ਸ਼੍ਰੀ ਅੰਮ੍ਰਿਤਸਰ (ਮਈ 16, 2010): ਦਲ ਖ਼ਾਲਸਾ ਨੇ ਸ਼੍ਰੋਮਣੀ ਕਮੇਟੀ ਵੱਲੋਂ ਪਹਿਲੇ ਸਿੱਖ ਰਾਜ ਦੇ ਮਨਾਏ ਗਏ ਸ਼ਤਾਬਦੀ ਸਮਾਰੋਹ ਮੌਕੇ ਭਾਜਪਾ ਮੁਖੀ ਸ੍ਰੀ ਨਿਤਿਨ ਗਡਕਰੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਬੈਰਾਗੀ ਕਹਿਣ ਅਤੇ ਭਾਰਤ ਦੇ ਸਮੂਹ ਦਰਿਆਵਾਂ ਨੂੰ ਜੋੜਨ ਦੇ ਬਿਆਨ ਉਤੇ ਤਿੱਖਾ ਪ੍ਰਤੀਕਰਮ ਪ੍ਰਗਟ ਕੀਤਾ ਹੈ।
ਯਾਦ ਰਹੇ ਕਿ ਭਾਜਪਾ ਮੁਖੀ ਨੇ ਚੰਡੀਗੜ੍ਹ ਵਿਚ ਬੋਲਦਿਆਂ ਸੁਝਾਅ ਦਿੱਤਾ ਸੀ ਕਿ ਦਰਿਆਈ ਪਾਣੀਆਂ ਦਾ ਰਾਸ਼ਟਰੀਕਰਣ ਹੋਣਾ ਚਾਹੀਦਾ ਹੈ।
ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਤਿੱਖੀ ਸੁਰ ਵਿਚ ਆਖਿਆ ਕਿ ਸ੍ਰੀ ਗਡਕਰੀ ਦਾ ਸੁਝਾਅ ‘ਰਾਇਪੇਰੀਅਨ ਸਿਧਾਂਤ’ ਦੀ ਸਿੱਧੀ ਉਲੰਘਣਾ ਹੈ। ਉਹਨਾਂ ਆਖਿਆ ਕਿ ਬਾਦਲ ਦਲ ਇਸ ਗੰਭੀਰ ਮੁੱਦੇ ਉਤੇ ਆਪਣੀ ਸਿਆਸੀ ਖੁਦਗਰਜ਼ੀ ਕਰਕੇ ਖਾਮੋਸ਼ ਹੈ ਜਦ ਕਿ ਸ੍ਰੀ ਗਡਕਰੀ ਦਾ ਸੁਝਾਅ ਬਾਦਲ ਦਲ ਦੇ 2007 ਦੇ ਚੋਣ ਮਨੋਰਥ ਪੱਤਰ ਵਿਚ ਦਰਜ਼ ਦਰਿਆਈ ਪਾਣੀਆਂ ਸਬੰਧੀ ਨੀਤੀ ਦੀ ਸਿੱਧੀ ਮੁਖਾਲਫਤ ਕਰਦਾ ਹੈ।
ਉਹਨਾਂ ਆਖਿਆ ਕਿ ਆਰ. ਐਸ. ਐਸ. ਅਤੇ ਭਾਜਪਾ ਸਾਂਝੇ ਤੌਰ ਤੇ ਪੰਜਾਬ ਦੇ ਦਰਿਆਈ ਪਾਣੀ ਖੋਹਣ ਦੀ ਜੋ ਘਾਤਕ ਸਾਜਿਸ਼ ਬੁਣ ਰਹੇ ਹਨ ਅਕਾਲੀ ਆਗੂ ਆਪਣੀਆਂ ਸਿਆਸੀ ਖੁਦਗਰਜੀਆਂ ਕਰਕੇ ਸਿੱਧੇ-ਅਸਿੱਧੇ ਢੰਗ ਨਾਲ ਇਸ ਸਾਜਿਸ਼ ਦੇ ਭਾਗੀਦਾਰ ਬਣੇ ਹੋਏ ਹਨ। ਉਹਨਾਂ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਪੰਜਾਬ ਵਾਸੀ ਆਪਣੇ ਪਾਣੀਆਂ ਦੀ ਰਾਖੀ ਕਰਨੀ ਜਾਣਦੇ ਹਨ। ਉਹਨਾਂ ਅੱਗੇ ਬੋਲਦਿਆਂ ਕਿਹਾ ਕਿ ਪੰਜਾਬੀਆਂ ਨੇ ਪਾਣੀਆਂ ਪਿਛੇ ਪਹਿਲਾਂ ਵੀ ਹਜ਼ਾਰਾਂ ਜਾਨਾਂ ਵਾਰੀਆਂ ਹਨ ਅਤੇ ਅੱਗੋਂ ਵੀ ਉਹ ਕਿਸੇ ਕੁਰਬਾਨੀ ਤੋਂ ਪਿਛੇ ਨਹੀਂ ਹੱਟਣਗੇ।
ਉਹਨਾਂ ਕਿਹਾ ਕਿ ਸ਼ਤਾਬਦੀ ਸਮਾਰੋਹਾਂ ਮੌਕੇ ਭਾਜਪਾ ਮੁਖੀ ਸ੍ਰੀ ਗਡਕਰੀ, ਜਨਰਲ ਸਕੱਤਰ ਸ੍ਰੀ ਬਲਬੀਰ ਪੁੰਜ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਮਨੋਰੰਜਨ ਕਾਲੀਆ ਨੇ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਕਰ ਵਾਰ ਵਾਰ ‘ਵੀਰ ਬੰਦਾ ਬੈਰਾਗੀ’ ਵਜੋਂ ਕਰਕੇ ਉਸ ਮਹਾਨ ਸਿੱਖ ਯੋਧੇ ਦਾ ‘ਹਿੰਦੂਕਰਣ’ ਕਰਨ ਦੀ ਕੋਸ਼ਿਸ਼ ਕੀਤੀ ਹੈ।
ਉਹਨਾਂ ਕਿਹਾ ਕਿ ਅਕਾਲੀ ਲੀਡਰਸ਼ਿਪ ਬੀਤੇ ਤੋਂ ਸਬਕ ਨਹੀਂ ਸਿਖ ਰਹੀ ਅਤੇ ਹਰ ਸ਼ਤਾਬਦੀ ਮੌਕੇ ਉਸ ਭਾਜਪਾ ਨੂੰ ਸੱਦੇ ਭੇਜਦੀ ਹੈ ਜਿਹੜੀ ਕਿ ਇਹਨਾਂ ਮੌਕਿਆਂ ਨੂੰ ਸਿੱਖ ਕੌਮ ਦੀ ਹੋਂਦ-ਹਸਤੀ ਨੂੰ ਖੋਰਾ ਲਾਉਣ ਅਤੇ ਸਿੱਖ ਇਤਿਹਾਸ ਨੂੰ ਵਿਗਾੜਨ ਲਈ ਵਰਤਦੀ ਹੈ। ਆਪਣੀ ਗੱਲ ਉਤੇ ਜੋਰ ਦਿੰਦਿਆਂ ਉਹਨਾਂ ਆਖਿਆ ਕਿ ਜਦੋਂ 2006 ਵਿਚ ਪੰਜਵੇਂ ਪਾਤਸ਼ਾਹ ਦੇ 400 ਸਾਲਾ ਸ਼ਹੀਦੀ ਸਮਾਗਮ ਮਨਾਏ ਗਏ ਤਾਂ ਓਦੋਂ ਵੀ ਸ਼ੁਸ਼ਮਾ ਸਵਰਾਜ ਨੇ 5ਵੇਂ ਪਾਤਸ਼ਾਹ ਦੀ ਸ਼ਹੀਦੀ ਵਿਚ ਚੰਦੂ ਬ੍ਰਾਹਮਣ ਦੇ ਰੋਲ ਬਾਰੇ ਗਲਤ ਬਿਆਨੀ ਕੀਤੀ ਸੀ।
ਆਰ. ਐਸ. ਐਸ. ਅਤੇ ਭਾਜਪਾ ਦੀਆਂ ਸਿੱਖ ਪਛਾਣ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਦਾ ਮੂੰਹ ਤੋੜਵਾਂ ਜਵਾਬ ਦੇਣ ਦਾ ਸੱਦਾ ਦਿੰਦਿਆਂ ਉਹਨਾਂ ਆਖਿਆ ਕਿ ਸਿੱਖਾਂ ਨੂੰ ਹੁਣ ਤਾਂ ਗੂੜੀ ਨੀਦਰੋਂ ਜਾਗ ਜਾਣਾ ਚਾਹੀਦਾ ਹੈ।