ਸਿੱਖ ਖਬਰਾਂ

ਸ਼ਕਤੀਸ਼ਾਲੀ ਮੁਲਕਾਂ ਨੇ ਯੂ.ਐਨ. ਨੂੰ ਸ਼ਕਤੀਹੀਣ ਅਤੇ ਅਰਥਹੀਣ ਵਿਸ਼ਵ ਸੰਸਥਾ ਬਣਾ ਕੇ ਰੱਖ ਦਿੱਤਾ – ਦਲ ਖਾਲਸਾ

By ਸਿੱਖ ਸਿਆਸਤ ਬਿਊਰੋ

October 05, 2024

ਅੰਮ੍ਰਿਤਸਰ – ਦਲ ਖਾਲਸਾ ਨੇ ਦੋਸ਼ ਲਾਇਆ ਕਿ ਇਜ਼ਰਾਈਲ ਦੀ ਹਮਾਇਤ ਕਰਨ ਵਾਲੀਆਂ ਵਿਸ਼ਵ ਸ਼ਕਤੀਆਂ ਨੇ ਸੰਯੁਕਤ ਰਾਸ਼ਟਰ ਨੂੰ ਇੱਕ ਸ਼ਕਤੀਹੀਣ ਅਤੇ ਅਸਰਹੀਣ ਸੰਸਥਾ ਬਣਾ ਕੇ ਰੱਖ ਦਿੱਤਾ ਹੈ ਅਤੇ ਇਸ ਪਿੱਛੇ ਇਹਨਾਂ ਸ਼ਕਤੀਸ਼ਾਲੀ ਮੁਲਕਾਂ ਵਿਚਾਲੇ ਦੂਜੇ ਉੱਤੇ ਹਾਵੀ ਹੋਣ ਜਾਂ ਦੂਜੇ ਨੂੰ ਦਬਾਉਣ ਦੀ ਦੌੜ ਅਤੇ ਆਰਥਿਕ ਮੁਫ਼ਾਦ ਜ਼ਿੰਮੇਵਾਰ ਹਨ।

ਦਲ ਖ਼ਾਲਸਾ ਨੇ ਫ਼ਲਸਤੀਨੀਆਂ ਦੀ ਚੱਲ ਰਹੀ ਨਸਲਕੁਸ਼ੀ ਅਤੇ ਵੈਸਟ ਏਸ਼ੀਆ ਵਿੱਚ ਬਣੇ ਜੰਗ ਦੇ ਖੌਫਨਾਕ ਮੰਜ਼ਰ ਨੂੰ ਰੋਕਣ ਵਿੱਚ ਯੂ.ਐਨ. ਦੇ ਅਸਫਲ ਰਹਿਣ ਉੱਤੇ ਖੇਦ ਪ੍ਰਗਟ ਕਰਦਿਆਂ ਕਿਹਾ ਕਿ ਸਾਨੂੰ ਚੇਤੇ ਅਤੇ ਰੰਜ ਹੈ ਕਿ ਕਿਵੇਂ ਯੂ.ਐਨ. 1984 ਦੇ ਦੌਰ ਵਿੱਚ ਸਿੱਖ ਨਸਲਕੁਸ਼ੀ ਦੇ ਸਮੇਂ ਵੀ ਖਾਮੋਸ਼ ਰਿਹਾ ਸੀ।

ਆਜ਼ਾਦੀ ਪਸੰਦ ਸਿੱਖ ਜਥੇਬੰਦੀ ਦੇ ਸਿਆਸੀ ਮਾਮਲਿਆਂ ਦੇ ਸਕੱਤਰ ਕੰਵਰਪਾਲ ਸਿੰਘ ਨੇ ਵਿਸ਼ਵ ਦ੍ਰਿਸ਼ ‘ਤੇ ਬਣੀ ਵਿਸਫੋਟਕ ਸਥਿਤੀ ਦਾ ਜਾਇਜ਼ ਲੈਦਿਆਂ ਡਾਢੀ ਚਿੰਤਾ ਜਿਤਾਈ ਹੈ।

ਦਲ ਖ਼ਾਲਸਾ ਆਗੂ ਨੇ ਇਜ਼ਰਾਈਲ ਦੇ ਵਿਦੇਸ਼ ਮੰਤਰੀ ਵਲੋ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੂੰ ਕੂਟਨੀਤੀ ਦੀ ਭਾਸ਼ਾ ਵਿੱਚ ‘ਅਣ-ਚਾਹਿਆ ਵਿਅਕਤੀ’ ਕਰਾਰ ਦੇ ਕੇ ਉਹਨਾਂ ਦੇ ਇਜ਼ਰਾਈਲ ਅੰਦਰ ਦਾਖਲੇ ‘ਤੇ ਪਾਬੰਦੀ ਲਗਾਉਣ ਨੂੰ ਇਕ ਖ਼ਤਰਨਾਕ ਰੁਝਾਨ ਅਤੇ ਮੂਰਖਤਾ ਭਰਿਆ ਕਦਮ ਦੱਸਿਆ ਹੈ। ਉਹਨਾਂ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ ਨੂੰ ਇਜ਼ਰਾਈਲੀ ਨੇਤਾ ਦੇ ਇਸ ਮਾਰੂ ਬਿਆਨ ਦਾ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਫ਼ਲਸਤੀਨੀਆਂ ਦੇ ਖਿਲਾਫ ਇਜ਼ਰਾਈਲੀ ਹਮਲੇ ਅਤੇ ਹਾਲ ਹੀ ਵਿੱਚ ਲੈਬਨਾਨ ਅਤੇ ਈਰਾਨ ਅੰਦਰ ਟਾਰਗੇਟ ਕਿਲਿੰਗ ਵਿੱਚ ਵਾਧੇ ਨਾਲ, ਪੱਛਮੀ ਏਸ਼ੀਆ ਤਬਾਹੀ ਦੇ ਕਿਨਾਰੇ ‘ਤੇ ਖੜਾ ਦਿਸ ਰਿਹਾ ਹੈ।

ਉਹਨਾਂ ਸਵਾਲ ਕੀਤਾ ਕਿ ਸੰਯੁਕਤ ਰਾਸ਼ਟਰ ਕੀ ਉਡੀਕ ਰਿਹਾ ਹੈ? ਸੰਯੁਕਤ ਰਾਸ਼ਟਰ ਕਿਉਂ ਲਾਚਾਰ ਹੋ ਚੁੱਕਾ ਹੈ? ਕੰਵਰਪਾਲ ਸਿੰਘ ਨੇ ਗੰਭੀਰ ਟਿੱਪਣੀ ਕਰਦਿਆਂ ਪੁੱਛਿਆ ਕਿ ਉਹ ਦੇਸ਼ ਜੋ ਇਜ਼ਰਾਈਲ ਦੀਆਂ ਨਸਲਕੁਸ਼ੀ ਦੀ ਨੀਤੀਆਂ ਦੀ ਹਮਾਇਤ ਨਹੀਂ ਕਰਦੇ, ਉਹ ਚੁੱਪ ਕਿਉਂ ਹਨ, ਉਹ ਇਜ਼ਰਾਈਲੀ ਲੀਡਰਸ਼ਿਪ ਵਿਰੁੱਧ ਸਖ਼ਤ ਭਾਸ਼ਾ ਅਤੇ ਲਹਿਜੇ ਵਿੱਚ ਕਿਉਂ ਨਹੀਂ ਬੋਲ ਰਹੇ ?

ਭਾਰਤੀ ਹਕੂਮਤ ਦੀ ਇਜ਼ਰਾਈਲ-ਫ਼ਲਸਤੀਨ ਤਣਾਅ ਬਾਰੇ ਪਹੁੰਚ ਉੱਤੇ ਟਿੱਪਣੀ ਕਰਦਿਆਂ ਦਲ ਖ਼ਾਲਸਾ ਆਗੂ ਨੇ ਕਿਹਾ ਰੂਸ-ਯੂਕਰੇਨ ਜੰਗ ਵਾਂਗ, ਨਰਿੰਦਰ ਮੋਦੀ ਸਰਕਾਰ ਗਲਤ ਨੂੰ ਗਲਤ ਕਹਿਣ ਦਾ ਹੌਸਲਾ ਨਹੀ ਜੁਟਾ ਸਕੀ ਅਤੇ ਹਰ ਮੁੱਦੇ ‘ਤੇ ਦੋਹਰਾ-ਮਾਪਦੰਡ ਅਪਨਾਉਣ ਦੀ ਆਦੀ ਹੋ ਚੁੱਕੀ ਹੈ।

ਦਲ ਖਾਲਸਾ ਨੇ ਇਜ਼ਰਾਈਲ ਦੀਆਂ ਆਪਣੇ ਗੁਆਂਢੀਆਂ ਪ੍ਰਤੀ ਵਿਨਾਸ਼ਕਾਰੀ ਨੀਤੀਆਂ ਅਤੇ ਅਮਲਾਂ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਉਹ ਫ਼ਲਸਤੀਨ ਦੇ ਲੋਕਾਂ ਦੀ ਪ੍ਰਭੂਸੱਤਾ ਦੀ ਲੜਾਈ ਨਾਲ ਸਹਿਮਤ ਹਨ।