ਖਾਸ ਖਬਰਾਂ

ਪੰਜਾਬ ਦੀ ਅਣਖ ਦੇ ਰਾਖੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੇ ਨਿਸ਼ਾਨੇ ਪੂਰਿਆਂ ਕਰਨ ਲਈ ਲਿਆ ਸਾਂਝਾ ਅਹਿਦ

By ਸਿੱਖ ਸਿਆਸਤ ਬਿਊਰੋ

October 27, 2018

ਚੰਡੀਗੜ੍ਹ: ਅੱਜ ਤੋ ਪੂਰੇ 49 ਸਾਲ ਪਹਿਲਾਂ ਭਾਈ ਦਰਸ਼ਨ ਸਿੰਘ ਫੇਰੂਮਾਨ 27 ਅਕਤੂਬਰ 1969 ਨੂੰ ਪੂਰੇ 74 ਦਿਨ ਅਡੋਲਤਾ ਨਾਲ ਮਰਨ ਵਰਤ ‘ਤੇ ਬੈਠਿਆਂ ਅਰਦਾਸ ਦੇ ਅਮਲ ਦੇ ਝਲਕਾਰੇ ਦਿੰਦਿਆਂ ਏਸ ਜਹਾਨੋਂ ਚਲਾਣਾ ਕਰ ਗਏ ਸਨ। ਵੇਲੇ ਦੇ ਸੰਤ ਅਖਵਾਉਂਦੇ ਅਕਾਲੀ ਆਗੂ ਫਤਿਹ ਸਿੰਘ ਵਲੋਂ 1966 ਵਿੱਚ ਬਣਾਏ ਗਏ ਪੰਜਾਬੀ ਸੂਬੇ ਵਿੱਚੋਂ ਬਾਹਰ ਰੱਖੇ ਗਏ ਪੰਜਾਬੀ ਇਲਾਕਿਆਂ ਨੂੰ ਪੰਜਾਬ ਵਿੱਚ ਰਲਾਉਣ ਦੀ ਮੰਗ ਕਰਦਿਆਂ ਅਰਦਾਸ ਅਤੇ ਅਕਾਲ ਤਖਤ ਦੀ ਮਰਿਯਾਦਾ ਦੀ ਕੀਤੀ ਗਈ ਬੇਅਦਬੀ ਉਹਨਾਂ ਦੀ ਰੂਹ ਸਹਾਰ ਨਾ ਸਕੀ। ਇਸ ਲਈ ਉਹਨਾਂ ਅਰਦਾਸ ਵਿੱਚ ਕੀਤੇ ਹੋਏ ਬਚਨਾਂ ਨੂੰ ਪੂਰਿਆਂ ਕਰਦਿਆਂ ਪੰਜਾਬ ਦੇ ਹੱਕਾਂ ਦੇ ਲਈ ਸ਼ਹੀਦੀ ਦਿੱਤੀ ।

‘ਦਿਮਾਗ ਏ ਕੌਮ’ ਸਿਰਦਾਰ ਕਪੂਰ ਸਿੰਘ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੂੰ ਸਿੱਖ ਹੋਮਲੈਂਡ ਦੇ ‘ਪਹਿਲੇ ਸ਼ਹੀਦ’ ਦਾ ਦਰਜਾ ਦਿੰਦੇ ਹਨ।

ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ 1920 ਵਿੱਚ ਚੱਲੀ ਗੁਰਦੁਆਰਾ ਸੁਧਾਰ ਲਹਿਰ ਵਿੱਚ ਵੀ ਗੁਰਦੁਆਰਾ ਸਾਹਿਬਾਨਾਂ ਨੂੰ ਸਰਕਾਰੀ ਪ੍ਰਭਾਵ ਤੋਂ ਮੁਕਤ ਕਰਵਾਉਣ ਲਈ ਮੋਹਰੀ ਭੂਮਿਕਾ ਨਿਭਾਈ ਸੀ।

ਅੱਜ ਆਲਮੀ ਪੰਜਾਬੀ ਸੰਗਤ ਨੇ ਪੰਜਾਬ ਦੇ ਬਸ਼ਿੰਦਿਆਂ ਨੂੰ ਮੌਕਾ ਦਿੱਤਾ, ਕਿ ਉਹ ਪੰਜਾਬ ਦੇ ਪਿੰਡਾਂ ਨੂੰ ਉਜਾੜ, ਵਸਾਏ ਗਏ ਅਤੇ ਖੋਹੇ ਗਏ ਸ਼ਹਿਰ ਚੰਡੀਗੜ੍ਹ ਵਿੱਚ ਬੈਠ ਕੇ ਪੰਜਾਬ ਦੀ ਖੁਦ ਮੁਖਤਿਆਰੀ ਅਤੇ ਪੰਜਾਬੀ ਬੋਲਦੇ ਇਲਾਕਿਆਂ ਲਈ ਆਪਣਾ ਆਪਾ ਵਾਰਨ ਵਾਲੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੀ ਯਾਦ ਵਿੱਚ ਕੁਝ ਘੜ੍ਹੀਆਂ ਬਿਤਾਉਣ।

