ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਸਿੱਖ ਕੌਮ ਦੀ ਅੱਡਰੀ ਨਿਆਰੀ ਤੇ ਵਿਲੱਖਣ ਹੋਂਦ ਹਸਤੀ ਦੀ ਗੱਲ ਕਰਨ ਵਾਲੀ ਸ਼੍ਰੋਮਣੀ ਕਮੇਟੀ ਹਿੰਦੂਤਵੀ ਰਾਸ਼ਟਰ ਲਈ ਕੁਰਬਾਨ ਹੋਣ ਵਾਲਿਆਂ ਦੀ ਇਸ ਹੱਦ ਤੀਕ ਗੱਲ ਕਰਨ ਲੱਗ ਪਈ ਹੈ ਕਿ ਇਸਦੇ ਸਾਹਮਣੇ ਕੌਮੀ ਸ਼ਹੀਦਾਂ ਦੀ ਕੁਰਬਾਨੀ ਦਾ ਗੂੜਾ ਰੰਗ ਕੋਈ ਅਹਿਮੀਅਤ ਨਹੀਂ ਰੱਖਦਾ। ਇਹ ਹਕੀਕਤ ਉਸ ਵੇਲੇ ਸਾਹਮਣੇ ਆਈ ਜਦੋਂ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਸਮੇਤ 37 ਹੋਰ ਗੁਰਧਾਮਾਂ ਉੱਪਰ ਫੌਜੀ ਹਮਲੇ ਦੇ ਹੁਕਮ ਦੇਣ ਵਾਲੀ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਮੌਤ ਦੇ ਘਾਟ ਉਤਾਰਦਿਆਂ ਸ਼ਹੀਦੀ ਪਾਉਣ ਵਾਲੇ ਭਾਈ ਬੇਅੰਤ ਸਿੰਘ ਮਲੋਆ ਦੇ ਯਾਦਗਾਰੀ ਸਮਾਗਮ ਤੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਤੇ ਉਨ੍ਹਾਂ ਦੀ ਕਾਰਜਕਾਰਣੀ ਦੇ ਮੈਂਬਰ ਤੇ ਸੀਨੀਅਰ ਕਮੇਟੀ ਅਧਿਕਾਰੀਆਂ ਨੇ ਦੂਰੀ ਬਣਾਈ ਰੱਖੀ।
ਪਹਿਲਾਂ ਤੋਂ ਐਲਾਨੇ ਪ੍ਰੋਗਰਾਮਾਂ ਅਨੁਸਾਰ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕੇਂਦਰੀ ਅਜਾਇਬ ਘਰ ਵਿੱਚ ਭਾਰਤੀ ਫੌਜ ਦੇ ਤਿੰਨ ਸਾਬਕਾ ਜਰਨੈਲਾਂ ਏਅਰ ਮਾਰਸ਼ਲ ਅਰਜਨ ਸਿੰਘ, ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਅਤੇ ਮੇਜਰ ਜਨਰਲ ਹਰਬਖਸ਼ ਸਿੰਘ ਦੀਆਂ ਤਸਵੀਰਾਂ ਸਥਾਪਿਤ ਕਰਨੀਆਂ ਸਨ। ਕਮੇਟੀ ਦੇ ਮੀਡੀਆ ਵਿਭਾਗ ਵਲੋਂ ਕਾਫੀ ਦਿਨਾਂ ਤੋਂ ਇਸ ਸਮਾਗਮ ਬਾਰੇ ਬਕਾਇਦਾ ਪ੍ਰਚਾਰ ਵੀ ਕਰ ਰਿਹਾ ਸੀ। ਪਰ ਅੱਜ ਦੇ ਦਿਨ ਹੀ ਇੰਦਰਾ ਗਾਂਧੀ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਭਾਈ ਬੇਅੰਤ ਸਿੰਘ ਮਲੋਆ ਦੀ ਸ਼ਹੀਦੀ ਦੇ ਸਬੰਧ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਪੈਣੇ ਸਨ।
ਭਾਈ ਮਲੋਆ ਦੇ ਯਾਦਗਾਰੀ ਸਮਾਗਮਾਂ ਵਿੱਚ ਸ਼ਮੂਲੀਅਤ ਹਿੱਤ ਦਲ ਖਾਲਸਾ, ਯੂਨਾਈਟਡ ਅਕਾਲੀ ਦਲ, ਆਲ ਇੰਡੀਆ ਸਿੱਖ ਸਟੂਡੇਂਟਸ ਫੈਡਰੇਸ਼ਨ ਨਾਲ ਜੁੜੇ ਦੋ ਸਾਬਕਾ ਆਗੂ ਅਤੇ ਸ਼੍ਰੋਮਣੀ ਕਮੇਟੀ ਕਾਰਜਕਾਰਣੀ ਦੇ ਇੱਕੋ ਇੱਕ ਮੈਂਬਰ ਸ. ਸੁਰਜੀਤ ਸਿੰਘ ਕਾਲਾਬੂਲਾ ਹਾਜ਼ਰ ਸਨ। ਸਵੇਰ 9 ਵਜੇ ਤੀਕ ਚੱਲਣ ਵਾਲੇ ਇਸ ਸ਼ਹੀਦੀ ਸਮਾਗਮ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ, ਜਨਰਲ ਸਕੱਤਰ ਅਤੇ ਕਾਰਜਕਾਰਣੀ ਮੈਂਬਰਾਨ ਤੋਂ ਇਲਾਵਾ ਕਮੇਟੀ ਦੇ ਤਿੰਨ ਦਰਜਨ ਸਕੱਤਰ, ਵਧੀਕ ਸਕੱਤਰ ਤੇ ਮੀਤ ਸਕੱਤਰ, ਇਸ ਸਮਾਗਮ ਤੋਂ ਦੁਰ ਹੀ ਰਹੇ। ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ, ਸ਼ਹੀਦ ਭਾਈ ਬੇਅੰਤ ਸਿੰਘ ਮਲੋਆ, ਸ਼ਹੀਦ ਭਾਈ ਸਤਵੰਤ ਸਿੰਘ ਅਤੇ ਸ਼ਹੀਦ ਭਾਈ ਕੇਹਰ ਸਿੰਘ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਇਹ ਸੰਦੇਸ਼ ਜ਼ਰੂਰ ਦਿੰਦੇ ਸੁਣੇ ਗਏ ਕਿ ਪੰਜਾਬ ਵਿੱਚ ਇੰਦਰਾ ਗਾਂਧੀ ਦਾ ਬੁੱਤ ਨਾ ਲੱਗਣ ਦਿੱਤਾ ਜਾਵੇ। ਜਿਉਂ ਹੀ ਇਹ ਸਮਾਗਮ 9 ਵਜੇ ਦੇ ਕਰੀਬ ਸਮਾਪਤ ਹੋਇਆ ਤਾਂ ਕਨਸੋਅ ਮਿਲੀ ਕਿ ਕਮੇਟੀ ਪ੍ਰਧਾਨ ਆਪਣੇ ਸਾਥੀਆਂ ਤੇ ਕਮੇਟੀ ਅਧਿਕਾਰੀ ਸਹਿਤ ਭਗਤ ਨਾਮਦੇਵ ਜੀ ਦੇ ਸਬੰਧ ਵਿੱਚ ਕਰਵਾਏ ਜਾ ਰਹੇ ਸਮਾਗਮ ਵਿੱਚ ਸ਼ਮੂਲੀਅਤ ਲਈ ਪਹੁੰਚੇ ਹੋਏ ਹਨ ਜਿਥੋਂ ਉਹ 11 ਵਜੇ ਤੋਂ ਬਾਅਦ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਤਿੰਨ ਭਾਰਤੀ ਫੌਜੀ ਜਰਨੈਲਾਂ ਦੀਆਂ ਤਸਵੀਰਾਂ ਦਾ ਉਦਘਾਟਨ ਕਰਨ ਪੁਜੇ।
ਪ੍ਰੋ. ਬਡੂੰਗਰ ਤਿੰਨੋਂ ਭਾਰਤੀ ਫੌਜੀ ਜਰਨੈਲਾਂ ਦੀ ਬਹਾਦਰੀ ਦੇ ਕਿੱਸੇ ਤਾਂ ਸੁਣਾਉਂਦੇ ਰਹੇ ਪਰ ਉਨ੍ਹਾਂ ਸ਼ਹੀਦ ਭਾਈ ਬੇਅੰਤ ਸਿੰਘ ਮਲੋਆ, ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਦੀ ਕੁਰਬਾਨੀ ਬਾਰੇ ਇਕ ਸ਼ਬਦ ਬੋਲਣਾ ਵੀ ਜ਼ਰੂਰੀ ਨਹੀਂ ਸਮਝਿਆ। ਨਵੰਬਰ 84 ਵਿੱਚ ਕਾਂਗਰਸ ਸਰਕਾਰ ਦੀ ਸਰਪ੍ਰਸਤੀ ਹੇਠ ਅੰਜ਼ਾਮ ਦਿੱਤੇ ਗਏ ਸਿੱਖ ਕਤਲੇਆਮ ਦਾ ਜ਼ਿਕਰ ਵੀ ਜ਼ੁਬਾਨ ‘ਤੇ ਨਹੀ ਲਿਆਂਦਾ। ਪਰ ਜਦੋਂ ਪ੍ਰੋ: ਬਡੂੰਗਰ ਨੂੰ ਇਹ ਪੁੱਛਿਆ ਗਿਆ ਕਿ ਅੰਮ੍ਰਿਤਸਰ ਵਿੱਚ ਹੁੰਦੇ ਹੋਏ ਵੀ ਭਾਈ ਬੇਅੰਤ ਸਿੰਘ ਦੇ ਸ਼ਹੀਦੀ ਯਾਦਗਾਰੀ ਸਮਾਗਮ ਵਿੱਚ ਕਿਉਂ ਨਹੀਂ ਪੁੱਜੇ ਤਾਂ ਪ੍ਰੋ. ਬਡੂੰਗਰ ਨੂੰ ਕੋਈ ਜਵਾਬ ਨਹੀਂ ਅਹੁੜਿਆ। ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਸਿੱਖ ਅਣਖ ਲਈ ਸ਼ਹਾਦਤ ਦੇਣ ਤੋਂ ਉਲਟ ਹਿੰਦੂ ਰਾਸ਼ਟਰ ਦੀ ਨੌਕਰੀਆਂ ਕਰਨ ਵਾਲਿਆਂ ਦਾ ਗੁਣਗਾਨ ਕਰਨਾ ਸਾਫ ਦਰਸਾ ਰਿਹਾ ਸੀ ਕਿ ਬਾਦਲਾਂ ਦੀ ਅਗਵਾਈ ਹੇਠ ਹੁਣ ਸ਼੍ਰੋਮਣੀ ਕਮੇਟੀ ਵੀ ਭਾਰਤੀ “ਧਰਮ ਨਿਰਪੱਖਤਾ” ਦੇ ਰਾਹ ਤੁਰ ਪਈ ਜਾਪਦੀ ਹੈ।
ਸਬੰਧਤ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Darbar Sahib Head Granthi tells Panthic groups not to allow installation of Indira Gandhi’s statue in Punjab …