ਅੰਮ੍ਰਿਤਸਰ ਸਾਹਿਬ: ਦਲ ਖਾਲਸਾ ਨੇ ਕਿਹਾ ਕਿ ਹਰਿਆਣਾ ਵਿੱਚ ਰਾਖਵਾਂਕਰਨ ਦੀ ਮੰਗ ਕਰ ਰਹੇ ਜਾਟਾਂ ਦੇ ਅੰਦੋਲਨ ਦੌਰਾਨ ਦੁਸ਼ਕਰਮਾਂ ਦੀਆਂ ਸ਼ਿਕਾਰ ਹੋਈਆਂ ਔਰਤਾਂ ਦੇ ਦਰਦ ਨੂੰ ਸ਼ਬਦਾਂ ਰਾਹੀ ਬਿਆਨ ਨਹੀਂ ਕੀਤਾ ਜਾ ਸਕਦਾ ਅਤੇ ਭਾਰਤ ਦੇ ਆਗੂਆਂ ਦਾ ਸ਼ਰਮ ਨਾਲ ਸਿਰ ਨੀਵਾਂ ਹੋਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਘਟਨਾਵਾਂ ਨੇ ਭਾਰਤ ਦੇ ਲੋਕਾਂ ਦੇ ਅਸੱਭਿਅਕ ਚਿਹਰੇ ਨੂੰ ਇੱਕ ਵਾਰ ਫੇਰ ਦੁਨੀਆ ਸਾਹਮਣੇ ਨੰਗਾ ਕੀਤਾ ਹੈ।
ਦਲ ਖਾਲਸਾ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਔਰਤਾਂ ਦੀ ਹੋਈ ਬੇਪੱਤੀ ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਜੋ ਹਰਿਆਣੇ ਵਿੱਚ ਵਾਪਰਿਆ ਹੈ ਉਸ ਨੇ ਭਾਰਤ ਦੇ ਆਗੂਆਂ ਵੱਲੋਂ ਕੀਤੇ ਜਾਂਦੇ ਵਿਕਾਸ ਅਤੇ ਤਰੱਕੀ ਦੇ ਦਾਅਵਿਆਂ ਦੀ ਪੋਲ ਖੋਲ ਦਿੱਤੀ ਹੈ ਤੇ ਸਾਬਿਤ ਕਰ ਦਿੱਤਾ ਹੈ ਕਿ ਏਥੋਂ ਦੇ ਲੋਕਾਂ ਦੀ ਸੋਚ ਵਿੱਚ ਕੋਈ ਫਰਕ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਕੋਪਈ ਸ਼ੱਕ ਨਹੀਂ ਕਿ ਭਾਰਤੀ ਲੋਕਾਂ ਵਿੱਚ ਔਰਤਾਂ ਪ੍ਰਤੀ ਸਨਮਾਨ, ਨੈਤਿਕਤਾ ਅਤੇ ਸੋਚ ਦੀ ਕਿੰਨੀ ਮਾੜੀ ਹਾਲਤ ਹੈ।
ਉਨ੍ਹਾਂ ਕਿਹਾ ਕਿ ਭਾਰਤ ਵਿੱਚ ਅਜਿਹੀਆਂ ਘਟਨਾਵਾਂ ਵਾਰ ਵਾਰ ਵਾਪਰਦੀਆਂ ਹਨ ਪਰ ਫੇਰ ਵੀ ਕੋਈ ਸਬਕ ਨਹੀਂ ਲਿਆ ਜਾਂਦਾ।1984 ਵਿੱਚ ਦਿੱਲੀ ਵਿੱਚ, 2003 ਵਿੱਚ ਗੁਜਰਾਤ ਵਿੱਚ, 2008 ਵਿੱਚ ਓੜੀਸਾ ਵਿੱਚ ਅਨੇਕਾਂ ਔਰਤਾਂ ਦੀ ਪੱਤ ਲੁੱਟੀ ਗਈ, ਪਰ ਅਜੇ ਵੀ ਭਾਰਤ ਦੇ ਆਗੂ ਬੜੀ ਬੇਸ਼ਰਮੀ ਨਾਲ “ਸ਼ਾਈਨਿੰਗ ਇੰਡੀਆ” ਦਾ ਨਾਅਰਾ ਦਿੰਦੇ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਘਟਨਾਵਾਂ ਦੌਰਾਨ ਇੱਕ ਖਾਸ ਵਰਗ ਦੀ ਮਾਨਸਿਕਤਾ ਨੂੰ ਸੱਟ ਮਾਰਨ ਲਈ ਉਸ ਵਰਗ ਦੀਆਂ ਔਰਤਾਂ ਨੂੰ ਜਬਰ ਦਾ ਸ਼ਿਖਾਰ ਬਣਾਇਆ ਗਿਆ, ਪਰ ਇਸ ਵਾਰ ਪਿੱਛੇ ਤੋਂ ਪਣਪਦੀ ਆ ਰਹੀ ਮਾਨਸਿਕਤਾ ਨੇ ਹਰਿਆਣੇ ਵਿੱਚ ਸਾਹਮਣੇ ਆਈ ਹਰ ਔਰਤ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ।
ਉਨ੍ਹਾਂ ਕਿਹਾ ਕਿ ਜਦੋਂ ਗੁਜਰਾਤ ਵਿੱਚ ਮਾਸੂਮਾਂ ਦਾ ਕਤਲ ਕੀਤਾ ਗਿਆ ਤੇ ਔਰਤਾਂ ਦੇ ਬਲਾਤਕਾਰ ਕੀਤੇ ਗਏ ਉਸ ਸਮੇਂ ਭਾਰਤ ਦੇ ਪ੍ਰਧਾਨ ਮੰਤਰੀ ਏ.ਬੀ ਵਾਜਪਾਈ ਨੇ ਉਨ੍ਹਾਂ ਘਟਨਾਵਾਂ ਨੂੰ ਦੇਸ਼ ਦੇ ਮੂੰਹ ਤੇ ਕਾਲਾ ਧੱਬਾ ਦੱਸਿਆ ਸੀ। ਅਸੀਂ ਉਡੀਕ ਕਰ ਰਹੇ ਹਾਂ ਕਿ ਹਰਿਆਣੇ ਦੀਆਂ ਘਟਨਾਵਾਂ ਨੂੰ ਭਾਰਤ ਦੇ ਮੋਜੂਦਾ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇਸ਼ ਦੇ ਮੂੰਹ ਤੇ ਕਿਸ ਰੰਗ ਦਾ ਧੱਬਾ ਦੱਸਦੇ ਹਨ।
ਖਬਰਾਂ ਅਨੁਸਾਰ ਹਰਿਆਣੇ ਵਿੱਚ ਹੋਈ ਹਿੰਸਾ ਦੌਰਾਨ ਜਿਆਦਾਤਰ ਗੈਰ-ਸਿੱਖ ਪੰਜਾਬੀ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।ਅੱਜ ਅਸੀਂ ਇਸ ਦੁੱਖ ਦੀ ਘੜੀ ਵਿੱਚ ਹਰ ਉਸ ਇਨਸਾਨ ਦੇ ਨਾਲ ਖੜੇ ਹਾਂ ਜੋ ਇਸ ਹਿੰਸਾ ਦਾ ਸ਼ਿਕਾਰ ਹੋਇਆ ਹੈ।
ਹਰਿਆਣਾ ਸਰਕਾਰ ਵੱਲੋਂ ਔਰਤਾਂ ਨਾਲ ਕੀਤੇ ਦੁਸ਼ਕਰਮਾਂ ਦੀ ਜਾਂਚ ਹਰਿਆਣਾ ਪੁਲਿਸ ਕੋਲੋਂ ਕਰਵਾਏ ਜਾਣ ਤੇ ਸਰਕਾਰ ਦੀ ਨਖੇਧੀ ਕਰਦਿਆਂ ਕਿਹਾ ਕਿ ਜਿਸ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਨੇ ਪੀੜਤ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੇ ਬਦਨਾਮੀ ਹੋਣ ਦਾ ਡਰ ਦੇ ਕੇ ਸ਼ਿਕਾਇਤ ਨਾ ਕਰਨ ਦਾ ਦਬਾਅ ਪਾਇਆ, ਉਹ ਪੁਲਿਸ ਇਸ ਮਾਮਲੇ ਦੀ ਨਿਰਪੱਖ ਜਾਂਚ ਨਹੀਂ ਕਰ ਸਕਦੀ ਤੇ ਪੀੜਤਾਂ ਨੂੰ ਇਨਸਾਫ ਨਹੀਂ ਦਵਾ ਸਕਦੀ।
ਬੀਤੇ ਕੱਲ ਅਮਰੀਕਾ ਦੇ ਦੌਰੇ ਤੋਂ ਪਰਤੇ ਧਾਮੀ ਨੇ ਕਿਹਾ ਕਿ ਭਾਰਤ ਵਿੱਚ ਵੱਧ ਰਹੀ ਅਸਿਹਣਸ਼ੀਲਤਾ ਅਤੇ ਘੱਟਗਿਣਤੀਆਂ ਤੇ ਹੋ ਰਹੇ ਹਮਲਿਆਂ ਬਾਰੇ ਭਾਰਤ ਦੀ ਮੋਦੀ ਸਰਕਾਰ ਨੂੰ ਅਮਰੀਕਾ ਦੇ 34 ਸੈਨੇਟਰਾਂ ਵੱਲੋਂ ਸਾਫ ਸੀਸ਼ਾ ਦਿਖਾਇਆ ਗਿਆ ਹੈ।ਆਪਣੀ ਰਿਪੋਰਟ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਧਰਨਾ ਦੇ ਰਹੀ ਸੰਗਤ ਤੇ ਪੁਲਿਸ ਵੱਲੋਂ ਚਲਾਈ ਗੋਲੀ ਵਿੱਚ ਸ਼ਹੀਦ ਹੋਏ ਦੋ ਸਿੰਘਾਂ ਦਾ ਜਿਕਰ ਕਰਨ ਲਈ ਉਨ੍ਹਾਂ ਅਮਰੀਕਾ ਦੇ ਸੈਨੇਟਰਾਂ ਦਾ ਧੰਨਵਾਦ ਕੀਤਾ।