ਬਠਿੰਡਾ: ਅੱਜ ਨਵੇਂ ਸਾਲ ਦੇ ਸ਼ੁਰੂਆਤੀ ਪਹਿਲੇ ਦਿਨ ਨੂੰ ਹੀ ਦਲ ਖ਼ਾਲਸਾ ਤੇ ਸਿੱਖ ਯੂਥ ਆਫ਼ ਪੰਜਾਬ ਨੇ ਰੋਸ ਵਜੋਂ ਮਨਾਉਦਿਆ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨ ‘ਤੇ ਰੋਸ ਪ੍ਰਗਟ ਕੀਤਾ। ਬਠਿੰਡਾ ਵਿੱਚ ਦਲ ਖ਼ਾਲਸਾ ਦੇ ਆਗੂ ਭਾਈ ਬਲਦੇਵ ਸਿੰਘ ਸਿਰਸਾ ਨੇ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆ ਉਹਨਾਂ ‘ਤੇ ਹੋ ਰਹੇ ਚੁਰਤਫ਼ਾ ਹਮਲਿਆਂ ਤੋਂ ਜਾਣੂ ਹੋਣ ਦੀ ਅਪੀਲ ਕੀਤੀ।
ਬਠਿੰਡਾ ਦੇ ਬੱਸ ਅੱਡੇ ਅੱਗੇ ਭਾਰੀ ਗਿਣਤੀ ਵਿੱਚ ਸਿੱਖ ਅਤੇ ਸਿੱਖ ਨੌਜਵਾਨ, ਜਿਹਨਾਂ ਨੇ ਆਪਣੇ ਹੱਥਾਂ ਵਿੱਚ ‘ਗੁਲਾਮ ਕੌਮਾਂ ਲਈ ਨਵੇਂ ਸਾਲ ਦੀਆਂ ਕਾਹਦੀਆਂ ਖੁਸੀਆਂ?’,’ਜੇਲ੍ਹੀਂ ਬੈਠੇ ਪੁੱਤਾਂ ਦੇ ਰਾਹ ਮਾਪੇ ਉਡੀਕਣ ਰਾਹ ਦਿੱਲੀਏ.. ਨਵੇਂ ਸਾਲ ਦੇ ਜਸ਼ਨਾਂ ਦਾ ਸਾਨੂੰ ਕਾਹਦਾ ਚਾਅ ਦਿੱਲੀਏ. . ‘, ‘ਬੰਦੀ ਸਿੰਘ ਰਿਹਾਅ ਕਰੋਂ’, ‘ਨਵੇਂ ਸਾਲ ਦੇ ਸੂਰਜ ਦੀਆਂ ਕਿਰਨਾਂ ਦੇ ਰਾਹਾਂ ਦੀ ਰੁਕਾਵਟ ਜੇਲ੍ਹਾਂ ਦੀਆਂ ਕਾਲ ਕੋਠੜੀਆਂ’ ਦੇ ਬੈਨਰ ਹੱਥਾਂ ਵਿੱਚ ਫੜ੍ਹ ਕੇ ਲੋਕਾਂ ਨੂੰ ਇੱਕ ਸੁਨੇਹਾ ਦੇਣ ਵਿੱਚ ਕਾਮਯਾਬ ਹੋਏ। ਇਸ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆ ਦਲ ਖ਼ਾਲਸਾ ਦੇ ਮੀਤ ਪ੍ਰਧਾਨ ਭਾਈ ਬਲਦੇਵ ਸਿੰਘ ਸਿਰਸਾ ਨੇ ਦਿੱਲੀ ਵੱਲੋਂ ਪੰਜਾਬ ਨਾਲ ਹਰ ਪੱਖੋਂ ਹੋ ਰਹੀ ਧੱਕੇਸ਼ਾਹੀ ਦੀ ਗੱਲ ਕਰਦਿਆ ਸਿੱਖ ਕੌਮ ਨੂੰ ਚੁਤਰਫ਼ਾ ਹਮਲਿਆਂ ਤੋਂ ਜਾਣੂ ਹੋਣ ਦਾ ਸੱਦਾ ਦਿੱਤਾ।
ਉਹਨਾਂ ਕਿਹਾ ਕਿ 20 ਵੀਂ ਸਦੀ ਦੀ ਸਿੱਖ ਹਥਿਆਰਬੰਦ ਲਹਿਰ ਵੇਲੇ ਤੋਂ ਜੋ ਸਿੱਖ ਨੌਜਵਾਨ ਦਹਾਕਿਆਂ ਤੋਂ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਬੈਠੇ ਹਨ ਅੱਜ ਉਹ ਉਮਰ ਦੇ ਆਖਰੀ ਪੜਾਅ ‘ਤੇ ਜਿੰਦਗੀ ਦੀਆਂ ਘੜੀਆਂ ਗਿਣ ਰਹੀਆਂ ਹਨ ਅਤੇ ਉਹਨਾਂ ਦੇ ਮਾਪੇ ਦਹਾਕਿਆਂ ਤੋਂ ਪੁੱਤਰਾਂ ਨੂੰ ਤਰਸਦੇ ਇਸ ਦੁਨੀਆ ਤੋਂ ਕੁਝ ਚਲੇ ਗਏ ਤੇ ਬਾਕੀ ਚਲੇ ਜਾ ਰਹੇ ਹਨ, ਪਰ ਉਹਨਾਂ ਦੇ ਪੁੱਤਰਾਂ ਦੀ ਰਿਹਾਈ ਦੀ ਉਮੀਦ ਨਹੀਂ ਦਿਸ ਰਹੀ।
ਦਲ ਖ਼ਾਲਸਾ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਨੇ ਆਪਣੀ ਸੰਬੋਧਨੀ ਭਾਸ਼ਣ ਵਿੱਚ ਦਿੱਲੀ ਦੀ ਗੁੰਗੀ ਬੋਲੀ ਹਕੂਮਤ ਨੂੰ ਸਿੱਖ ਮਸਲਿਆਂ ਪ੍ਰਤੀ ਧਿਆਨ ਦੇਣ ਦੀ ਗੱਲ ਕਰਦਿਆ ਕਿਹਾ ਕਿ ਇਹ ਦਿੱਲੀ ਪਿਛਲੇ 70-75 ਸਾਲਾਂ ਤੋਂ ਸਿੱਖਾਂ ਨਾਲ ਨਿਭਾੳਂਦੀ ਆ ਰਹੀ ਹੈ ਉਹ ਹੁਣ ਸਿੱਖਾਂ ਨੂੰ ਕੁੱਟਣਾ ਮਾਰਨਾ ਬੰਦ ਕਰੇ।
ਇਸ ਮੌਕੇ ਪੰਜਾਬੀ ਮਾਂ ਬੋਲੀ ਸਤਿਕਾਰ ਮੰਚ ਦੇ ਲਖਵੀਰ ਸਿੰਘ ਲੱਖਾ ਸਿਧਾਣਾ ਨੇ ਨੌਜਵਾਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਨਵੇਂ ਸਾਲ ‘ਤੇ ਵਧਾਈ ਨਾ ਦੇਣ ਦੀ ਅਪੀਲ ਕਰਦਿਆ ਉਹਨਾਂ ਨੂੰ ਆਪਣੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਚੇਤੇ ਕਰਨ ਦੀ ਬੇਨਤੀ ਕੀਤੀ। ਆਪਣੇ ਸੰਬੋਧਨੀ ਭਾਸ਼ਣ ਵਿੱਚ ਉਹਨਾਂ ਕਿਹਾ ਜਿਹੜੇ ਸਾਡੇ ਭਰਾ ਪਿਛਲੇ ਲੰਬੇ ਸਮੇਂ ਤੋਂ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਹਨ ਜਿਹਨਾਂ ਦੇ ਸੁਪਨਿਆਂ ਲਈ ਕੋਈ ਆਸ ਦੀ ਕਿਰਨ ਦਿਖਾਈ ਨਹੀਂ ਦੇ ਰਹੀ ਜਿਸ ਕਰਕੇ ਸਾਨੂੰ ਜਸ਼ਨਾਂ ਦੀ ਬਜਾਏ ਇਸ ਦਿਨ ਨੂੰ ਕਾਲਾ ਤੇ ਰੋਸ ਦਿਨ ਵਜੋਂ ਮਨਾਉਣਾ ਚਾਹੀਦਾ ਹੈ। ਇਸ ਰੋਸ ਪ੍ਰਦਰਸ਼ਨ ਵਿੱਚ ਦਲ ਖ਼ਾਲਸਾ ਦੇ ਭਾਈ ਗੁਰਵਿੰਦਰ ਸਿੰਘ ਬਠਿੰਡਾ, ਭਾਈ ਜੀਵਨ ਸਿੰਘ ਗਿੱਲ ਕਲਾਂ, ਪੰਜਾਬੀ ਮਾਂ ਬੋਲੀ ਸਤਿਕਾਰ ਮੰਚ ਵੱਲੋਂ ਬਲਜਿੰਦਰ ਸਿੰਘ ਕੋਟਭਾਰਾ, ਗਗਨ ਕੌਰ ਮਾਨਸਾ, ਸਿੱਖ ਯੂਥ ਆਫ਼ ਪੰਜਾਬ ਦੇ ਹਰਪ੍ਰੀਤ ਸਿੰਘ, ਅਰਸ਼ਦੀਪ ਸਿੰਘ, ਨੌਜਵਾਨ ਆਗੂ ਪਰਨਜੀਤ ਸਿੰਘ ਜੱਗੀ ਬਾਬਾ, ਦਲ ਖ਼ਾਲਸਾ ਦੇ ਕੌਰ ਸਿੰਘ ਲੰਭਵਾਲੀ, ਸਮਾਜ ਸੇਵੀ ਜਗਰੂਪ ਸਿੰਘ ਵਿਦਰੋਹੀ ਆਦਿ ਵੀ ਹਾਜ਼ਰ ਸਨ।