ਜਲੰਧਰ (13 ਅਗਸਤ, 2015): ਦਲ ਖਾਲਸਾ ਨੇ ਸਵੈ-ਨਿਰਣੇ ਦੇ ਹੱਕ ਦੀ ਵਕਾਲਤ ਕਰਦਿਆਂ,ਭਾਰਤੀ ਹਕੂਮਤ ਤੋਂ ਰਾਇਸ਼ੁਮਾਰੀ ਦੀ ਮੰਗ ਕੀਤੀ ਹੈ ਤਾਂ ਜੋ ਪੰਜਾਬ ਦੇ ਲੋਕ ਆਪਣੇ ਭਵਿੱਖ ਦਾ ਫੈਸਲਾ ਕਰ ਸਕਣ। ਜਲੰਧਰ ਦੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਵਿਖੇ ‘ਆਜ਼ਾਦੀ,ਇਕੋ ਇਕ ਰਾਹ’ ਵਿਸ਼ੇ ਤੇ ਕਰਵਾਈ ਕਨਵੈਨਸ਼ਨ ਵਿਚ ਦਲ ਖਾਲਸਾ ਨੇ ਕਿਹਾ ਕਿ ਸਵੈ-ਨਿਰਣੇ ਲਈ ਰੈਫਰੰਡਮ ਮੌਕੇ ਪੰਜਾਬ ਦੇ ਲੋਕ ਜੋ ਫਤਵਾ ਦੇਣਗੇ,ਉਹ ਸਾਨੂੰ ਪਰਵਾਨ ਹੋਵੇਗਾ।
ਦਲ ਖ਼ਾਲਸਾ ਨੇ ਕਨਵੈਨਸ਼ਨ ਵਿੱਚ ਇਕ ਮਤਾ ਪਾਸ ਕਰਕੇ ਪੰਜਾਬ ਦੇ ਲੋਕਾਂ ਨੂੰ, ਵਿਸ਼ੇਸ਼ ਕਰਕੇ ਸਿੱਖ ਕੌਮ ਨੂੰ 15 ਅਗਸਤ ਦੇ ਸਮਾਗਮਾਂ ਦੇ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ ਕਿਉਂਕਿ ਭਾਰਤ ਦੇ ਰਾਜਸੀ ਨਿਜ਼ਾਮ ਨੇ ਸਿੱਖਾਂ ਬੁਨਿਆਦੀ ਹੱਕ ਦੇਣ ਤੋਂ ਇਨਕਾਰ ਕੀਤਾ ਹੈ , ਸਿੱਖਾਂ ਦੀ ਮੁਢਲੀ ਆਜ਼ਾਦੀ ਨੂੰ ਖੋਹਿਆ ਹੈ ਅਤੇ ਸਿੱਖ ਜਜ਼ਬਾਤਾਂ ਨੂੰ ਘੱਟ ਗਿਣਤੀ ਹੋਣ ਕਾਰਨ ਦਰੜਿਆ ਹੈ। ਭਾਰਤੀ ਨਿਜ਼ਾਮ ਨੇ ਪੰਜਾਬ ਦੀ ਸਿਆਸੀ ਸਮੱਸਿਆ ਦਾ ਹੱਲ ਸਦਾ ਹੀ ਪੁਲਿਸ ਦੀ ਤਾਕਤ ਨਾਲ ਕੱਢਣਾ ਚਾਹਿਆ ਹੈ।ਇਸ ਲਈ ਸਿੱਖਾਂ ਨੂੰ 15 ਅਗਸਤ ਦਾ ਬਾਈਕਾਟ ਕਰਨਾ ਚਾਹੀਦਾ ਹੈ ਅਤੇ ਇਸ ਦਿਨ ਨੂੰ ਕਾਲੇ ਦਿਨ ਤੇ ਤੌਰ ਤੇ ਮਨਾਉਣਾ ਚਾਹੀਦਾ ਹੈ।
ਇਕ ਹੋਰ ਮਤੇ ਰਾਹੀਂ ਅੰਤਰਰਾਸ਼ਟਰੀ ਨਿਯਮਾਂ ਅਤੇ ਕਾਨੂੰਨਾਂ ਰਾਹੀਂ ਪੰਜਾਬ ਨੂੰ ਇਕ ਪ੍ਰਭੂਸੱਤਾ ਰਾਜ ਸਿਰਜਣ ਦਾ ਅਹਿਦ ਕੀਤਾ ਗਿਆ।
ਇਹਨੀ ਦਿਨੀਂ ਜ਼ੇਲਾਂ ਵਿੱਚ ਨਜ਼ਰਬੰਦ ਸਿੱਖਾਂ ਦੀ ਰਿਹਾਈ ਦਾ ਮੁੱਦਾ ਭਖਿਆ ਹੋਇਆ ਹੈ। ਦਲ ਖ਼ਾਲਸਾ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ ਹੈ ਕਿ ਜ਼ੇਲਾਂ ਵਿੱਚ ਨਜ਼ਰਬੰਦ ਸਿੱਖਾਂ ਦੀ ਰਿਹਾਈ ਮੰਗਦੇ ਸਿੱਖ ਆਗੂ ਅਤੇ ਹੋਰਨਾਂ ਨੂੰ ਵਹਿਸ਼ੀਆਨਾ ਢੰਗ ਨਾਲ ਗ੍ਰਿਫਤਾਰ ਕਰਕੇ ਜੇਲਾਂ ਵਿੱਚ ਬੰਦ ਕਰ ਦਿਤਾ ਹੈ।
ਬੁਲਾਰਿਆਂ ਨੇ ਦਾਵਾ ਕੀਤਾ ਕਿ ਸਵੈ-ਨਿਰਣੇ ਦਾ ਹੱਕ ਜੈਨੇਵਾ ਕਨਵੈਨਸ਼ਨ ਰਾਂਹੀ ਮਿਲਿਆ ਹੈ ਤੇ ਇਸ ਰਾਂਹੀ ਬਹੁਤ ਸਾਰੇ ਮੁਲਕਾਂ ਨੇ ਆਜ਼ਾਦੀ ਪ੍ਰਾਪਤ ਕੀਤੀ ਹੈ ਤੇ ਇਹ ਗੈਰ-ਸੰਵਿਧਾਨਕ ਨਹੀ। ਇਸ ਮੌਕੇ ਦਲ ਖਾਲਸਾ ਦੇ ਮੁਖੀ ਸ.ਹਰਚਰਨਜੀਤ ਸਿੰਘ ਨੇ ਕਿਹਾ ਕਿ ਸਿਖਾਂ ਦੀ ਵੱਖਰੀ ਹੋਂਦ-ਹਸਤੀ ਬਾਰੇ ਕੋਈ ਸਮਝੌਤਾ ਨਹੀ ਹੋ ਸਕਦਾ ਤੇ ਇਸ ਨੂੰ ਹਰ ਹੀਲੇ ਬਰਕਰਾਰ ਰੱਖਿਆ ਜਾਵੇਗਾ।
ਅਕਾਲੀ ਆਗੂਆਂ ਵਲੋਂ ਖੇਤਰੀ ਪਾਰਟੀਆਂ ਨੂੰ ਵੱਧ ਅਧਿਕਾਰਾਂ ਦੀ ਮੰਗ ਬਾਰੇ ਦਲ ਖਾਲਸਾ ਨੇ ਕਿਹਾ ਕਿ ਭਾਰਤੀ ਹਕੂਮਤ ਕਦੇ ਵੀ ਇਹ ਮੰਗ ਮਨਜੂਰ ਨਹੀ ਕਰੇਗੀ ਸਗੋਂ ਅਸਲੀਅਤ ਵਿਚ ਤਾਂ ਇਸਤੋਂ ਉਲਟ ਵਾਪਰ ਰਿਹਾ ਹੈ ਕਿਉਂਕਿ ਕੇਂਦਰ ਵੱਧ ਤੋਂ ਵੱਧ ਅਧਿਕਾਰ ਆਪਣੇ ਹੱਥਾਂ ਵਿਚ ਲੈਂਦਾ ਜਾ ਰਿਹਾ ਹੈ ਅਤੇ ਭਾਰਤੀ ਹਕੂਮਤ ਦਾ ਸਮੁਚਾ ਖਾਸਾ ਵੱਧ ਤੋਂ ਵੱਧ ਹਿੰਦੂ ਬਣਦਾ ਜਾ ਰਿਹਾ ਹੈ। ਅੰਗਰੇਜਾਂ ਦੇ ਜਾਣ ਤੋਂ ਲੈਕੇ ਜੇ ਹੁਣ ਤੱਕ ਦੇ ਸਮੇਂ ਤੋਂ ਨਜਰ ਮਾਰੀਏ ਤਾਂ ਸਭ ਕੁਝ ਸਪਸ਼ੱਟ ਹੋ ਜਾਦਾ ਹੈ ਕਿ ਹੁਣ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤੀ ਹਕੂਮਤ ਕਿਸ ਦਿਸ਼ਾ ਵੱਲ ਵਧ ਰਹੀ ਹੈ ਤੇ ਕਿਵੇਂ ਦਿਨੋਂ ਦਿਨ ਸੱਤਾ ਦਾ ਕੇਂਦਰੀਕਰਨ ਕਰਕੇ ਇਹ ਮੁਲਕ ਤੇਜ਼ੀ ਨਾਲ ਹਿੰਦੂਇਜਮ ਵੱਲ ਵਧ ਰਿਹਾ ਹੈ।ਉਨਾਂ ਕਿਹਾ ਕਿ ਵੱਧ ਅਧਿਕਾਰਾਂ ਦੀ ਮੰਗ ਬੇਕਾਰ ਹੈ ਤੇ ਇਸਤੋਂ ਸਾਬਿਤ ਹੁੰਦਾ ਹੈ ਕਿ ਅਕਾਲੀਆਂ ਨੇ ਬੀਤੇ ਤੋਂ ਕੋਈ ਸਬਕ ਨਹੀ ਸਿਖਿਆ।
ਸਿਖ ਵਿਦਵਾਨ ਪ੍ਰਭਜੋਤ ਸਿੰਘ ਨੇ ਸਿਖ ਕੌਮ ਦੇ ਵੱਖਰੇ ਤੇ ਵਿਲੱਖਣ ਹੋਂਦ-ਹਸਤੀ ਬਾਰੇ ਬੋਲਦਿਆਂ ਕਿਹਾ ਕਿ ਇਸਦੀ ਪ੍ਰਫੁੱਲਤਾ ਲਈ ਆਜ਼ਾਦੀ ਦੀ ਲੋੜ ਹੈ।
ਪਾਰਟੀ ਦੇ ਜਨਰਲ ਸਕੱਤਰ ਡਾ.ਮਨਜਿੰਦਰ ਸਿੰਘ ਜੰਡੀ ਨੇ ਇਸ ਧਾਰਨਾ ਨੂੰ ਸਖਤੀ ਨਾਲ ਰੱਦ ਕੀਤਾ ਕਿ ਹਥਿਆਰਬੰਦ ਗਰੁਪਾਂ ਕਾਰਨ ਸਿਖ ਕੌਮ ਉਪਰ ਹੋਣ ਵਾਲੇ ਜੁਲਮ ਨਿਆਸੰਗਤ ਹਨ।ਉਨਾਂ ਕਿਹਾ ਕਿ ਜੁਲਮਾਂ ਦਾ ਕਾਰਨ ਜੇ ਸਿਰਫ ਖਾੜਕੂ ਕਾਰਵਾਈਆਂ ਹੀ ਹੁੰਦੀਆਂ ਤਾਂ ਹੁਣ ਪੰਜਾਬ ਵਿਚ ਕੋਈ ਵੀ ਖਾੜਕੂ ਸਰਗਰਮੀ ਨਹੀ ਹੋ ਰਹੀ ਜਦਕਿ ਸਿਖਾਂ ਉਤੇ ਜੁਲਮ ਪਿਛਲੇ ਵੀਹ ਸਾਲ ਤੋਂ ਲਗਾਤਾਰ ਜਾਰੀ ਹੈ।ਉਨਾਂ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰਾ ਸਿਖਾਂ ਉਤੇ ਹੋ ਰਹੇ ਅੱਤਿਆਚਾਰਾਂ ਬਾਰੇ ਆਪਣੇ ਵਪਾਰਿਕ ਹਿਤਾਂ ਕਾਰਨ ਖਾਮੋਸ਼ ਰਹਿੰਦਾ ਹੈ।ਉਨਾਂ ਕਿਹਾ ਕਿ ਗੈਰ-ਪੰਜਾਬੀਆ ਦੀ ਵੱਡੀ ਗਿਣਤੀ ਨੂੰ ਪੰਜਾਬ ਵਿਚ ਵਸਾਕੇ ਬਸਤੀਵਾਦੀ ਨੀਤੀ ਲਾਗੂ ਕੀਤੀ ਜਾ ਰਹੀ ਹੈ।ਉਨਾਂ ਕਿਹਾ ਕਿ ਇਹ ਪੰਜਾਬ ਦੀ ਭੂਗੋਲਿਕ ਤਸਵੀਰ ਬਦਲਣ ਦੀ ਨੀਤੀ ਤਹਿਤ ਕੀਤਾ ਜਾ ਰਿਹਾ ਹੈ।
ਦਲ ਖਾਲਸਾ ਦੇ ਸੀਨੀਅਰ ਆਗੂ ਸ.ਸਤਨਾਮ ਸਿੰਘ ਪਾਂਉਟਾ ਸਾਹਿਬ ਨੇ ਵੋਟ-ਰਾਜਨੀਤੀ ਬਾਰੇ ਸਪਸ਼ਟ ਕੀਤਾ ਕਿ ਇਹ ਇੱਕ ਭਰਮਜਾਲ਼ ਹੈ।ਅਸੀਂ ਕਦੇ ਵੀ ਭਾਰਤੀ ਨਿਜਾਮ ਅਧੀਨ ਚੋਣ ਨਹੀ ਲੜਾਂਗੇ।ਦਲ ਖਾਲਸਾ ਦੇ ਮੈਂਬਰ ਅਤੇ ਸਮਰਥਕ ਕਦੇ ਵੀ ਭਾਰਤ ਦੇ ਇਸ ਅਖੌਤੀ ਲੋਕਤੰਤਰ ਦਾ ਹਿੱਸਾ ਨਹੀ ਬਨਣਗੇ।ਉਨਾਂ ਕਿਹਾ ਕਿ ਭਾਰਤੀ ਹਾਕਮਾਂ ਦਾ ਸਿਖਾਂ ਨਾਲ ਅਨੇਕਾਂ ਐਲਾਨ,ਵਾਦੇ,ਸਮਝੌਤੇ ਕਰਕੇ ਮੁਕਰਨ ਦਾ ਸ਼ਰਮਨਾਕ ਰਿਕਾਰਡ ਹੈ।ਉਨਾਂ ਕਿਹਾ ਹਿੰਦੂ ਆਗੂਆਂ ਵਲੋਂ ਸਮੇਂ ਸਮੇਂ ਕੀਤੇ ਵਾਦਿਆ-ਐਲਾਨਾਂ ਬਾਰੇ ਵਿਸਥਾਰ ਨਾਲ ਦੱਸਿਆ ਕਿ ਤੋੜੇ ਗਏ ਵਾਦਿਆਂ ਤੇ ਬੇਇਨਸਾਫੀਆਂ ਦਾ ਇਤਿਹਾਸ ਬਹੁਤ ਲੰਮਾ ਹੈ ਜਿਸ ਕਾਰਨ ਸਿਖਾਂ ਦੇ ਇਹ ਭੈੜੀ ਹਾਲਤ ਬਣੀ।ਉਨਾਂ ਕਿਹਾ ਕਿ ਭਾਰਤੀ ਨਿਜਾਮ ਤੋਂ ਬੇਘਰੇ ਤੇ ਬੇਆਸ ਸਿਖ ਕਿਸ ਕਾਰਨ ਕਰਕੇ ਵੋਟਾਂ ਵਿਚ ਹਿੱਸਾ ਲੈਣ?ਉਨਾਂ ਕਿਹਾ ਕਿ ਸਿਖਾਂ ਨੂੰ ਭਾਰਤੀ ਹਾਕਮਾਂ ਵਿਚ ਰੱਤੀ ਭਰ ਵੀ ਭਰੋਸਾ ਨਹੀ।