ਇਸ ਸਮਾਗਮ ਦੀ ਸੱਦਾ ਚਿੱਠੀ ਉੱਤੇ ਕਿਸੇ ਖਾਸ ਬੁਲਾਰੇ ਦਾ ਨਾਂ ਨਹੀਂ ਸੀ ਲਿਖਿਆ ਗਿਆ, ਸਿਰਫ ਟਿਕਾਣਾ ਜੋ ਕਿ ‘ਕਿਸਾਨ ਭਵਨ’ ਅਤੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦਾ ਨਾਂ ਹੀ ਸੀ। ਜਿਹੜਾ ਵੀ ਪੰਜਾਬ ਨੂੰ ਦੋਬਾਰਾ ਪੰਜਾਬ ਦੇਖਣ ਦੀ ਚਾਹ ਰੱਖਦਾ ਸੀ ਆਉਂਦਾ ਗਿਆ ਤੇ ਕੁਰਸੀਆਂ ‘ਤੇ ਬੈਠਦਾ ਗਿਆ।

ਸਰੋਤਿਆਂ ਅਤੇ ਬੁਲਾਰਿਆਂ ਦੀ ਗਿਣਤੀ ਰਲਾ ਕੇ ਵੀ ਭਾਵੇਂ 100 ਦਾ ਅੰਕੜਾ ਨਹੀਂ ਸੀ ਟੱਪ ਸਕੀ ਪਰ ਸਭਾ ਵਿਚਲੇ ਬੰਦਿਆਂ ਦੀਆਂ ਸੁੱਚੀਆਂ ਭਾਵਨਾਵਾਂ ਨਾਲ ਭਵਨ ਅੰਦਰਲਾ ਕਣ-ਕਣ ਭਰਿਆ ਪਿਆ ਸੀ ।

 

ਇਸ ਚਰਚਾ ਨੂੰ ਜੇਕਰ ਪੀੜ ਦੀ ਸਾਂਝ ਕਿਹਾ ਜਾਵੇ ਤਾਂ ਵਧੇਰੇ ਠੀਕ ਰਹੇਗਾ। ਭਾਈ ਸਾਹਿਬ ਵਲੋਂ ਅਰਦਾਸ ਕਰਕੇ ਗੁਰੂ ਦੀ ਆਗਿਆ ਲਈ ਗਈ, ਹਰਮੀਤ ਸਿੰਘ ਫਤਿਹ ਵਲੋਂ ਚਰਚਾ ਦੇ ਸ਼ੁਰੂਆਤੀ ਸ਼ਬਦ ਬੋਲੇ ਗਏ। ਪੱਤਰਕਾਰ ਸ.ਸੁਖਦੇਵ ਸਿੰਘ ਨੇ ਭਾਈ ਫੇਰੂਮਾਨ ਦੀ ਸ਼ਹਾਦਤ ਨੂੰ ਸਿੱਜਦਾ ਕਰਦਿਆਂ ਪੰਜਾਬ ਦੇ ਪਾਣੀਆਂ ਲੁੱਟ ਕਸੁੱਟ ਬਾਰੇ ਗੱਲਾਂ ਕੀਤੀਆਂ, ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਪੱਤਰਕਾਰੀ ਦੇ ਆਪਣੇ ਤਜ਼ਰਬੇ ਵਿੱਚੋਂ ਇੱਕ ਬਾਤ ਸਾਂਝੀ ਕਰਦਿਆਂ ਅਕਾਲੀ ਆਗੂਆਂ ਦੀ ਪੰਥ ਵਿਰੋਧੀ ਨੀਅਤ ਦਾ ਖੁਲਾਸਾ ਕੀਤਾ, ਭਾਈ ਮਨਧੀਰ ਸਿੰਘ ਜੀ ਨੇ ਪੰਜਾਬ ਦੀ ਰਾਜਨੀਤਿਕ ਸਥਿਤੀ ਉੱਤੇ ਡੂੰਘੀ ਝਾਤ ਪਾਉਂਦਿਆਂ ਏਸ ਖਿੱਤੇ ਵਿੱਚ ਸਿੱਖ ਪੰਥ ਦੀ ਹੋਣੀ ਬਾਰੇ ਗੱਲਾਂ ਕਰਦਿਆਂ ਪਹਿਲਾਂ ਸਟੇਟ ਨਾਲ ਰਲ ਕੇ ਪੰਥ ਵਿਰੋਧੀ ਗਤੀਵਿਧੀਆਂ ਕਰਕੇ ਹੁਣ ਪੰਥਕ ਬਣੇ ਚਾਲਬਾਜ਼ ਸਿਆਸਤਦਾਨਾਂ ਨੂੰ ਨੰਗਿਆਂ ਕੀਤਾ ।

