ਮਹਿਤਾ ਚੌਕ/ਅੰਮ੍ਰਿਤਸਰ: ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਨੇ ਪੰਜਾਬ ਵਿਚ ਕਰੋਨੇ ਦੇ ਕੇਸਾਂ ਵਿਚ ਹੋਏ ਵਾਧੇ ਲਈ ਸੱਚਖੰਡ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਪਰਤੇ ਸਿੱਖ ਸ਼ਰਧਾਲੂਆਂ ਸਿਰ ਦੋਸ਼ ਦੇਣ ਲਈ ਕੀਤੀਆਂ ਜਾ ਰਹੀਆਂ ਨਕਾਰਾਤਮਿਕ ਟਿੱਪਣੀਆਂ ਨੂੰ ਨਾ ਕੇਵਲ ਮੰਦਭਾਗੀਆਂ ਸਗੋਂ ਸਿਖ ਕੌਮ ਅਤੇ ਗੁਰੂਘਰਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕਰਾਰ ਦਿਤਾ ਹੈ।
ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਨਾਂਦੇੜ ਤੋਂ ਸੰਗਤਾਂ ਅਤੇ ਸ਼ਰਧਾਲੂਆਂ ਦੀ ਵਾਪਸੀ ਲਈ ਸਾਰਾ ਪ੍ਰਬੰਧ ਕੇਂਦਰ ਅਤੇ ਰਾਜ ਸਰਕਾਰਾਂ ਨੇ ਕੀਤਾ। ਸਰਕਾਰਾਂ ਦੇ ਯਤਨਾਂ ਨਾਲ ਹੀ ਬੱਸਾਂ ਪੰਜਾਬ ਆਈਆਂ ਹਨ। ਨਾਂਦੇੜ ਤੋਂ ਆਉਣ ਵਾਲੀਆਂ ਸੰਗਤਾਂ ਦਾ ਨਾਂਦੇੜ ਪ੍ਰਸ਼ਾਸਨ ਵੱਲੋਂ ਤਿੰਨ ਵਾਰ ਜਾਂਚ ਕਰਨ ‘ਤੇ ਵੀ ਕੋਵਿਡ-19 ਦਾ ਕੋਈ ਵੀ ਕੇਸ ਅਤੇ ਕਰੋਨਾ ਪੀੜਤ ਨਾ ਮਿਲਣ ਦੀ ਸਾਹਮਣੇ ਆਈ ਗੱਲ ਨੇ ਇਹ ਸਾਫ ਕੀਤਾ ਹੈ ਕਿ ਅੱਜ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਹੀ ਆਪਣੀਆਂ ਨਾਕਾਮੀਆਂ ਤੇ ਅਸਫਲਤਾਵਾਂ ਨੂੰ ਛੁਪਾਉਣ ਲਈ ਸਿਖ ਸੰਗਤਾਂ ਅਤੇ ਗੁਰਧਾਮਾਂ ਵਿਰੁੱਧ ਗਲਤ ਬਿਆਨੀ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਤਖਤ ਸ੍ਰੀ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਨੂੰ ਸੁਰੱਖਿਅਤ ਪੰਜਾਬ ਲਿਆਉਣ ਦੀ ਜ਼ਿੰਮੇਵਾਰੀ ਸਰਕਾਰ ਦੀ ਸੀ।
ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਕਾਂਤਵਾਸ ਲਈ ਸਰਾਵਾਂ ਅਤੇ ਵੱਖ ਵੱਖ ਗੁਰੂਘਰਾਂ ਆਦਿ ਵਿਚ ਲੋੜੀਦੇ ਪ੍ਰਬੰਧ ਕਰਨ ਦੇ ਬਾਵਜੂਦ ਹਜ਼ੂਰ ਸਾਹਿਬ ਤੋਂ ਵਾਪਸ ਪਰਤੀਆਂ ਸੰਗਤਾਂ ਨੂੰ ਇਕਾਂਤਵਾਸ ਅਤੇ ਰਿਹਾਇਸ਼ ਲਈ ਗੈਰ ਸਿਖ ਸੰਸਥਾਵਾਂ ਅਤੇ ਡੇਰਿਆਂ (ਰਾਧਾ ਸਵਾਮੀ ਸਤਸੰਗ ਘਰ) ਵਿਚ ਭੇਜਿਆ ਜਾਣਾ ਸਾਜ਼ਿਸ਼ ਪ੍ਰਤੀ ਸ਼ੱਕ ਨੂੰ ਯਕੀਨ ਵਿਚ ਬਦਲਣ ਲਈ ਕਾਫੀ ਹੈ।
ਬਾਬਾ ਹਰਨਾਮ ਸਿੰਘ ਨੇ ਕਿਹਾ ਕਿ ਸ਼ਰਧਾਲੂਆਂ ਪ੍ਰਤੀ ਦਹਿਸ਼ਤ ਦਾ ਮਾਹੌਲ ਸਿਰਜ ਕੇ ਪੰਥ ਵਿਰੋਧੀ ਲਾਬੀ ਕਰੋਨਾ ਦੀ ਮਾਰ ਝਲ ਰਹੀ ਲੋਕਾਈ ਲਈ ਗੁਰਧਾਮਾਂ ਅਤੇ ਸਿਖ ਭਾਈਚਾਰੇ ਵੱਲੋਂ ਕੀਤੀ ਜਾ ਰਹੀ ਲੰਗਰ ਸੇਵਾ ਪ੍ਰਤੀ ਵਿਸ਼ਵ ਭਰ ‘ਚ ਮਿਲ ਰਹੀ ਪ੍ਰਸੰਸਾ ਤੋਂ ਲੋਕਾਂ ਦਾ ਧਿਆਨ ਹਟਾਉਣਾ ਚਾਹੁੰਦੇ ਹਨ।