ਸਿੱਖ ਖਬਰਾਂ

ਸਿੱਖ ਕਤਲੇਆਮ ਦੇ 40 ਸਾਲਾ ਪੂਰੇ ਹੋਣ ‘ਤੇ ਦਲ ਖ਼ਾਲਸਾ ਵਲੋਂ ਦੋ ਰੋਜ਼ਾ ਸਮਾਗਮ

By ਸਿੱਖ ਸਿਆਸਤ ਬਿਊਰੋ

November 02, 2024

ਅੰਮ੍ਰਿਤਸਰ- ਭਾਰਤ ਦੀ ਰਾਜਧਾਨੀ ਦਿੱਲੀ ਅਤੇ ਹੋਰਨਾਂ ਸ਼ਹਿਰਾਂ ਵਿੱਚ ਹੋਏ ਨਵੰਬਰ 1984 ਦੇ ਸਿੱਖ ਕਤਲੇਆਮ ਜਿਸ ਵਿੱਚ 8000 ਤੋਂ ਵੱਧ ਨਿਰਦੋਸ਼ ਸਿੱਖ ਮਰਦਾਂ, ਔਰਤਾਂ ਅਤੇ ਬੱਚਿਆਂ ਨੂੰ ਸਰਕਾਰੀ ਪੁਸ਼ਤਪਨਾਹੀ ਹੇਠ ਕਤਲ ਕਰ ਦਿੱਤਾ ਗਿਆ ਸੀ ਨੂੰ ‘ਸਿੱਖਾਂ ਦੀ ਨਸਲਕੁਸ਼ੀ’ ਕਰਾਰ ਦਿੰਦਿਆਂ ਦਲ ਖਾਲਸਾ ਨੇ ਸਿੱਖ ਕਤਲੇਆਮ ਦੇ 40 ਸਾਲਾਂ ਦੀ ਯਾਦ ਵਿੱਚ ਦੋ ਰੋਜ਼ਾ ਸਮਾਗਮ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਪਾਰਟੀ ਦੀ ਅੰਤਰਿੰਗ ਕਮੇਟੀ ਵਿੱਚ ਲਿਆ ਗਿਆ ਜਿਸ ਦੀ ਪ੍ਰਧਾਨਗੀ ਭਾਈ ਹਰਪਾਲ ਸਿੰਘ ਚੀਮਾ ਨੇ ਕੀਤੀ। ਜਿਸ ਵਿੱਚ ਜਥੇਬੰਦੀ ਦੇ ਸੀਨੀਅਰ ਆਗੂ ਕੰਵਰਪਾਲ ਸਿੰਘ , ਪਰਮਜੀਤ ਸਿੰਘ ਮੰਡ, ਜਸਵੀਰ ਸਿੰਘ ਖੰਡੂਰ, ਅਮਰੀਕ ਸਿੰਘ ਈਸੜੂ, ਰਣਬੀਰ ਸਿੰਘ, ਗੁਰਨਾਮ ਸਿੰਘ, ਗੁਰਪ੍ਰੀਤ ਸਿੰਘ ਹਾਜ਼ਰ ਸਨ।

ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਨੇ ਮੀਡੀਆ ਨੂੰ ਦੱਸਿਆ ਕਿ 4 ਨਵੰਬਰ ਨੂੰ ਫਤਿਹਗੜ੍ਹ ਸਾਹਿਬ ਵਿਖੇ ਸੈਮੀਨਾਰ ਅਤੇ 5 ਨਵੰਬਰ ਨੂੰ ਜ਼ਿਲ੍ਹਾ ਲੁਧਿਆਣਾ ਦੇ ਮੁੱਲਾਂਪੁਰ ਦਾਖਾ ਵਿਖੇ ਪੰਥਕ ਸਮਾਗਮ ਕਰਵਾਇਆ ਜਾਵੇਗਾ। ਉਹਨਾਂ ਦੱਸਿਆ ਕਿ ਸੈਮੀਨਾਰ ਦਾ ਵਿਸ਼ਾ ‘ ਗ਼ੈਰ-ਨਿਆਇਕ ਕਤਲਾਂ ਦੀ 40 ਸਾਲਾ ਗਾਥਾ ਅਤੇ ਸਿੱਖ ਸੰਘਰਸ਼ ਦੇ ਬਦਲਦੇ ਰੂਪ’ ਹੋਵੇਗਾ।

ਸਿੱਖ ਸੰਗਠਨ ਦੇ ਆਗੂਆਂ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਦਰਮਿਆਨ ਚੱਲ ਰਹੇ ਤਣਾਅ ਪੂਰਵਕ ਮਾਹੌਲ ਕਾਰਨ ਸਿੱਖ ਅੱਜ ਵਿਸ਼ਵ ਅੰਦਰ ਧਿਆਨ ਦਾ ਕੇਂਦਰ ਬਣੇ ਹੋਏ ਹਨ। ਉਹਨਾਂ ਕਿਹਾ ਕਿ ਅੱਜ ਜਦੋਂ ਵਿਸ਼ਵ ਦੇ ਸ਼ਕਤੀਸ਼ਾਲੀ ਮੁਲਕ ਰੂਸ-ਯੂਕਰੇਨ ਅਤੇ ਫ਼ਲਸਤੀਨ-ਇਜ਼ਰਾਈਲ ਦਰਮਿਆਨ ਛਿੜੇ ਯੁੱਧ ਦੌਰਾਨ ਹੋ ਰਹੀ ਇਨਸਾਨੀ ਤਬਾਹੀ ਨੂੰ ਰੋਕਣ ਵਿੱਚ ਦਖਲਅੰਦਾਜੀ ਕਰ ਹਨ ਤਾਂ ਸਮਾਂ ਮੰਗ ਕਰਦਾ ਹੈ ਕਿ ਉਹ ਭਾਰਤ ਨੂੰ ਵੀ ਨਵੰਬਰ 1984 ਤੋਂ ਸ਼ੁਰੂ ਹੋ ਕੇ ਹੁਣ ਤੱਕ ਘੱਟ-ਗਿਣਤੀ ਕੌਮਾਂ ਦੇ ਹੋਏ ਕਤਲੇਆਮ ਲਈ ਜਵਾਬਦੇਹ ਬਨਾਉਣ।

ਕੈਨੇਡਾ ਦੇ ਉਪ ਵਿਦੇਸ਼ ਮੰਤਰੀ ਵੱਲੋਂ ਕੈਨੇਡਾ ਵਿੱਚ ਸਿੱਖ ਵੱਖਵਾਦੀਆਂ ਨੂੰ ਨਿਸ਼ਾਨਾ ਬਣਾ ਤੇ ਓਹਨਾ ਨੂੰ ਡਰਾਉਣ-ਧਮਕਾਉਣ ਅਤੇ ਉਹਨਾਂ ਖਿਲਾਫ ਹਿੰਸਾ ਕਰਨ ਦੀ ਮੁਹਿੰਮ ਪਿੱਛੇ ਭਾਰਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਹੱਥ ਹੋਣ ਦੇ ਦੋਸ਼ਾਂ ਬਾਰੇ ਟਿੱਪਣੀ ਕਰਦਿਆਂ ਕੰਵਰਪਾਲ ਸਿੰਘ ਨੇ ਕਿਹਾ ਕੀ ਭਾਰਤ ਦੀ ਸਿੱਖ-ਵਿਰੋਧੀ ਨੀਤੀ ਅਤੇ ਮਾਰੂ ਪੈਂਤੜਿਆਂ ਦਾ ਭੇਦ ਅੱਜ ਦੁਨੀਆ ਸਾਹਮਣੇ ਸਹਿਜੇ-ਸਹਿਜੇ ਨਸ਼ਰ ਹੋ ਰਿਹਾ ਹੈ ਜਿਸ ਲਈ ਅਸੀਂ ਕੈਨੇਡਾ ਅਤੇ ਅਮਰੀਕਾ ਸਰਕਾਰ ਦੇ ਧੰਨਵਾਦੀ ਹਾਂ। ਉਹਨਾਂ ਕਿਹਾ ਕਿ ਸਿੱਖ ਕੌਮ ਪਹਿਲੇ ਦਿਨ ਤੋਂ ਚੀਕ-ਚੀਕ ਕੇ ਕਹਿ ਰਹੀ ਸੀ ਕਿ ਵਿਦੇਸ਼ਾਂ ਵਿੱਚ ਏਜੰਸੀਆਂ ਵੱਲੋਂ ਕੀਤੇ ਜਾ ਰਹੇ ਗੈਰ-ਨਿਆਇਕ ਕਾਤਲਾਂ ਪਿੱਛੇ ਮੁਲਕ ਦੀ ਚੋਟੀ ਦੀ ਰਾਜਨੀਤਿਕ ਲੀਡਰਸ਼ਿਪ ਦਾ ਪੂਰਾ ਸਮਰਥਨ ਹੈ। ਉਹਨਾਂ ਦੱਸਿਆ ਕਿ ਸੈਮੀਨਾਰ ਵਿੱਚ ਬੁਲਾਰੇ ਵਿਸ਼ਵ ਦੇ ਸਿੱਖਾਂ ਸਾਹਮਣੇ ਬਣੇ ਚਿੰਤਾਜਨਕ  ਹਾਲਾਤਾਂ ਨਾਲ ਨਜਿੱਠਣ ਸਬੰਧੀ ਠੋਸ ਵਿਚਾਰ ਰੱਖਣਗੇ।

ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਘੱਟ ਗਿਣਤੀ ਸਿੱਖ ਭਾਈਚਾਰੇ ਵਿਰੁੱਧ ਸਰਕਾਰੀ ਪੁਸ਼ਤਪਨਾਹੀ ਹੇਠ ਕੀਤੇ ਗਏ ਕਤਲੇਆਮ ਵਿੱਚ ਬੇਰਹਿਮੀ ਨਾਲ ਮਾਰੇ ਗਏ ਲੋਕਾਂ ਦੀਆਂ ਵਿਧਵਾਵਾਂ ਅਤੇ ਬੱਚਿਆਂ ਲਈ 40 ਸਾਲ ਤਸੀਹੇ ਭਰੇ ਰਹੇ ਹਨ। ਉਹਨਾਂ ਕਿਹਾ ਕਿ ਸਿਆਸਤਦਾਨਾਂ, ਪੁਲਿਸ ਅਫਸਰਾਂ ਅਤੇ ਨਿਆਂ-ਪ੍ਰਣਾਲੀ ਨੇ ਯੋਜਨਾਬੱਧ ਢੰਗ ਨਾਲ ਪੀੜਤ ਸਿੱਖਾਂ ਨਾਲ ਨਿਆਂ ਦੇ ਨਾਮ ਹੇਠ ਧੋਖਾ ਤੇ ਫਰੇਬ ਕੀਤਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: