ਅੰਮ੍ਰਿਤਸਰ (26 ਜਨਵਰੀ, 2015): ਸਿੱਖ ਜੱਥੇਬੰਦੀ ਦਲ ਖਾਲਸਾ ਨੇ ਅੱਜ ਸ਼੍ਰੋਮਣੀ ਅਕਾਲੀ ਦਲ ( ਪੰਚ ਪ੍ਰਧਾਨੀ) ਦੇ ਸਹਿਯੋਗ ਨਾਲ ਸਿੱਖਾਂ ਨਾਲ ਭਾਰਤ ਵਿੱਚ ਕੀਤੇ ਜਾ ਰਹੇ ਸੰਵਿਧਾਨਿਕ ਵਿਤਕਰੇ, ਪੱਖਪਾਤ ਅਤੇ ਬੇਇਨਸਾਫੀ ਵਿਰੁੱਧ ਭਾਰਤੀ ਗਣਤੰਤਰ ਦਿਵਸ ਨੂੰ ਕਾਲਾ ਦਿਹਾੜਾ ਮਨਾਉਦਿਆਂ ਅੰਮ੍ਰਿਤਸਰ, ਜਲੰਧਰ, ਲਧਿਆਣਾ ਅਤੇ ਕੋਟ ਈਸੇ ਖਾਂ, (ਜਿਲਾ ਮੋਗਾ) ਵਿੱਚ ਰੋਸ ਰੈਲੀਆਂ ਕੀਤੀਆਂ।
ਦਲ ਖਾਲਸਾ ਨੇ ਭਾਰਤ ਦੀ ਯਾਤਰਾ ‘ਤੇ ਆਏ ਅਮਰੀਕੀ ਰਾਸ਼ਟਰਪਤੀ ਨੂੰ ਅਪੀਲ ਕੀਤੀ ਉਹ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਮੁੱਦਾ ਭਾਰਤੀ ਪ੍ਰਧਾਨ ਮੰਤਰੀ ਨਾਲ ਉਠਾਉਣ।
ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਭਾਰਤ ਆਪਣੇ ਆਪ ਨੂੰ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਅਖਵਾਉਦਾ ਹੈ ਅਤੇ 26 ਜਨਵਰੀ ਨੂੰ ਆਪਣਾ ਗਣਤੰਤਰ ਦਿਵਸ ਮਨਾ ਰਿਹਾ ਹੈ, ਪਰ ਇਸਦੇ ਲੋਕਤੰਤਰਿਕ ਦਾ ਦਾ ਪਾਜ਼ ਉਦੋਂ ਉੱਗੜ ਜਾਂਦਾ ਹੈ, ਜਦੋਂ ਇਹ ਪੰਜਾਬ ਦੇ ਦਰਿਆਈ ਪਾਣੀਆਂ ‘ਤੇ ਸੰਵਿਧਾਨਿਕ ਡਾਕੇ ਮਾਰਦਾ ਹੈ, ਸਿੱਖਾਂ ਨੂੰ ਸੰਵਿਧਾਨਿਕ ਹੱਕ ਦੇਣ ਅਤੇ ਸਿੱਖਾਂ ਦੀ ਵੱਖਰੀ ਪਛਾਣ ਤੋਂ ਇਨਕਾਰ ਕੀਤਾ ਜਾਂਦਾ ਹੈ,ਸਿੱਖਾਂ ‘ਤੇ ਹਿੰਦੂ ਕਾਨੂੰਨਾਂ ਨੂੰ ਜਬਰੀ ਠੋਸਿਆ ਜਾਂਦਾ ਹੈ ਅਤੇ ਸਿੱਖ ਅਧਿਕਾਰਾਂ ਦੀ ਲੜਾਈ ਨੂੰ ਮਿਲਟਰੀ ਅਤੇ ਪੁਲਿਸ ਦੀਆਂ ਗੋਲੀਆਂ ਅਤੇ ਡਾਂਗਾਂ ਨਾਲ ਦਬਾਇਆ ਗਿਆ।
ਉਨ੍ਹਾਂ ਕਿਹਾ ਕਿ ਇਹ ਬੜਾ ਦੁਖਦਾਈ ਹੈ ਕਿ ਭਾਰਤ ਦਾ ਮੌਜੂਦਾ ਸੰਵਿਧਾਨ ਘੱਟਗਿਣਤੀਆਂ ਨੂੰ ਸਵੈ-ਨਿਰਣੇ ਦੇ ਅਧਿਕਾਰ ਸਮੇਤ ਲੋਕਤੰਤਰੀ ਅਧਿਕਾਰਾਂ ਤੋਂ ਵਾਂਝਿਆਂ ਰੱਖਿਆ ਹੋਇਆ ਹੈ।
ਵੱਡੀ ਗਿਣਤੀ ਵਿੱਚ ਹੱਥਾਂ ਵਿੱਚ ਕਾਲੀਆਂ ਝੰਡੀਆਂ ਅਤੇ ਤਖਤੀਆਂ ਫੜੀ ਸਿੱਖ ਕਾਰਕੂਨਾਂ ਨੇ ਭੰਡਾਰੀ ਪੁਲ ‘ਤੇ ਦੋ ਘੰਟਿਆਂ ਤੱਕ ਪ੍ਰਦਰਸ਼ਨ ਕੀਤਾ।ਉਨ੍ਹਾਂ ਨੇ ਗਲੀਆਂ ਦੇ ਵਿੱਚ ਸਿੱਖਾਂ ਦੀ ਵੱਖਰੀ ਪਹਿਚਾਣ ਤੋਂ ਆਕੀ ਭਾਰਤੀ ਸੰਵਿਧਾਨ ਨੂੰ ਨਾਕਰਦਿਆਂ ਨਾਅਰੇ ਲਾਏ।ਉਨ੍ਹਾਂ ਕਿਹਾ ਕਿ ਸਿੱਖ ਅਜ਼ਾਦੀ ਦੀ ਦੀ ਚੱਲ ਰਹੀ ਲੜਾਈ ਅਜ਼ਾਦੀ ਪ੍ਰਾਪਤੀ ਤੱਕ ਜਾਰੀ ਰਹੇਗੀ।
ਦਲ ਖਾਲਸਾ ਦੇ ਮੁਖੀ ਬਾਈ ਹਰਚਰਨਜੀਤ ਸਿੰਘ ਧਾਮੀ ਨੇ ਜਲੰਧਰ, ਸਤਨਾਮ ਸਿੰਘ ਨੇ ਕੋਟ ਈਸੇ ਖਾਂ, ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ ) ਦੇ ਆਗੂ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਲੁਧਿਆਣਾ ਵਿੱਚ ਰੋਸ ਮਾਰਚ ਦੀ ਅਗਵਾਈ ਕੀਤੀ।