ਖਾਸ ਖਬਰਾਂ

ਫਗਵਾੜਾ ਗੋਲੀਕਾਂਡ ਵਿਚ ਜ਼ਖਮੀ ਹੋਏ ਦਲਿਤ ਨੌਜਵਾਨ ਦੀ ਮੌਤ; ਸਥਿਤੀ ਤਣਾਅਪੂਰਨ

By ਸਿੱਖ ਸਿਆਸਤ ਬਿਊਰੋ

April 29, 2018

ਫਗਵਾੜਾ: ਫਗਵਾੜਾ ਸ਼ਹਿਰ ਵਿਖੇ ਦਲਿਤਾਂ ਅਤੇ ਹਿੰਦੂ ਜਥੇਬੰਦੀਆਂ ਦਰਮਿਆਨ ਹੋਏ ਟਕਰਾਅ ਦੌਰਾਨ ਗੋਲੀ ਲੱਗਣ ਕਾਰਨ ਜ਼ਖਮੀ ਹੋਏ ਦਲਿਤ ਭਾਈਚਾਰੇ ਨਾਲ ਸਬੰਧਿਤ ਨੌਜਵਾਨ ਦੀ ਅੱਜ ਮੌਤ ਹੋ ਗਈ। ਜਿਕਰਯੋਗ ਹੈ ਕਿ 13 ਅਪ੍ਰੈਲ ਨੂੰ ਫਗਵਾੜਾ ਵਿਚ ਐਨ.ਐਚ1 ਉੱਤੇ ਸਥਿਤ ਚੌਂਕ ਉੱਤੇ ਦਲਿਤ ਜਥੇਬੰਦੀਆਂ ਵਲੋਂ ਭੀਮ ਰਾਓ ਅੰਬੇਦਕਰ ਦੀ ਤਸਵੀਰ ਵਾਲਾ ਬੋਰਡ ਲਾਉਣ ਨਾਲ ਸ਼ੁਰੂ ਹੋਏ ਝਗੜੇ ਵਿਚ 19 ਸਾਲਾ ਦਲਿਤ ਨੌਜਵਾਨ ਯਸ਼ਵੰਤ ਉਰਫ ਬੌਬੀ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਸੀ। ਜ਼ਖਮਾਂ ਦੀ ਤਾਬ ਨਾ ਝਲਦਿਆਂ ਉਸਦੀ ਸਵੇਰੇ ਡੀ.ਐਮ.ਸੀ ਹਸਪਤਾਲ ਵਿਚ ਮੌਤ ਹੋ ਗਈ।

ਸਖਤ ਪੁਲਿਸ ਪ੍ਰਬੰਧ ਹੇਠ ਉਸਦੀ ਮ੍ਰਿਤਕ ਦੇਹ ਨੂੰ ਅੱਜ ਫਗਵਾੜਾ ਵਿਖੇ ਭੇਜਿਆ ਗਿਆ ਹੈ ਜਿੱਥੇ ਉਸਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਫਗਵਾੜਾ ਵਿਚ 13 ਅਪ੍ਰੈਲ ਤੋਂ ਹੀ ਮਾਹੌਲ ਬਹੁਤ ਤਣਾਅਪੂਰਨ ਚੱਲ ਰਿਹਾ ਹੈ ਤੇ ਅੱਜ ਜ਼ਖਮੀ ਨੌਜਵਾਨ ਦੀ ਮੌਤ ਨਾਲ ਹਾਲਾਤ ਹੋਰ ਖਰਾਬ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ।

ਗੌਰਤਲਬ ਹੈ ਕਿ ਬੀਤੇ ਕਲ੍ਹ ਜ਼ਖਮੀ ਨੌਜਵਾਨ ਦੀ ਹਾਲਾਤ ਗੰਭੀਰ ਹੋਣ ਨਾਲ ਹੀ ਪੰਜਾਬ ਪੁਲੀਸ ਨੇ ਕਿਸੇ ਵੀ ਗੜਬੜ ਨੂੰ ਰੋਕਣ ਲਈ ਭਾਰੀ ਪੁਲੀਸ ਫੋਰਸ ਤਾਇਨਾਤ ਕਰ ਦਿੱਤੀ ਸੀ ਅਤੇ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਨਵਾਂਸ਼ਹਿਰ ਤੇ ਲੁਧਿਆਣਾ ਜ਼ਿਲ੍ਹਿਆਂ ਦੀ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਸ਼ਹਿਰ ਦੇ ਵਾਲਮੀਕ ਮੁਹੱਲੇ ਸਣੇ ਕੁਝ ਇਲਾਕਿਆਂ ਵਿਚ ਡਰੋਨ ਕੈਮਰੇ ਹਾਲਾਤ ’ਤੇ ਨਜ਼ਰ ਰੱਖ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: