ਚੰਡੀਗੜ੍ਹ: ਦਲ ਖਾਲਸਾ ਨੇ ਸਿੱਖ ਫੈਡਰੇਸ਼ਨ ਯੂ.ਕੇ. ਵਲੋਂ ਸਿੱਖਾਂ ਦੀ ਆਜ਼ਾਦੀ ਦੀ ਤਾਂਘ ਨੂੰ ਪੂਰਾ ਕਰਨ ਲਈ ਕੌਮਾਂਤਰੀ ਪੱਧਰ ‘ਤੇ ਕੀਤੇ ਜਾ ਰਹੇ ਸੁਹਰਿਦ ਅਤੇ ਭਰਪੂਰ ਯਤਨਾਂ ਦੀ ਪੂਰਨ ਹਮਾਇਤ ਕਰਦਿਆਂ ਯੂਰਪ ਅਤੇ ਯੂ.ਕੇ. ਦੀ ਸੰਗਤਾਂ ਅਤੇ ਵਿਸ਼ੇਸ਼ ਕਰਕੇ ਆਜ਼ਾਦੀ-ਪਸੰਦ ਲੋਕਾਂ ਨੂੰ ਜਥੇਬੰਦੀ ਵਲੋਂ ਆਯੋਜਿਤ ਕੀਤੀ ਜਾ ਰਹੀ ਸਿੱਖ ਕਨਵੈਨਸ਼ਨ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ।
ਦਲ ਖਾਲਸਾ ਵਲੋਂ 18 ਸਤੰਬਰ ਨੂੰ ਵੂਲਵਰਹੈਂਪਟਨ ਵਿਖੇ ਹੋਣ ਜਾ ਰਹੀ ਸਿੱਖ ਕਨਵੈਨਸ਼ਨ ਵਿੱਚ ਲੋਕਾਂ ਨੂੰ ਸਾਮਿਲ ਹੋਣ ਦੀ ਅਪੀਲ
ਪਾਰਟੀ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਸੀਨੀਆਰ ਆਗੂ ਹਰਚਰਨਜੀਤ ਸਿੰਘ ਧਾਮੀ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਸਿੱਖ ਫੈਡਰੇਸ਼ਨ ਵਲੋਂ ਆਪਣੀ ਵਰ੍ਹੇਗੰਢ ਮੌਕੇ ਕਰਵਾਈ ਜਾ ਰਹੀ 18 ਸਤੰਬਰ ਨੂੰ ਵੂਲਵਰਹੈਂਪਟਨ ਵਿਖੇ ਕਾਨਫਰੰਸ ਵਿੱਚ ਸਿੱਖ ਕੌਮ ਦੇ ਭਵਿੱਖ ਨਾਲ ਜੁੜੇ ਅਹਿਮ ਅਤੇ ਸੰਵੇਦਣਸ਼ੀਲ ਮੁਦਿਆਂ ਉਤੇ ਵਿਚਾਰ-ਚਰਚਾ ਹੋਣੀ ਹੈ। ਉਹਨਾਂ ਕਿਹਾ ਕਿ ਸਾਨੂੰ ਯਕੀਨ ਹੈ ਕਿ ਇਹ ਕਾਨਫਰੰਸ ਕੌਮਾਂਤਰੀ ਪੱਧਰ ‘ਤੇ ਸਿੱਖਾਂ ਨੂੰ ਪੇਸ਼ ਆ ਰਹੀਆਂ ਦਰਪੇਸ਼ ਚੁਣੌਤੀਆਂ ਨਾਲ ਨਜਿਠਣ ਲਈ ਅਤੇ ਖਾਲਿਸਤਾਨ ਸੰਘਰਸ਼ ਵਿੱਚ ਤਾਜ਼ਗੀ ਲਿਆਉਣ ਲਈ ਕੋਈ ਠੋਸ ਰਣਨੀਤੀ ਤੈਅ ਕਰੇਗੀ।
ਉਹਨਾਂ ਸਵੈ-ਨਿਰਣੇ ਦੇ ਹੱਕ ਲਈ ਲੜੇ ਜਾ ਰਹੇ ਸਿੱਖ ਸੰਘਰਸ਼ ਵਿੱਚ ਸਿੱਖ ਫੈਡਰੇਸ਼ਨ ਦੇ ਅਹਿਮ ਯੋਗਦਾਨ ਦੀ ਗੱਲ ਕਰਿਦਆਂ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ ਤੱਕ ਕੌਮ ਦੀ ਆਵਾਜ਼ ਅਤੇ ਦਰਦ ਨੂੰ ਪਹੁੰਚਾਉਣਾ ਅਤੇ ਬਾਹਰਲੇ ਮੁਲਕਾਂ ਅੱਗੇ ਭਾਰਤੀ ਹਕੂਮਤ ਦੇ ਜ਼ੁਲਮਾਂ ਦੀ ਸਹੀ ਤਸਵੀਰ ਪੇਸ਼ ਕਰਨ ਦਾ ਕੰਮ ਇਸ ਜਥੇਬੰਦੀ ਦੇ ਆਗੂ ਬਾ-ਖੂਬੀ ਨਿਭਾਅ ਰਹੇ ਹਨ। ਉਹਨਾਂ ਤਸਲੀ ਪ੍ਰਗਟਾਉਦਿਆਂ ਕਿਹਾ ਕਿ ਸਿੱਖ ਫੈਡਰੇਸ਼ਨ ਯੂ.ਕੇ. ਸਹੀ ਅਰਥਾ ਵਿੱਚ ਯੂ.ਕੇ. ਅਤੇ ਯੂਰਪ ਵਿੱਚ ਵਸਦੇ ਸਿੱਖ ਭਾਈਚਾਰੇ ਅਤੇ ਵਿਸ਼ੇਸ਼ ਕਰਕੇ ਸਿੱਖ ਸੰਘਰਸ਼ ਨਾਲ ਜੁੜੇ ਲੋਕਾਂ ਦੀ ਅਸਰਦਾਰ ਢੰਗ ਨਾਲ ਤਰਜ਼ਮਾਨੀ ਕਰ ਰਹੀ ਹੈ।