ਇਸ ਮੌਕੇ ਦਲ ਖਾਲਸਾ ਆਗੂ ਸਰਬਜੀਤ ਸਿੰਘ ਘੁਮਾਣ ਨੇ ਸਿਖ ਕੌਮ ਦੀ ਆਜ਼ਾਦੀ ਪ੍ਰਤੀ ਵਚਨਵੱਧਤਾ ਦੁਹਰਾਂਉਂਦਿਆਂ ਕਿਹਾ ਕਿ ਵਿਕਾਸ ਕਿਸੇ ਤਰਾਂ ਵੀ ਆਜ਼ਾਦੀ ਦਾ ਬਦਲ ਨਹੀ ਹੁੰਦਾ ਤੇ ਸਾਡੇ ਲਈ ਨਿਸ਼ਾਨਾ ਵਿਕਾਸ ਨਹੀ,ਸਵੈ-ਨਿਰਣੇ ਦਾ ਹੱਕ ਹੈ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਭਾਈ ਕੁਲਬੀਰ ਸਿੰਘ ਬੜਾ ਪਿੰਡ ਅਤੇ ਸਿਖ ਯੂਥ ਆਫ ਪੰਜਾਬ ਦੇ ਮੁਖੀ ਪਰਮਜੀਤ ਸਿੰਘ ਟਾਂਡਾ ਨੇ ਵੀ ਆਪਣੇ ਵਿਚਾਰ ਰੱਖੇ।
ਇਸ ਮੌਕੇ ਗੁਰੂ ਨਾਨਕ ਮਿਸ਼ਨ ਚੌਂਕ ਤੱਕ ਮਾਰਚ ਵੀ ਕੀਤਾ ਗਿਆ ਜਿਸ ਵਿਚ ਸਿਖ ਨੌਜਵਾਨਾਂ ਨੇ ਆਜ਼ਾਦੀ ਦੇ ਹੱਕ ਵਿਚ ਜਬਰਦਸਤ ਨਾਹਰੇਬਾਜ਼ੀ ਕਰਦਿਆਂ ਭਖਵੀ ਸ਼ਮੂਲੀਅਤ ਕੀਤੀ।ਮਾਰਚ ਦੌਰਾਨ ਸਭ ਦੇ ਹੱਥਾਂ ਵਿਚ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲਿਆ ਤੇ ਭਾਈ ਗਜਿੰਦਰ ਸਿੰਘ ਦੇ ਫੋਟੋ ਸਨ। ਇਸ ਮੌਕੇ ਜੇਲਾਂ ਵਿਚ ਬੰਦ ਕੀਤੇ ਗਏ ਭਾਈ ਕੰਵਰਪਾਲ ਸਿੰਘ ਤੇ ਭਾਈ ਹਰਪਾਲ ਸਿੰਘ ਚੀਮਾ ਦੀ ਰਿਹਾਈ ਲਈ ਆਵਾਜ਼ ਬੁਲੰਦ ਕੀਤੀ ਗਈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਰਣਬੀਰ ਸਿੰਘ,ਨੋਬਲਜੀਤ ਸਿੰਘ, ਮਨਜੀਤ ਸਿੰਘ,ਗੁਰਮੀਤ ਸਿੰਘ,ਕੁਲਦੀਪ ਸਿੰਘ,ਕੁਲਵੰਤ ਸਿੰਘ ਤੇ ਗੁਰਦੀਪ ਸਿੰਘ ਕਾਲਕੱਟ ਹਾਜਰ ਸਨ।