ਖਾਸ ਖਬਰਾਂ

ਘੱਲੂਘਾਰਾ 1984 ਦੀ ਯਾਦ ਵਿਚ ਮਾਰਚ ਕਰਕੇ ਸਿਖਾਂ ਨੇ ਅਜ਼ਾਦੀ ਦਾ ਸੰਕਲਪ ਮੁੜ ਦੁਹਰਾਹਿਆ

By ਸਿੱਖ ਸਿਆਸਤ ਬਿਊਰੋ

June 05, 2018

ਅੰਮ੍ਰਿਤਸਰ, (ਨਰਿੰਦਰ ਪਾਲ ਸਿੰਘ): ਜੂਨ 1984 ਦੇ ਹਮਲੇ ਦੌਰਾਨ ਢੱਠੇ ਅਕਾਲ ਤਖਤ ਸਾਹਿਬ ਅਤੇ ਭਾਰਤੀ ਫੌਜ ਖਿਲਾਫ ਜੂਝਦਿਆਂ ਸ਼ਹੀਦ ਹੋਏ ਸਿੱਖ ਸ਼ਹੀਦਾਂ ਦੀਆਂ ਤਸਵੀਰਾਂ ਦੇ ਨਾਲ ਸ਼ਹਿਰ ਦੀਆਂ ਸੜਕਾਂ ਉੱਤੇ, ਦਲ ਖਾਲਸਾ ਵਲੋਂ ਅੱਜ ਘੱਲੂਘਾਰਾ ਯਾਦਗਾਰੀ ਮਾਰਚ ਕੱਢਿਆ ਗਿਆ। ਜੂਨ ’84 ਵਿੱਚ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ‘ਤੇ ਕੀਤੇ ਗਏ ਫੌਜੀ ਹਮਲੇ ਚੋਂ ਉਪਜੇ ਸ਼ਹੀਦਾਂ ਦਾ ਕੌਮ ਦੀ ਆਜ਼ਾਦੀ ਦਾ ਸੁਪਨਾ ਸਾਕਾਰ ਕਰਨ ਦੀ ਵਚਨਬੱਧਤਾ ਦੁਹਰਾਉਂਦਿਆਂ “ਹਮਲੇ ਦੇ ਜ਼ਖਮ ਅੱਜ ਤਕ ਰਿਸਦੇ ਹਨ, ਪੀੜ ਸੱਜਰੀ ਹੈ ਅਤੇ ਆਜ਼ਾਦੀ ਸੰਘਰਸ਼ ਜਾਰੀ ਹੈ” ਵਰਗੇ ਸੁਨੇਹੇ ਲਿਖੇ ਪੋਸਟਰ ਅਤੇ ਖਾਲਸਾਈ ਝੰਡੇ ਫੜ੍ਹੀ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਦੀ ਅਗਵਾਈ ਹੇਠ ਇਹ ਮਾਰਚ ਰਣਜੀਤ ਐਵੇਨਿਊ ਸਥਿਤ ਗੁ:ਸਾਹਿਬ ਤੋਂ ਸ਼ੁਰੂ ਕੀਤਾ।

ਜਥੇਬੰਦੀ ਵਲੋਂ ਵਿਸ਼ੇਸ਼ ਤੌਰ ‘ਤੇ ਸਜਾਏ ਗਏ ਮੁੱਖ ਫਲੋਟ ਉਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ, ਸ਼ਹੀਦ ਭਾਈ ਅਮਰੀਕ ਸਿੰਘ ਅਤੇ ਸ਼ਹੀਦ ਜਨਰਲ ਸੁਬੇਗ ਸਿੰਘ ਦੀਆਂ ਤਸਵੀਰਾਂ ਹੇਠਾਂ “ਫਖ਼ਰ-ਏ-ਕੌਮ” ਲਿਖਿਆ ਹੋਇਆ ਸੀ। ਪਹਿਲੀ ਵਾਰ ਦਲ ਖਾਲਸਾ ਨੇ ਮਾਰਚ ਦੌਰਾਨ ਸੰਤ ਜਰਨੈਲ ਸਿੰਘ ਖਾਲਸਾ ਦੇ ਭਾਸ਼ਣਾਂ ਅਤੇ ਨਾਭੇ ਵਾਲੀ ਬੀਬੀਆਂ ਦੀਆਂ ਜੋਸ਼ੀਲੀਆਂ ਵਾਰਾਂ ਦੀਆਂ ਟੇਪਾਂ ਚਲਾਈਆਂ ਜੋ ਕਿ ਨਗਰ ਨਿਵਾਸੀਆਂ ਅਤੇ ਰਾਹਗੀਰਾਂ ਲਈ ਖਿੱਚ ਦਾ ਕੇਂਦਰ-ਬਿੰਦੂ ਸਨ। ਸ਼ਹਿਰ ਦੇ ਮੁਖ ਬਾਜਾਰਾਂ ਚੋਂ ਗੁਜਰਦਾ ਹੋਇਆ ਮਾਰਚ ਸ੍ਰੀ ਦਰਬਾਰ ਸਾਹਿਬ ਪੁੱਜਾ ਜਿਥੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਹੀਦਾਂ ਨਮਿਤ ਅਰਦਾਸ ਕਰਕੇ ਸਮਾਪਤੀ ਕੀਤੀ ਗਈ। ਭਾਵੇਂ ਕਿ ਇਸ ਦੌਰਾਨ ਮੌਸਮ ਨੇ ਰੁੱਖ ਬਦਲਿਆ ਤੇ ਤੇਜ ਹਨੇਰੀ ਮਗਰੋਂ ਤੇਜ ਬਰਸਾਤ ਸ਼ੁਰੂ ਹੋ ਗਈ ਪਰ ਸਿੱਖ ਨੌਜਵਾਨ ਅਤੇ ਸੰਗਤਾਂ “ਖ਼ਾਲਿਸਤਾਨ ਜ਼ਿੰਦਾਬਾਦ, ਸਾਡੀ ਜਿੰਦ ਸਾਡੀ ਜਾਨ ਖਾਲਿਸਤਾਨ” ਦੇ ਨਾਅਰੇ ਮਾਰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ।

ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਦੁਨੀਆ ਭਰ ਵਿੱਚ ਸੰਘਰਸ਼ ਕਰਨ ਵਾਲੇ ਲੋਕਾਂ ਨੂੰ ਵੱਖ ਵੱਖ ਪੜਾਵਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ ਅਤੇ ਸਿੱਖ ਸੰਘਰਸ਼ ਨੂੰ ਵੀ ਉਹਨਾਂ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ। ਜੂਨ 1984 ਵਿੱਚ ਭਾਰਤੀ ਫੌਜਾਂ ਦੁਆਰਾ ਟੈਂਕਾਂ ਅਤੇ ਤੋਪਾਂ ਨਾਲ ਦਰਬਾਰ ਸਾਹਿਬ ਉੱਤੇ ਕੀਤਾ ਹਮਲਾ ਇਕ ਇਤਿਹਾਸਕ ਘਟਨਾ ਸੀ ਜਿਸ ਨੇ ਸਿੱਖ ਮਾਨਸਿਕਤਾ ਉੱਪਰ ਸਥਾਈ ਗਹਿਰਾ ਜ਼ਖ਼ਮ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੁਨਿਆਦੀ ਮੁੱਦਾ ਉਹਨਾਂ ਸਿਆਸੀ ਤੇ ਧਾਰਮਿਕ ਉਦੇਸ਼ਾਂ ਦਾ ਹੱਲ ਕਰਨਾ ਹੈ ਜਿਸ ਲਈ ਸੰਘਰਸ਼ ਸ਼ੁਰੂ ਕੀਤਾ ਗਿਆ ਸੀ।

ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਸਿੱਖਾਂ ਨੂੰ ਸੰਘਰਸ਼ ਚੱਲਦਾ ਰੱਖਣ ਦੇ ਨਾਲ ਨਾਲ ਉਨ੍ਹਾਂ ਮੌਕਾਪ੍ਰਸਤ ਰਾਜਨੀਤਿਕ ਲੋਕਾਂ ਤੋਂ ਸੁਚੇਤ ਹੋਣ ਲਈ ਵੀ ਕਿਹਾ ਜੋ ਸੰਘਰਸ਼ ਲਈ ਹੋਈਆਂ ਕੁਰਬਾਨੀਆਂ ਦਾ ਰਾਜਨੀਤਿਕ ਸ਼ੋਸ਼ਣ ਕਰ ਰਹੇ ਹਨ।

ਜਜ਼ਬਿਆਂ ਨਾਲ ਭਰੇ ਇਸ ਰੋਹ ਭਰਪੂਰ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਸਖਤ ਟਿਪਣੀ ਕਰਦਿਆਂ ਕਿਹਾ ਕਿ ਦਰਬਾਰ ਸਾਹਿਬ ਉਤੇ ਹਮਲਾ ਭਾਜਪਾ ਨੇ ਮੰਗਿਆ, ਕਾਂਗਰਸ ਨੇ ਕੀਤਾ ਅਤੇ ਸਮੁੱਚੇ ਭਾਰਤ ਨੇ ਖੁਸ਼ੀ ਮਨਾਈ।

ਜ਼ਜਬਾਤੀ ਹੁੰਦਿਆਂ ਉਹਨਾਂ ਕਿਹਾ ਕਿ ਉਸ ਹਮਲੇ ਦੌਰਾਨ ਦਰਸ਼ਨਾਂ ਲਈ ਆਈਆਂ ਹਜ਼ਾਰਾਂ ਸਿੱਖ ਸੰਗਤਾਂ, ਸ਼੍ਰੋਮਣੀ ਕਮੇਟੀ ਮੁਲਾਜ਼ਮ, ਰਾਜਨੀਤਕ ਕਾਰਕੁੰਨ ਅਤੇ ਸੇਵਾਦਾਰਾਂ ਦਾ ਭਾਰਤੀ ਫੌਜ ਨੇ ਕਤਲੇਆਮ ਕੀਤਾ ਸੀ।

ਪਾਰਟੀ ਆਗੂ ਹਰਚਰਨਜੀਤ ਸਿੰਘ ਧਾਮੀ ਨੇ ਸੰਯੁਕਤ ਰਾਸ਼ਟਰ ਅਤੇ ਵਿਸ਼ਵ ਦੀਆਂ ਹੋਰ ਵੱਡੀਆਂ ਤਾਕਤਾਂ ਕੋਲੋਂ ਜੰਗੀ ਅਪਰਾਧ ਦੇ ਦੋਸ਼ਾਂ ਤਹਿਤ ਦਰਬਾਰ ਸਾਹਿਬ ਉਤੇ ਹਮਲੇ ਦੀ ਅਗਵਾਈ ਕਰਨ ਵਾਲੇ ਦੋਸ਼ੀ ਫੋਜੀ ਅਫਸਰਾਂ ਅਤੇ ਉਸ ਮੌਕੇ ਦੇ ਹਾਕਮਾਂ ਖਿਲਾਫ ਮੁਕੱਦਮਾ ਚਲਾਉਣ ਦੀ ਮੰਗ ਕਰਦਿਆਂ ਉਹਨਾਂ ਕਿਹਾ ਕਿ ਵੱਡੀ ਗਿਣਤੀ ਵਿਚ ਆਮ ਸੰਗਤ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਹੱਥ ਪਿੱਠਾਂ ਪਿੱਛੇ ਬੰਨ੍ਹ ਕੇ ਗੋਲੀਆਂ ਅਤੇ ਬੰਬਾਂ ਨਾਲ ਮਾਰ ਦਿੱਤਾ ਗਿਆ ਸੀ।

ਇਸ ਮੌਕੇ ਬਲਦੇਵ ਸਿੰਘ ਸਿਰਸਾ, ਬਾਬਾ ਰੇਸ਼ਮ ਸਿੰਘ, ਅਮਰੀਕ ਸਿੰਘ ਈਸੜੂ, ਬਾਬਾ ਸੱਜਣ ਸਿੰਘ, ਮਨਧੀਰ ਸਿੰਘ, ਰਣਬੀਰ ਸਿੰਘ, ਕੁਲਵੰਤ ਸਿੰਘ ਫੇਰੂਮਾਨ, ਗੁਰਦੀਪ ਸਿੰਘ ਕਾਲਕੱਟ, ਜਸਵੀਰ ਸਿੰਘ ਖੰਡੂਰ, ਅਵਤਾਰ ਸਿੰਘ ਜਲਾਲਾਬਾਦ, ਕੁਲਦੀਪ ਸਿੰਘ, ਗੁਰਪੀਤ ਸਿੰਘ, ਸੁਖਦੇਵ ਸਿੰਘ, ਰਜਿੰਦਰ ਸਿੰਘ , ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਆਦਿ ਸ਼ਾਮਿਲ ਹੋਏ।

34 ਸਾਲ ਪਹਿਲਾˆ ਹੋਏ ਦਰਬਾਰ ਸਾਹਿਬ ‘ਤੇ ਹਮਲੇ ਦੇ ਰੋਸ ਵਜੋਂ ਦਿੱਤੇ 6 ਜੂਨ ਅੰਮ੍ਰਿਤਸਰ ਬੰਦ ਦੇ ਸੱਦੇ ਨੂੰ ਮੁੜ ਦੁਹਰਾਉਂਦਿਆਂ ਦਲ ਖਾਲਸਾ ਨੇ ਸ਼ਹਿਰ ਵਾਸੀਆਂ ਨੂੰ ਸੰਬੋਧਨ ਹੁੰਦਿਆਂ ਅਪੀਲ ਕੀਤੀ ਕਿ ਉਹ ਇਸ ਹਮਲੇ ਦੀ ਪੀੜ ਨੂੰ ਮਹਿਸੂਸ ਕਰਦਿਆਂ ਆਪਣੇ ਕਾਰੋਬਾਰੀ ਅਤੇ ਦਫਤਰੀ ਅਦਾਰੇ ਬੰਦ ਰੱਖਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: