ਖਾਸ ਖਬਰਾਂ

ਪੁਲੀਸ ਵਲੋਂ ਅਣਮਨੁੱਖੀ ਤਸ਼ੱਦਦ ਜਾਰੀ; ਪੰਜਾਬ ਸਰਕਾਰ ਦਹਿਸ਼ਤ ਦਾ ਮਾਹੌਲ ਸਿਰਜ ਰਹੀ ਹੈ: ਡੱਲੇਵਾਲ

By ਸਿੱਖ ਸਿਆਸਤ ਬਿਊਰੋ

August 19, 2011

ਲੰਡਨ (19 ਅਗਸਤ, 2011): ਚੇਨਈ ਦੇ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤੇ ਗਏ ਤਿੰਨ ਸਿੱਖ ਨੌਜਵਾਨਾਂ ਤੇ ਪੰਜਾਬ ਪੁਲੀਸ ਵਲੋਂ ਅਣਮਨੁੱਖੀ ਤਸ਼ੱਦਦ ਢਾਹਿਆ ਜਾ ਰਿਹਾ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਜਨਰਲ ਸਕੱਤਰ ਸ੍ਰ, ਲਵਸਿੰਦਰ ਸਿੰਘ ਡੱਲੇਵਾਲ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਗ੍ਰਿਫਤਾਰ ਕੀਤੇ ਗਏ ਦਲਜੀਤ ਸਿੰਘ, ਅਮਰਜੀਤ ਸਿੰਘ ਅਤੇ ਕੇਵਲ ਸਿੰਘ ਸੱਧ ਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਖਾੜਕੂ ਭਾਈ ਹਰਮਿੰਦਰ ਸਿੰਘ ਮਿੰਟੂ ਦੇ ਸਾਥੀ ਆਖ ਕੇ ਪੁਲੀਸ ਝੂਠੇ ਮੁਕਾਬਲੇ ਵਿੱਚ ਖਤਮ ਕਰ ਸਕਦੀ ਹੈ।

ਦਲ ਵਲੋਂ ਇਸ ਸਬੰਧੀ ਮਨੁੱਖੀ ਅਧਿਕਾਰਾਂ ਦੀਆਂ ਅਲੰਬਰਦਾਰ ਜਥੇਬੰਦੀਆਂ ਨੂੰ ਅਵਾਜ਼ ਉਠਾਉਣ ਲਈ ਸਨਿਮਰ ਅਪੀਲ ਕੀਤੀ ਗਈ ਹੈ ਤਾਂ ਕਿ ਨਿਰਦੋਸ਼ ਸਿੱਖਾਂ ਦਾ ਕੋਈ ਜਾਨੀ ਨੁਕਸਾਨ ਨਾ ਹੋ ਸਕੇ । ਪੰਜਾਬ ਪੁਲੀਸ ਵਲੋਂ ਅਜਿਹਾ ਕਰਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਮੱਦੇ ਨਜ਼ਰ ਬਾਦਲ ਵਿਰੋਧੀ ਵੋਟਰਾਂ ਵਿੱਚ ਦਹਿਸ਼ਤ ਦਾ ਮਾਹੌਲ ਸਿਰਜਣ ਲਈ ਕੀਤਾ ਜਾ ਰਿਹਾ ਹੈ । ਗ੍ਰਿਫਤਾਰ ਕੀਤਾ ਗਿਆ ਦਲਜੀਤ ਸਿੰਘ ਪੁਲੀਸ ਵਲੋਂ ਲੋੜੀਂਦੇ ਦੱਸੇ ਜਾਂਦੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਖਾੜਕੂ ਭਾਈ ਹਰਮਿੰਦਰ ਸਿੰਘ ਮਿੰਟੂ ਦਾ ਛੋਟਾ ਭਰਾ ਹੈ।

ਡੱਲੇਵਾਲ ਦੇ ਦਾਅਵਾ ਕੀਤਾ ਕਿ ਇਹਨਾਂ ਗ੍ਰਿਫਤਾਰੀਆਂ ਤੋਂ ਪਹਿਲਾਂ ਵੀ ਪੁਲੀਸ ਵੱਖ ਵੱਖ ਕੇਸਾਂ ਵਿੱਚ ਸਿੱਖਾਂ ਨੂੰ ਫਸਾ ਚੁੱਕੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਕਾਲੀ ਭਾਜਪਾ ਸਰਕਾਰ ਆਪਣੇ ਵਿਰੋਧੀਆਂ ਨੂੰ ਦਬਾਉਣ ਲਈ ਪੁਲੀਸ ਦਾ ਸਹਾਰਾ ਲੈ ਰਹੀ ਹੈ ਤਾਂ ਕਿ ਉਸ ਦੀ ਹਕੂਮਤ ਕਾਇਮ ਰਹਿ ਸਕੇ ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਨੂੰ ਇਸੇ ਹੀ ਭਾਵਨਾ ਤਹਿਤ ਪਿਛਲੇ ਦੋ ਸਾਲ ਤੋਂ ਅੰਮ੍ਰਿਤਸਰ ਦੀ ਕੇਂਦਰੀ ਜੇਹਲ ਵਿੱਚ ਨਜ਼ਰਬੰਦ ਕੀਤਾ ਹੋਇਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: