ਜਲਾਵਤਨ ਆਗੂ ਗਜਿੰਦਰ ਸਿੰਘ ਦਾ ਕੇਸ ਰਾਜਨੀਤਿਕ ਸ਼ਰਨ ਲਈ ਢੁਕਵਾਂ ਕੇਸ ਹੈ : ਕੰਵਰਪਾਲ ਸਿੰਘ
ਅੰਮ੍ਰਿਤਸਰ: ਆਰ.ਐਸ.ਐਸ ਦੀ ਵਿਚਾਰਧਾਰਾ ਕਿ ਭਾਰਤ ਵਿਚ ਰਹਿਣ ਵਾਲੇ ਸਭ ਹਿੰਦੂ ਹਨ ਨੂੰ ਮੁੱਢੋਂ ਰੱਦ ਕਰਦਿਆਂ ਦਲ ਖ਼ਾਲਸਾ ਨੇ ਅੱਜ ਸਾਫ ਕੀਤਾ ਕਿ ਸਿੱਖ ਨਾ ਤਾਂ ਹਿੰਦੂ ਹਨ ਅਤੇ ਨਾ ਹੀ ਉਹ ਭਾਰਤੀ ਸੱਭਿਆਚਾਰ ਦਾ ਹਿੱਸਾ ਹਨ।
ਹਿੰਦੁਤਵ ਦੇ ਇਕ ਕੌਮ ਤੇ ਇਕ ਸੱਭਿਆਚਾਰ ਦੇ ਸਿਧਾਂਤ ਨੂੰ ਰੱਦ ਕਰਦਿਆਂ ਪਾਰਟੀ ਨੇ ਕਿਹਾ ਕਿ ਭਾਰਤ ਵਿਚ ਕਈ ਕੌਮਾਂ ਰਹਿੰਦੀਆਂ ਹਨ ਜਿਨ੍ਹਾਂ ਦਾ ਸੱਭਿਆਚਾਰ, ਇਤਿਹਾਸ, ਪਰੰਪਰਾਵਾਂ ਅਤੇ ਜੀਵਨ-ਜਾਂਚ ਵੱਖੋ-ਵੱਖਰੇ ਹਨ।
ਪਾਣੀਪਤ ਵਿਚ ਸ਼ੁੱਕਰਵਾਰ ਵਾਲੇ ਦਿਨ ਆਰ.ਐਸ.ਐਸ ਕਾਰਕੁੰਨਾਂ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਮੁੱਖੀ ਮੋਹਨ ਭਾਗਵਤ ਨੇ ਕਿਹਾ ਸੀ ਕਿ, “ਭਾਰਤ ਵਿਚ ਰਹਿਣ ਵਾਲਾ ਹਰ ਵਿਅਕਤੀ ਹਿੰਦੂਆਂ ਦਾ ਵਾਰਿਸ ਹੈ ਅਤੇ ਭਾਰਤੀ ਸੱਭਿਆਚਾਰ ਨੂੰ ਮੰਨਣ ਵਾਲਾ ਹੈ”।
ਆਰ.ਐਸ.ਐਸ ਮੁਖੀ ਨੂੰ ਝਾੜਦਿਆਂ ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਹਿੰਦੂਆਂ ਤੋਂ ਵਿਪਰੀਤ ਸਿੱਖ ਇਕ ਅਕਾਲ ਪੁਰਖ (ਵਾਹਿਗੁਰੂ) ਦੇ ਉਪਾਸਕ ਹਨ ਅਤੇ ਸ਼ਬਦ-ਗੁਰੂ ਦੇ ਸਿਧਾਂਤ ਵਿਚ ਯਕੀਨ ਰੱਖਦੇ ਹਨ।
ਪਾਰਟੀ ਦਫਤਰ ਵਿਖੇ ਸਿੱਖ ਯੂਥ ਆਫ ਪੰਜਾਬ ਦੀ ਮਹੀਨਾਵਾਰ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖਾਂ ਦੀਆਂ ਆਪਣੀਆਂ ਪਰੰਪਰਾਵਾਂ, ਇਤਿਹਾਸ, ਲਿਖਤਾਂ, ਬੋਲੀ ਅਤੇ ਸੱਭਿਆਚਾਰ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦਾ ਪ੍ਰਕਾਸ਼ ਭਾਰਤੀ ਉਪਮਹਾਂਦੀਪ ਵਿਚ ਹੋਣ ਕਾਰਨ ਹਿੰਦੂ ਅਤੇ ਇਸਲਾਮ ਧਰਮ ਨਾਲ ਕੁਝ ਸਾਂਝਾਂ ਹਨ, ਪਰ ਇਸ ਦੇ ਬਾਵਜੂਦ ਸਿੱਖ ਧਰਮ ਦੀ ਵਿਲੱਖਣਤਾ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ।
ਉਨ੍ਹਾਂ ਬੋਲਦਿਆਂ ਕਿਹਾ ਕਿ ਭਾਰਤੀ ਅਤੇ ਗੈਰ-ਭਾਰਤੀਆਂ ਵਿਚਕਾਰ ਸੰਪਰਦਾਇਕ ਲਕੀਰਾਂ ਵਾਹੀਆਂ ਜਾਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਅਸੀਂ ਸਪਸ਼ਟ ਹਾਂ ਕਿ ਸਿੱਖ ਲਕੀਰ ਦੇ ਦੂਜੇ ਪਾਸੇ ਹੋਣਗੇ। ਉਹਨਾਂ ਕਿਹਾ ਕਿ ਇਹ ਇਤਿਹਾਸਕ ਸਚਾਈ ਹੈ ਕਿ ਸਿੱਖ ਨਾ ਤਾਂ ਹਿੰਦੂ ਧਰਮ ਦਾ ਹਿੱਸਾ ਹਨ ਨਾ ਹੀ ਹਿੰਦੂ ਸੱਭਿਆਚਾਰ ਦੇ ਧਾਰਨੀ ਹਨ।
ਉਹਨਾਂ ਜਥੇਬੰਦੀ ਦੇ ਬਾਨੀ ਅਤੇ ਜਲਾਵਤਨ ਆਗੂ ਭਾਈ ਗਜਿੰਦਰ ਸਿੰਘ ਨੂੰ ਉਹਨਾਂ ਦੇ 65ਵੇਂ ਜਨਮ ਦਿਹਾੜੇ ਤੇ ਯਾਦ ਕਰਦਿਆਂ ਕਿਹਾ ਕਿ ਅੰਤਰਰਾਸ਼ਟਰੀ ਵਾਰਤਾਲਾਪ ਵਿੱਚ ਗਜਿੰਦਰ ਸਿੰਘ ਬੇ-ਘਰਾ ਹੈ ਜਿਸਨੂੰ ਆਪਣੇ ਮਾਤਭੂਮੀ ਤੋਂ ਦੂਰ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਤ੍ਰਾਸਦੀ ਇਹ ਹੈ ਕਿ ਗਜਿੰਦਰ ਸਿੰਘ ਨੂੰ ਸਾਰੀ ਜ਼ਿੰਦਗੀ ਗੁੰਮਨਾਮੀ ਵਿੱਚ ਗੁਜ਼ਾਰਨੀ ਪੈ ਰਹੀ ਹੈ।
ਉਹਨਾਂ ਪਤਰਕਾਰਾਂ ਨੂੰ ਦੱਸਿਆ ਕਿ ਗਜਿੰਦਰ ਸਿੰਘ ਦਾ ਕੇਸ ਰਾਜਨੀਤਿਕ ਸ਼ਰਨ ਲਈ ਢੁਕਵਾਂ ਕੇਸ ਹੈ। ਉਹਨਾਂ ਦੱਸਿਆ ਕਿ ਹਾਈਜੈਕਿੰਗ ਕੇਸ ਵਿੱਚ 14 ਸਾਲ ਜੇਲ ਅੰਦਰ ਗੁਜ਼ਾਰ ਲੈਣ ਦੇ ਬਾਵਜੂਦ ਭਾਰਤ ਸਰਕਾਰ ਨੇ ਪਿਛਲੇ ਸਮੇਂ ਅੰਦਰ ਉਹਨਾਂ ਉਤੇ ਦਿੱਲੀ ਦੀ ਅਦਾਲਤ ਵਿੱਚ ਮੁੜ ਕੇਸ ਚਲਾ ਕਿ ਕੌਮਾਂਤਰੀ ਡਬਲ ਜੀਊਪਾਰਡੀ ਕਾਨੂੰਨ ਅਤੇ ਸਿਧਾਂਤ ਨਾਲ ਖਿਲਵਾੜ ਕੀਤਾ ਹੈ। ਉਹਨਾਂ ਕਿਹਾ ਕਿ ਉਮਰ ਕੈਦ ਕੱਟਣ ਦੇ ਬਾਵਜੂਦ ਗਜਿੰਦਰ ਸਿੰਘ ਆਪਣੀ ਮਾਤਭੂਮੀ ਵਿੱਚ ਆ ਕੇ ਸ਼ਾਂਤੀ ਅਤੇ ਬਿਨਾਂ ਕਿਸੇ ਡਰ ਜਾਂ ਤੰਗੀ-ਪ੍ਰੇਸ਼ਾਨੀ ਤੋਂ ਆਪਣੀ ਜ਼ਿੰਦਗੀ ਨਹੀਂ ਬਿਤਾ ਸਕਦੇ।
ਉਹਨਾਂ ਸਪਸ਼ਟ ਕੀਤਾ ਕਿ ਭਾਈ ਗਜਿੰਦਰ ਸਿੰਘ ਅੱਤਵਾਦੀ ਨਹੀਂ ਹਨ। ਉਹ ਇੱਕ ਇਨਕਲਾਬੀ ਕਵੀ ਅਤੇ ਕੌਮੀ ਯੋਧਾ ਹਨ ਜੋ ਰਾਜਨੀਤਿਕ ਅੰਦੋਲਨ ਰਾਹੀਂ ਆਪਣੇ ਪੰਜਾਬ ਨੂੰ ਹਿੰਦੁਸਤਾਨ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਪਿਛਲ਼ੇ 4 ਦਹਾਕਿਆਂ ਤੋਂ ਸੰਘਰਸ਼ਸ਼ੀਲ ਅਤੇ ਜਲਾਵਤਨ ਹਨ। ਉਹਨਾਂ ਕਿਹਾ ਕਿ ਜਥੇਬੰਦੀ ਦੇ ਯੂਰਪ ਯਨਿਟ ਦੇ ਪ੍ਰਤੀਨਿਧ ਜਲਦੀ ਹੀ ਗਜਿੰਦਰ ਸਿੰਘ ਦੀ ਚਾਹਤ ਵਾਲੇ ਮੁਲਕ ਦੀ ਸਰਕਾਰ ਅੱਗੇ ਉਹਨਾਂ ਦੇ ਰਾਜਸੀ ਸ਼ਰਨ ਲਈ ਪਟੀਸ਼ਨ ਦਾਖਿਲ ਕਰਨਗੇ। ਮੀਟਿੰਗ ਵਿੱਚ ਨੌਜਵਾਨ ਆਗੂ ਪਰਮਜੀਤ ਸਿੰਘ ਟਾਂਡਾ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਮਨਜੀਤ ਸਿੰਘ, ਗਗਨਦੀਪ ਸਿੰਘ, ਪਰਮਜੀਤ ਸਿੰਘ ਮੰਡ ਅਤੇ ਹੋਰ ਸ਼ਾਮਿਲ ਸਨ।