ਅੰਮ੍ਰਿਤਸਰ – ਭਾਰਤ ਅੰਦਰ ਸੰਵਿਧਾਨ ਦੀ ਵਰਤੋਂ ਤੇ ਦੁਰਵਰਤੋਂ ਕਰਕੇ ਹੁਕਮਰਾਨਾਂ ਵੱਲੋਂ ਘੱਟ-ਗਿਣਤੀਆਂ ਅਤੇ ਸਿੱਖਾਂ ਨਾਲ ਕੀਤੇ ਜਾ ਰਹੇ ਅਨਿਆਂ ਅਤੇ ਅੱਤਿਆਚਾਰਾਂ ਵਿਰੁੱਧ ਦਲ ਖ਼ਾਲਸਾ ਅਤੇ ਅਕਾਲੀ ਦਲ ਅੰਮ੍ਰਿਤਸਰ ਨੇ ਸਾਂਝੇ ਤੌਰ ਤੇ 26 ਜਨਵਰੀ ਨੂੰ ਮੋਗਾ ਵਿਖੇ ਜ਼ਬਰਦਸਤ ਪ੍ਰਦਰਸ਼ਨ ਕਰਨ ਦਾ ਫੈਸਲਾ ਲਿਆ ਹੈ। ਜਥੇਬੰਦੀਆਂ ਨੇ ਭਾਰਤ ਦੇ ਗਣਤੰਤਰ ਦਿਵਸ ਨੂੰ ਕਾਲਾ ਗਣਤੰਤਰ ਦਿਵਸ ਵਜੋਂ ਮਨਾਉਣ ਦਾ ਸੱਦਾ ਦਿੱਤਾ ਹੈ।
ਮਾਨ ਦਲ ਅਤੇ ਦਲ ਖ਼ਾਲਸਾ ਆਗੂਆਂ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਅੰਦਰ ਸੰਵਿਧਾਨ ਦੀ ਧਾਰਾਵਾਂ ਦੀ ਕਦੇ ਵਰਤੋਂ ਕਰਕੇ, ਕਦੇ ਦੁਰਵਰਤੋਂ ਕਰਕੇ ਅਤੇ ਕਦੇ ਨਾ ਵਰਤੋਂ ਕਰਕੇ ਭਾਰਤ ਦੇ ਹੁਕਮਰਾਨਾਂ ਅਤੇ ਬੇਲਗਾਮ ਏਜੰਸੀਆਂ ਵੱਲੋ ਘੱਟ-ਗਿਣਤੀਆਂ ਦਾ ਘਾਣ ਲਗਾਤਾਰ ਜਾਰੀ ਹੈ। ਉਹਨਾਂ ਕਿਹਾ ਕਿ ਸੰਵਿਧਾਨ ਅਤੇ ਕਾਨੂੰਨ ਅੰਦਰ ਬਾਰ-ਬਾਰ ਤਰਮੀਮਾਂ ਕਰਕੇ ਸੁਰੱਖਿਆ ਫੋਰਸਾਂ ਅਤੇ ਪੁਲਿਸ ਨੂੰ ਕਿਸੇ ਥਾਂ ਤੇ ਜਾ ਕੇ ਕਿਸੇ ਨੂੰ ਵੀ ਮਾਰਨ, ਜਬਰੀ ਲਾਪਤਾ ਕਰਨ ਜਾਂ ਲੰਮੇ ਸਮੇਂ ਲਈ ਨਜ਼ਰਬੰਦ ਕਰਨ ਦੀਆਂ ਦਿੱਤੀ ਗਈਆਂ ਬੇਪਨਾਹ ਅਤੇ ਬੇਲਗਾਮ ਤਾਕਤਾਂ ਹੀ ਇਸ ਦੇਸ਼ ਅੰਦਰ ਘੱਟ-ਗਿਣਤੀਆਂ ਤੇ ਹੋ ਰਹੇ ਜ਼ੁਲਮੋ-ਸਿਤਮ ਦੀ ਬੁਨਿਆਦੀ ਜੜ੍ਹ ਹੈ, ਜਿਸ ਦਾ ਅਸੀਂ 26 ਨੂੰ ਸਖ਼ਤ ਵਿਰੋਧ ਦਰਜ ਕਰਾਵਾਂਗੇ।
ਮੈਂਬਰ ਲੋਕ ਸਭਾ ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਦਲ ਖ਼ਾਲਸਾ ਦੇ ਆਗੂ ਕੰਵਰਪਾਲ ਸਿੰਘ ਅਤੇ ਬੁਲਾਰੇ ਪਰਮਜੀਤ ਸਿੰਘ ਮੰਡ ਨੇ ਖੁਲਾਸਾ ਕਰਦਿਆਂ ਕਿਹਾ ਕਿ ਭਾਰਤ ਦੇ ਹੁਕਮਰਾਨਾਂ ਵੱਲੋਂ ਘੱਟ-ਗਿਣਤੀਆਂ ਨਾਲ ਸੰਬੰਧਿਤ ਜਥੇਬੰਦੀਆਂ, ਵਿਆਕਤੀਆਂ ਨੂੰ ਦਹਿਸ਼ਤਗਰਦ ਅਤੇ ਪਾਬੰਦੀਸ਼ੁਦਾ ਐਲਾਨਣਾਂ, ਵਿਦੇਸ਼ਾਂ ਵਿੱਚ ਸਿੱਖਾਂ ਨੂੰ ਗੈਰ-ਨਿਆਇਅਕ ਤਰੀਕਿਆਂ ਨਾਲ ਕਤਲ ਕਰਨਾ, ਬੰਦੀ ਸਿੰਘਾਂ ਨੂੰ ਰਿਹਾਅ ਕਰਨ ਤੋਂ ਇਨਕਾਰ ਕਰਨ ਅਤੇ ਉਹਨਾਂ ਕੋਲੋਂ ਹੀਣ ਮਨਵਾਉਣ ਲਈ ਸ਼ਰਤਾਂ ਰੱਖਣਾ ਅਤੇ ਪੰਜਾਬ, ਕਸ਼ਮੀਰ ਨੂੰ ਸਵੈ-ਨਿਰਣੇ ਦਾ ਹੱਕ ਦੇਣ ਤੋਂ ਮੁਨਕਰ ਹੋਣਾ ਆਦਿ ਮੁੱਦਿਆਂ ‘ਤੇ ਆਪਣਾ ਸਖ਼ਤ ਇਤਰਾਜ਼ ਜਿਤਾਉਂਦਿਆਂ ਸਾਡੇ ਵੱਲੋਂ ਮੋਗਾ ਵਿੱਚ ਗੁਰਦੁਆਰਾ ਬੀਬੀ ਕਾਨ੍ਹ ਕੌਰ ਤੋ ਚੱਲ ਕੇ ਬਾਜ਼ਾਰਾਂ ਵਿੱਚ ਹੁੰਦਾ ਹੋਇਆ ਦਾਣਾ ਮੰਡੀ ਤੱਕ ਪ੍ਰੋਟੈਸਟ ਮਾਰਚ ਕੀਤਾ ਜਾਵੇਗਾ ।
ਉਹਨਾਂ ਕਿਹਾ ਕਿ ਸਰਬੱਤ ਖਾਲਸਾ ਵੱਲੋਂ ਨਿਯੁਕਤ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਕਤਲ ਦੇ ਘਟਨਾਕ੍ਰਮ ਨੇ ਇਕ ਗੱਲ ਚਿੱਟੇ ਦਿਨ ਵਾਂਗ ਸਾਫ ਕਰ ਦਿੱਤੀ ਹੈ ਕਿ ਕਿਵੇਂ ਹਿੰਦੁਸਤਾਨ ਦੀਆਂ ਸੁਰੱਖਿਆ ਫੋਰਸਾਂ, ਏਜੰਸੀਆਂ ਅਤੇ ਸਥਾਨਕ ਪੁਲਿਸ ਨੇ ਮਿਲਕੇ ਕਿਸ ਵਹਿਸ਼ੀ ਢੰਗ ਅਤੇ ਕਿਸ ਹੱਦ ਤੱਕ ਸਿੱਖਾਂ ਦਾ ਜਿਸਮਾਨੀ ਨੁਕਸਾਨ ਕੀਤਾ ਸੀ। ਜਿਸ ਮੁਲਕ ਤੇ ਜਿਸ ਸਿਸਟਮ ਵਿੱਚ ਜਥੇਦਾਰ ਨਾਲ ਅਜਿਹਾ ਸਲੂਕ ਹੋਇਆ ਹੈ ਉੱਥੇ ਆਮ ਸਿੱਖ ਦਾ ਕੀ ਹਸ਼ਰ ਹੋਇਆ ਹੋਵੇਗਾ, ਅੰਦਾਜ਼ਾ ਲਾਉਣਾ ਔਖਾ ਨਹੀਂ ਹੈ।
ਇਸ ਮੌਕੇ ਰਣਬੀਰ ਸਿੰਘ, ਗੁਰਪ੍ਰੀਤ ਸਿੰਘ, ਗੁਰਨਾਮ ਸਿੰਘ, ਹਰਪਾਲ ਸਿੰਘ ਬਲੇਰ, ਉਪਕਾਰ ਸਿੰਘ ਸੰਧੂ, ਗੁਰਜੰਟ ਸਿੰਘ ਕੱਟੂ, ਬਲਵੰਤ ਸਿੰਘ ਗੋਪਾਲਾ ਆਦਿ ਹਾਜਿਰ ਸਨ।