਖਾ ਕੇ ਉਸ ਉੱਤੇ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰ ਦਿੱਤਾ ਹੈ ਪਰ ਅਜੇ ਤੱਕ ਦਰਸ਼ਨ ਸਿੰਘ ਬਾਰੇ ਕੁਝ ਵੀ ਪਤਾ ਨਹੀਂ ਲੱਗ ਰਿਹਾ ਕਿ ਉਸ ਦਾ ਕੀ ਬਣਿਆ। ਭਰੇ ਮਨ ਨਾਲ ਕਰਮਜੀਤ ਕੌਰ ਨੇ ਮੀਡੀਆ ਨੂੰ ਵਾਸਤਾ ਪਾਇਆ ਕਿ ਉਸ ਦੇ ਦਿਓਰ ਦਾ ਥਹੁਪਤਾ ਲਗਾਉਣ ਲਈ ਉਸ ਦੀ ਮਦਦ ਕੀਤੀ ਜਾਵੇ।

ਮਨੁੱਖੀ ਹੱਕਾਂ ਦੇ ਕਾਰਕੁਨ ਐਡਵੋਕੇਟ ਲਖਵਿੰਦਰ ਸਿੰਘ, ਸਕੱਤਰ ਸਿੱਖਸ ਫਾਰ ਹਿਊਮਨ ਰਾਈਟਸ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ. ਪਰਮਜੀਤ ਸਿੰਘ ਗਾਜ਼ੀ ਨੇ ਦੱਸਿਆ ਇਹ ਮਨੁੱਖੀ ਹੱਕਾਂ ਦੀ ਉਲੰਘਣਾ ਦਾ ਸੰਗੀਨ ਮਸਲਾ ਹੈ ਇਸ ਸਬੰਧੀ ਢੁਕਵੀਂ ਕਾਰਵਾਈ ਹੋਣੀ ਚਾਹੀਦੀ ਹੈ। ਐਡਵੋਕੇਟ ਲਖਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਜਸਵੀਰ ਸਿੰਘ ਜੱਸਾ ਨੂੰ ਨਾਭਾ ਤੋਂ ਗ੍ਰਿਫਤਾਰ ਕਰਨ ਦੇ ਪੁਲਿਸ ਦੇ ਦਾਅਵੇ ਸ਼ੱਕ ਦੇ ਘਰੇ ਵਿੱਚ ਹਨ ਕਿਉਂਕਿ ਜੱਸਾ ਦੇ ਪੁਲਿਸ ਹਿਰਾਸਤ ਵਿੱਚ ਹੋਣ ਸਬੰਧੀ ਪਰਿਵਾਰ ਵੱਲੋਂ ਪਹਿਲਾਂ ਹੀ ਦਾਅਵਾ ਕੀਤਾ ਜਾ ਰਿਹਾ ਸੀ। ਇੱਥੇ ਇਹ ਗੱਲ ਖਾਸ ਧਿਆਨ ਦੀ ਮੰਗ ਕਰਦੀ ਹੈ ਕਿ ਪੁਲਿਸ ਅਨੁਸਾਰ ਜੋ ਕਾਰ (ਨੰਬਰ ਪੀ. ਬੀ. 10 ਏ. ਜ਼ੈਡ. 3472) ਜੱਸਾ ਕੋਲੋਂ ਗ੍ਰਿਫਤਾਰੀ ਸਮੇਂ ਫੜ੍ਹਨ ਦਾ ਦਾਅਵਾ ਕੀਤਾ ਜਾ ਰਿਹ ਹੈ ਉਹ ਕਾਰ ਜੱਜ ਟੀ. ਪੀ. ਸਿੰਘ ਰੰਧਾਵਾ ਦੇ ਹੁਕਮਾਂ ਤਹਿਤ 16 ਫਰਵਰੀ ਤੋਂ ਹੀ ਨਾਭਾ ਸਦਰ ਠਾਣੇ ਦੇ ਕਬਜ਼ੇ ਵਿੱਚ ਸੀ।

ਐਡਵੋਕੇਟ ਲਖਵਿੰਦਰ ਸਿੰਘ ਨੇ ਕਿਹਾ ਕਿ ਜੱਸਾ ਦੇ ਕੇਸ ਦਾ ਤਾਂ ਫੈਸਲਾ ਅਦਾਲਤ ਨੇ ਹੀ ਕਰਨਾ ਹੈ ਤੇ ਇਸ ਸਮੇਂ ਉਨ੍ਹਾਂ ਦੀ ਸੰਸਥਾ ਦੀ ਸਿਰਫ ਇਹੀ ਮੰਗ ਹੈ ਕਿ ਦਰਸ਼ਨ ਸਿੰਘ ਦੀ ਗੈਰਕਾਨੂੰਨੀ ਹਿਰਾਸਤ ਖਤਮ ਕਰਕੇ ਉਸ ਦੀ ਸਲਾਮਤੀ ਨੂੰ ਯਕੀਨੀ ਬਣਾਇਆ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: