ਅੰਮ੍ਰਿਤਸਰ (3 ਅਗਸਤ, 2011): ਹੁਸ਼ਿਆਰਪੁਰ ਦੇ ਐਸ.ਪੀ. (ਡੀ.) ਰਣਧੀਰ ਸਿੰਘ ਉਪਲ ਦੀ ਅੰਮ੍ਰਿਤਸਰ ਰਿਹਾਇਸ਼ ਵਿਚੋਂ ਦੋ ਏ.ਕੇ.47 ਰਾਈਫਲਾਂ ਤੇ .38 ਬੋਰ ਦੇ ਰਿਵਾਲਵਰ ਦੀ ਬਰਾਮਦਗੀ ਦੇ ਮੱਦੇਨਜ਼ਰ ਦਲ ਖਾਲਸਾ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਇਹਨਾਂ ਗੈਰ-ਕਾਨੂੰਨੀ ਹਥਿਆਰਾਂ ਦੇ ਮਾਮਲੇ ਵਿੱਚ ਆਪਣੇ-ਆਪ ਨੋਟਿਸ ਲੈਣ ਦੀ ਗੁਹਾਰ ਲਾਈ ਹੈ।
ਦਲ ਖਾਲਸਾ ਦੇ ਪ੍ਰਧਾਨ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮੁਖ ਜੱਜ ਨੂੰ ਇਸ ਗੰਭੀਰ ਮਾਮਲੇ ਦਾ ਆਪਣੇ-ਆਪ ਨੋਟਿਸ ਲੈਣ ਦੀ ਅਪੀਲ ਕੀਤੀ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਇਕ ਉਚ ਅਹੁਦੇ ਤੇ ਬੈਠੇ ਪੁਲਿਸ ਅਧਿਕਾਰੀ ਕੋਲੋਂ ਗੈਰ-ਕਾਨੂੰਨੀ ਹਥਿਆਰਾਂ ਦਾ ਫੜਿਆ ਜਾਣਾ ਗੰਭੀਰ ਗੱਲ ਹੈ ਤੇ ਕੇਵਲ ਨਿਆਂਇਕ ਜਾਂਚ ਹੀ ਸੱਚਾਈ ਸਾਹਮਣੇ ਲ਼ਿਆ ਸਕਦੀ ਹੈ।
ਪ੍ਰਧਾਨ ਸ. ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਇਕ ਪੁਲਿਸ ਅਧਿਕਾਰੀ ਕੋਲੋਂ ਬਰਾਮਦ ਹੋਏ ਹਥਿਆਰ ਤਾਂ ਅਜੇ ਸ਼ੁਰੂਆਤ ਹੈ ਤੇ ਇਸ ਦੀ ਪੂਰੀ ਸੱਚਾਈ ਸਾਹਮਣੇ ਲਿਆਉਣ ਦੀ ਲੋੜ ਹੈ। ਇਸਤੋਂ ਪਹਿਲਾਂ ਤਰਨਤਾਰਨ ਦੇ ਐਸ.ਐਚ.ਓ., ਚੰਡੀਗੜ੍ਹ ਦੀ ਡੀ.ਐਸ. ਪੀ. ਤੇ ਮਾਨਸਾ ਦੇ ਇਕ ਪੁਲਿਸ ਕਰਮਚਾਰੀ ਕੋਲੋਂ ਵੀ ਇਸੇ ਤਰਾਂ ਹਥਿਆਰਾਂ ਦੀ ਬਰਾਮਦਗੀ ਹੋਈ ਸੀ। ਉਹਨਾਂ ਖਦਸ਼ਾ ਪ੍ਰਗਟਾਇਆ ਕਿ ਇਸ ਤਰਾਂ ਹੋਰ ਬਹੁਤ ਸਾਰੇ ਪੁਲਿਸ ਅਧਿਕਾਰੀਆਂ ਕੋਲ ਵੀ ਨਜਾਇਜ ਅਸਲਾ ਰੱਖਿਆ ਹੋ ਸਕਦਾ ਹੈ ਜੋ ਪੰਜਾਬ ਵਿਚ ਖਾੜਕੂਵਾਦ ਮੌਕੇ ਸਰਕਾਰੀ ਰਿਕਾਰਡ ਤੇ ਚੜ੍ਹਾਕੇ ਮਾਲਖਾਨਿਆਂ ਵਿਚ ਜਮ੍ਹਾਂ ਕਰਵਾਉਣ ਦੀ ਥਾਂ, ਉਹਨਾਂ ਨੇ ਆਪਣੇ ਕੋਲ ਛੁਪਾ ਲਿਆ ਸੀ ਜਿਸ ਵਿਚੋਂ ਗਾਹੇ-ਬਗਾਹੇ ਹੁਣ ਇਹ ਫੜਿਆ ਜਾ ਰਿਹਾ ਹੈ।
ਖਾੜਕੂਵਾਦ ਦੇ ਦੌਰ ਵਿਚ ਪੁਲਿਸ ਨੇ ਏ.ਕੇ.47 ਤੋਂ ਬਿਨਾਂ ਵੱਡੀ ਮਾਤਰਾ ਵਿਚ ਵਿਸਫੋਟਕ ਪਦਾਰਥ ਖਾੜਕੂਆਂ ਤੋਂ ਬਰਾਮਦ ਕੀਤਾ ਸੀ। ਉਨਾਂ ਆਖਿਆ ਕਿ ਉਸ ਦੌਰ ਵਿਚ ਮਿਲੇ ਹੋਏ ਅਸੀਮਤ ਅਧਿਕਾਰਾਂ ਦੇ ਚੱਲਦਿਆਂ, ਪੁਲਿਸ ਦੇ ਇਕ ਹਿੱਸੇ ਨੇ ਉਹ ਹਥਿਆਰ, ਰਿਕਾਰਡ ਤੇ ਲਿਆਉਣ ਦੀ ਥਾਂ, ਖੁਦ ਹੀ ਖੁਰਦ-ਬੁਰਦ ਕਰ ਲਏ ਸਨ।
ਉਨਾਂ ਕਿਹਾ ਕਿ ਪੰਜਾਬ ਦੇ ਸਿਆਸੀ ਦਲਾਂ ਦੀ ਲੀਡਰਸ਼ਿੱਪ ਹਮੇਸ਼ਾਂ ਹੀ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਪਕੜ ਵਿਚ ਰਹਿੰਦੀ ਹੈ। ਉਨਾਂ ਕਿਹਾ ਕਿ ਨਾ ਮੌਜੂਦਾ ਤੇ ਨਾ ਹੀ ਪਹਿਲਾਂ ਵਾਲੇ ਮੁਖਮੰਤਰੀ ਵਿਚ ਜੁਰਅਤ ਰਹੀ ਹੈ ਕਿ ਉਹ ਇਹੋ ਜਿਹੇ ਦਾਗੀ ਪੁਲਸੀਆਂ ਖਿਲਾਫ ਕਾਰਵਾਈ ਕਰਦੇ, ਇਸ ਲਈ ਇਨਸਾਫ ਲਈ ਹੁਣ ਆਸ ਕੇਵਲ ਨਿਆਂਪਾਲਿਕਾ ਤੋਂ ਬੱਚੀ ਹੈ।
ਉਨਾਂ ਦਾਅਵਾ ਕੀਤਾ ਕਿ ਇਨਾਂ ਹਥਿਆਰਾਂ ਵਿਚੋਂ ਵੱਡੀ ਗਿਣਤੀ ਵਿਚ ਉਨਾਂ ਕੈਟਾਂ ਨੂੰ ਗੈਰ-ਕਾਨੂੰਨੀ ਹਥਿਆਰ ਦਿਤੇ ਗਏ ਸਨ ਜਿੰਨਾਂ ਨੇ ਸਿੱਖ ਖਾੜਕੂਆਂ ਨੂੰ ਮਾਰਿਆ ਤੇ ਇਹੋ ਜਿਹੇ ਅਪਰਾਧ ਕੀਤੇ ਜਿਸ ਨਾਲ ਸਿੱਖ ਸੰਘਰਸ਼ ਦੀ ਬਦਨਾਮੀ ਹੋਵੇ। ਉਨਾਂ ਕਿਹਾ ਕਿ ਫੜੇ ਗਏ ਹਥਿਆਰ ਕਦੇ ਵੀ ਥਾਣਿਆਂ ਦੇ ਮਾਲਖਾਨੇ ਵਿਚ ਜਮ੍ਹਾਂ ਨਹੀ ਕਰਵਾਏ ਗਏ।
ਅਕਾਲੀ –ਭਾਜਪਾ ਗੱਠਜੋੜ ਦੀ 1997-2002 ਤੱਕ ਰਹੀ ਸਰਕਾਰ ਮੌਕੇ ਉਸ ਵੇਲੇ ਦੇ ਏ.ਡੀ ਜੀ.ਪੀ. ਸ਼੍ਰੀ ਜਰਨੈਲ ਸਿੰਘ ਚਾਹਲ ਨੇ ਇਨਾਂ ਹਥਿਆਰਾਂ ਦੀ ਪੜਤਾਲ ਕਰਕੇ ਰਜਿਸਟਰੇਸ਼ਨ ਕਰਨੀ ਚਾਹੀ ਸੀ ਪਰ ਕੋਈ ਸਫਲਤਾ ਨਹੀ ਮਿਲੀ ਸੀ। ਸ਼੍ਰੀ ਚਾਹਲ ਨੇ ਪੰਜਾਬ ਦਾ ਸਾਰੇ ਜਿਲਿਆਂ ਦੇ ਐਸ.ਐਸ.ਪੀਜ ਨੂੰ ਪੱਤਰ ਲਿਖਕੇ ਕਿਹਾ ਸੀ ਕਿ 1/1/85 ਤੋਂ 31/12/1996 ਤੱਕ ਦੇ ਸਮੇਂ ਦੌਰਾਨ, ਸਿੱਖ ਖਾੜਕੂਆਂ ਕੋਲੋਂ ਬਰਾਮਦ ਹੋਏ ਹਥਿਆਰਾਂ ਤੇ ਵਿਸਫੋਟਕਾਂ ਬਾਰੇ, ਅੱਖੀ ਦੇਖਕੇ, ਰਿਪੋਰਟ ਤਿਆਰ ਕਰਕੇ ਭੇਜਣ।
ਆਪਣੀ ਗੱਲ ਤੇ ਜ਼ੋਰ ਦਿੰਦਿਆਂ ਉਨਾਂ ਅੰਗਰੇਜੀ ਦੇ ਹਫਤਾਵਾਰੀ ਰਸਾਲੇ ਇੰਡੀਆ ਟੂਡੇ ਦੇ 29 ਸਤੰਬਰ 1997 ਦੇ ਅੰਕ ਦਾ ਹਵਾਲਾ ਦਿੱਤਾ ਜਿਸ ਵਿਚ ਹਥਿਆਰਾਂ ਦੇ ਗਾਇਬ ਹੋਣ ਬਾਰੇ ਲਿਖੇ ਗਏ ਲੇਖ ਵਿਚ ਦੱਸਿਆ ਗਿਆ ਹੈ ਕਿ ਜਿਆਦਾਤਰ ਜਿਲਿਆਂ ਦੇ ਐਸ.ਐਸ.ਪੀ ਤਸਦੀਕ ਕੀਤਾ ਸਰਟੀਫਿਕੇਟ ਭੇਜਣ ਤੋਂ ਗੁਰੇਜ ਕਰਦੇ ਸਨ ਕਿ ਇਸ ਨਾਲ ਤਾਂ “ਭੂੰਡਾਂ ਦੀ ਖੱਖਰ” ਛਿੜ ਪਵੇਗੀ ਤੇ ਕਈ ਸੀਨੀਅਰ ਪੁਲਿਸ ਅਧਿਕਾਰੀ ਮੁਸੀਬਤ ਵਿਚ ਫਸ ਜਾਣਗੇ।
ਸ. ਧਾਮੀ ਨੇ ਕਿਹਾ ਕਿ ਇਨਾਂ ਹਥਿਆਰਾਂ ਦੇ ਹੁੰਦਿਆਂ ਪੰਜਾਬ ਦੇ ਲੋਕਾਂ ਦਾ ਜੀਵਨ ਖਤਰੇ ਵਿਚ ਹੈ ਕਿਉਂਕਿ ਇਹ ਹਥਿਆਰ ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਲਈ ਵਰਤੇ ਜਾ ਸਕਦੇ ਹਨ, ਜਾਂ ਇਨਾਂ ਦੀ ਵਰਤੋਂ ਲੁਟਾਂ-ਖੋਹਾਂ ਤੇ ਡਾਕਿਆਂ ਲਈ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਸਰਕਾਰ, ਇਨਾਂ ਹਥਿਆਰਾਂ ਦੀ ਰਜਿਸਟਰੇਸ਼ਨ ਫੌਰਨ ਕਰਵਾਵੇ।