ਚੰਡੀਗੜ੍ਹ: ਅੱਜ ਦਿੱਲੀ ਹਾਈਕੋਰਟ ਵਲੋਂ ਸਿੱਖ ਨਸਲਕੁਸ਼ੀ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਹੇਠਲੀ ਅਦਾਲਤ ਦੇ 2013 ਦੇ ਫੈਸਲੇ ਨੂੰ ਪਲਟਾਉਂਦਿਆਂ ਉਮਰ ਕੈਦ ਦੀ ਸਜਾ ਸੁਣਾਈ ਗਈ ਹੈ।
ਅਜਾਦ ਸਿੱਖ ਰਾਜ ਦੀ ਹਮਾਇਤੀ ਜਥੇਬੰਦੀ ਦਲ ਖਾਲਸਾ ਨੇ ਇਸ ਬਾਰੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ” ਅੱਜ ਦਾ ਇਹ ਫੈਸਲਾ ਦਿੱਲੀ ਅਤੇ ਭਾਰਤ ਦੇ ਹੋਰਨਾਂ ਸ਼ਹਿਰਾਂ ਵਿਚ ਸਿੱਖ ਨਸਲਕੁਸ਼ੀ ਦੇ ਚੱਲੇ ਦੌਰ ਵਿਚ ਆਪਣੇ ਪਰਿਵਾਰਿਕ ਜੀਅ ਗਵਾਉਣ ਵਾਲਿਆਂ ਲਈ ਵੱਡੀ ਰਾਹਤ ਹੈ ਅਤੇ ਇਨਸਾਫ ਦੀ ਉਮੀਦ ਰੱਖਣ ਵਾਲਿਆਂ ਲਈ ਵੱਡੀ ਆਸ ਹੈ।
ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਜੀ ਦਾ ਕਹਿਣਾ ