February 4, 2016 | By ਸਿੱਖ ਸਿਆਸਤ ਬਿਊਰੋ
ਜਥੇਬੰਦੀਆਂ ਦੇ ਆਗੂਆਂ ਕੰਵਰਪਾਲ ਸਿੰਘ ਅਤੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੋਦੀ ਸਰਕਾਰ ਦਾ ਇਹ ਕਦਮ ਮੁਖਧਾਰਾ ਵਿੱਚ ਵਿਸ਼ਵਾਸ ਰੱਖਣ ਵਾਲੇ ਸਿੱਖਾਂ ਨੂੰ ਹਿੰਦੂ-ਭਾਰਤ ਅੰਦਰ ਉਹਨਾਂ ਦੇ ਰੁਤਬੇ ਨੂੰ ਚੇਤੇ ਕਰਵਾਉਣ ਲਈ ਕਾਫੀ ਹੈ।
ਉਹਨਾਂ ਕਿਹਾ ਕਿ ਭਾਰਤੀ ਹਕੂਮਤ ਨੇ ਕਦੇ ਵੀ ਕੋਈ ਮੌਕਾ ਖੁੰਝਾਇਆ ਨਹੀਂ ਜਦੋਂ ਸਿੱਖ ਕੌਮ ਨੂੰ ਅਪਮਾਨਿਤ ਨਾ ਕੀਤਾ ਗਿਆ ਹੋਵੇ ਅਤੇ ਉਹਨਾਂ ਦੇ ਸਵੈਮਾਨ ਨੂੰ ਸੱਟ ਨਾ ਮਾਰੀ ਗਈ ਹੋਵੇ।
ਉਹਨਾਂ ਸਪਸ਼ਟ ਕੀਤਾ ਕਿ ਸਿੱਖ ਕੌਮ ਦਾ ਇੱਕ ਹਿੱਸਾ ਹਿੰਦੁਸਤਾਨੀ ਹਾਕਮਾਂ ਦੇ ਸਿੱਖ-ਵਿਰੋਧੀ ਮਨਸੂਬਿਆਂ ਤੋਂ ਸੁਚੇਤ ਹੈ ਅਤੇ ਆਜ਼ਾਦੀ ਦੇ ਰਾਹ ਪਿਆ ਹੋਇਆ ਹੈ ਪਰ ਅਫਸੋਸ ਕਿ ਅਕਾਲੀਆਂ ਨਾਲ ਜੁੜੇ ਰਾਸ਼ਟਰਵਾਦੀ ਸਿੱਖ “ਹਿੰਦੂ-ਭਾਰਤ” ਨੂੰ ਆਪਣਾ ਸਮਝਣ ਦਾ ਭਰਮ ਪਾਲੀ ਬੈਠੇ ਹਨ।
ਉਹਨਾਂ ਸਿੱਖ ਪੰਥ ਦੇ ਰੌਸ਼ਨ ਦਿਮਾਗ ਸਿਰਦਾਰ ਕਪੂਰ ਸਿੰਘ ਦੇ ਸ਼ਬਦਾਂ ਨੂੰ ਦੁਹਰਾਉਦਿਆਂ ਦਸਿਆ ਕਿ “ਭਾਰਤੀ ਸਟੇਟ ਦੀਆਂ ਨਜ਼ਰਾਂ ਵਿੱਚ ਸਿੱਖ ਦੀ ਹੈਸੀਅਤ “ਜੰਗ ਦੇ ਬਾਲਣ” ਦੇ ਤੁੱਲ ਹੈ”। ਉਹਨਾਂ ਕਿਹਾ ਕਿ ੨੬ ਜਨਵਰੀ ਨੂੰ ਜੋ ਹੋਇਆ ਹੈ ਉਹ ਕੇਵਲ ਬੇਇਨਸਾਫੀ ਨਹੀਂ ਸਗੋਂ ਇਹ ਦਰਸਾਉਂਦਾ ਹੈ ਕਿ ਇਸ ਦੇਸ਼ ਦੇ ਸ਼ਾਸਕ ਸਿੱਖਾਂ ਨਾਲ ਕਿਵੇ ਬੁਰੇ ਅਤੇ ਬੇਗਾਨੇ ਤਰੀਕੇ ਨਾਲ ਵਿਵਹਾਰ ਕਰਦੇ ਆ ਰਹੇ ਹਨ।
ਉਹਨਾਂ ਅਕਾਲੀ ਦਲ ਬਾਦਲ ਦੇ ਕਬਜੇ ਵਾਲੀ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਵਲੋਂ ਸਿੱਖ ਰੈਜਮੈਂਟ ਨੂੰ ਰਾਸ਼ਟਰੀ ਪਰੇਡ ਵਿੱਚ ਸ਼ਾਮਿਲ ਨਾ ਕਰਨ ਦੇ ਰੋਸ ਵਜੋਂ ਉਠੀਆਂ ਸੁਰਾਂ ਅਤੇ ਆਵਾਜ਼ਾਂ ਉਤੇ ਟਿਪਣੀ ਕਰਦਿਆ ਕਿਹਾ ਕਿ ਇਹ ਗੁਲਾਮ ਮਾਨਸਿਕਤਾ ਦਾ ਝਲਕਾਰਾ ਦੇਂਦੀਆਂ ਹਨ। ਉਹਨਾਂ ਕਿਹਾ ਕਿ ਅਜਿਹੀ ਕਮਜ਼ੋਰੀ ਦਿਖਾਉਣ ਦੀ ਥਾਂ ਵੱਖ-ਵੱਖ ਖੇਤਰਾਂ ਵਿੱਚ ਸਰਗਰਮ ਸਿੱਖ ਲੀਡਰਸ਼ਿਪ ਨੂੰ ਪੰਜਾਬ ਦੀ ਪ੍ਰਭੂਸੱਤਾ ਅਤੇ ਆਜ਼ਾਦੀ ਲਈ ਕੰਮ ਕਰਨਾ ਚਾਹੀਦਾ ਹੈ।
ਉਹਨਾਂ ਅਕਾਲੀ ਲੀਡਰਸ਼ਿਪ ਨੂੰ ਕਿਹਾ ਕਿ ਉਹ ਸਿੱਖ ਪੰਥ ਦੀ ਵਿਲੱਖਣ ਹਸਤੀ ਨੂੰ ਬਹਾਲ ਰੱਖਣ ਲਈ ਸੁਹਿਰਦਤਾ ਨਾਲ ਵਿਚਰਨ ਨਾ ਕਿ ਜਬਾਨੀ ਜਮਾ-ਖਰਚ ਕਰਨ ਵਾਲੇ ਪੈਂਤੜੇ ਅਪਨਾਉਣ।
Related Topics: Badal Dal, Bhai Harpal Singh Cheema (Dal Khalsa), Bhai Kanwarpal Singh, Dal Khalsa International, Indian Republic Day, Sikh Regiment