ਫਗਵਾੜਾ: ਫਗਵਾੜਾ ਵਿਖੇ ਹਿੰਦੁਤਵੀ ਧਿਰਾਂ ਅਤੇ ਦਲਿਤ ਜਥੇਬੰਦੀਆਂ ਦਰਮਿਆਨ ਹੋਏ ਹਿੰਸਕ ਟਕਰਾਅ ਦੇ ਸਬੰਧੀ ਅੱਜ ਪੁਲਿਸ ਨੇ ਦੋ ਦਲਿਤ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਦੇ ਵਿਰੋਧ ਵਿਚ ਦਲਿਤ ਭਾਈਚਾਰੇ ਵਲੋਂ ਐਸ.ਪੀ ਦਫਤਰ ਬਾਹਰ ਧਰਨਾ ਲਾਇਆ ਗਿਆ ਹੈ। ਜਿਕਰਯੋਗ ਹੈ ਕਿ ਹਿੰਦੁਤਵੀ ਧਿਰਾਂ ਵਲੋਂ ਚਲਾਈ ਗੋਲੀ ਨਾਲ ਜ਼ਖਮੀ ਹੋਏ ਦਲਿਤ ਭਾਈਚਾਰੇ ਨਾਲ ਸਬੰਧਿਤ ਨੌਜਵਾਨ ਯਸ਼ਵੰਤ ਸੇਠੀ ਉਰਫ ਬੋਬੀ ਦੀ ਬੀਤੇ ਕਲ੍ਹ ਮੌਤ ਹੋ ਗਈ ਸੀ।
ਅੱਜ ਬਾਅਦ ਦੁਪਹਿਰ ਦਲਿਤ ਲੀਡਰ ਹਰਭਜਨ ਸੁਮਨ ਅਤੇ ਯਸ਼ ਬਰਨਾ ਨੂੰ ਪੁਲਿਸ ਨੇ ਫਗਵਾੜਾ ਵਿਖੇ ਗ੍ਰਿਫਤਾਰ ਕੀਤਾ ਹੈ। ਇਸ ਗ੍ਰਿਫਤਾਰੀ ਦੇ ਵਿਰੋਧ ਵਿਚ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਰਛਪਾਲ ਰਾਜੂ ਵਲੋਂ ਇਕ ਹੰਗਾਮੀ ਮੀਟਿੰਗ ਬੁਲਾਈ ਗਈ। ਇਸ ਮੀਟਿੰਗ ਵਿੱਚ ਛੱਬੀ ਮੈਂਬਰੀ ਕਮੇਟੀ ਅਤੇ ਪੰਜ ਜ਼ਿਲ੍ਹਿਆਂ ਦੇ ਪ੍ਰਧਾਨ, ਜਲੰਧਰ ਦਿਹਾਤੀ ਜਲੰਧਰ -ਸ਼ਹਿਰੀ , ਨਵਾਂਸ਼ਹਿਰ, ਕਪੂਰਥਲਾ ਹੁਸ਼ਿਆਰਪੁਰ ਤੇ ਹੋਰ ਜ਼ਿੰਮੇਵਾਰ ਆਹੁਦੇਦਾਰਾਂ ਨੂੰ ਪੁੱਜਣ ਦੀ ਅਪੀਲ ਕੀਤੀ ਗਈ ਸੀ। ਜਿਕਰਯੋਗ ਹੈ ਕਿ ਇਸ ਹਿੰਸਕ ਟਕਰਾਅ ਤੋਂ ਬਾਅਦ ਫਗਵਾੜਾ ਵਿਚ ਮਾਹੌਲ ਲਗਾਤਾਰ ਤਣਾਅਪੂਰਨ ਚਲ ਰਿਹਾ ਹੈ ਜਿਸ ਕਾਰਨ ਪੰਜਾਬ ਸਰਕਾਰ ਨੇ ਕਈ ਦਿਨ ਦੁਆਬਾ ਖੇਤਰ ਦੇ ਜ਼ਿਲ੍ਹਿਆਂ ਵਿਚ ਇੰਟਰਨੈਟ ਸੇਵਾਵਾਂ ਵੀ ਬੰਦ ਰੱਖੀਆਂ।