2002 ਤੋਂ ਲੈ ਕੇ 2007 ਤੱਕ ਖਰੜ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਰਹਿ ਚੁੱਕੇ ਬੀਰ ਦਵਿੰਦਰ ਸਿੰਘ ਜੀ ਨੇ ਦੱਸਿਆ “ਕਿ ਜਦੋਂ ਅਸੀਂ ਸਿੱਖ ਸਟੂਡੈਂਟ ਫੈਡਰੇਸ਼ਨ ਵਿੱਚ ਹੁੰਦੇ ਸੀ ਤਾਂ ਉਹਨਾਂ ਕਿਵੇਂ ਭਾਈ ਦਰਸ਼ਨ ਸਿੰਘ ਜੀ ਵਲੋਂ ਵਿੱਢੇ ਗਏ ਮੋਰਚੇ ਵਿੱਚ ਸਹਿਯੋਗ ਕੀਤਾ ਅਤੇ ਉਹਨਾਂ ਦੇ ਸਸਕਾਰ ਨੂੰ ਆਪਣੇ ਅੱਖੀਂ ਵੇਖਿਆ ਸੀ”।

ਪੰਜਾਬ ਵਿੱਚ ਪੰਜਾਬੀ ਬੋਲੀ ਪੂਰੇ ਤਰੀਕੇ ਨਾਲ ਲਾਗੂ ਕਰਵਾਉਣ ਲਈ ਕਾਰਜ ਕਰ ਰਹੇ ਸੇਵਾ ਮੁਕਤ ਅਟਾਰਨੀ ਜਨਰਲ ਮਿੱਤਰ ਸੈਨ ਮੀਤ ਅਤੇ ਕਰਮਜੀਤ ਸਿੰਘ ਜੀ ਨੇ ਵੀ ਪੰਜਾਬ ਵਿੱਚ ਪੰਜਾਬੀ ਨੂੰ ਪੂਰੇ ਤਰੀਕੇ ਨਾਲ ਲਾਗੂ ਕਰਨ ਦੇ ਰਾਹ ਅਤੇ ਆਪਣੇ ਵਲੋਂ ਕੀਤੇ ਗਏ ਕਾਰਜਾਂ ਤੇ ਤਜਰਬੇ ਬਾਰੇ ਵੀ ਦੱਸਿਆ।

ਏਸ ਚਰਚਾ ਲਈ ਜਮੀਨ ਤਿਆਰ ਕਰਨ ਵਾਲੇ ਪੰਜਾਬੀ ਕਾਰਕੁੰਨ ਗੰਗਵੀਰ ਰਠੌਰ ਨੇ ਬੜੇ ਭਾਵੁਕ ਢੰਗ ਨਾਲ ਅਜੋਕੀ ਦਸ਼ਾ ‘ਤੇ ਨਿਰਾਸ਼ ਹੋਣ ਦੀ ਥਾਵੇਂ ਪੂਰੇ ਵਿਸ਼ਵਾਸ਼ ਨਾਲ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਵਲੋਂ ਪੰਜਾਬ ਲਈ ਵੇਖੇ ਗਏ ਸੁਪਨੇ ਨੂੰ ਪੂਰਿਆਂ ਕਰਨ ਦਾ  ਅਹਿਦ ਲਿਆ, ਸਭਾ ਵਿੱਚ ਬੈਠੇ ਦਰਦਮੰਦ ਪੰਜਾਬੀਆਂ ਨੇ ਭਰਵਾਂ ਹੁੰਗਾਰਾ ਭਰਦਿਆਂ ਇਸ ਨੂੰ ਸਾਂਝੇ ਅਹਿਦ ਵਿੱਚ ਬਦਲ ਦਿੱਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: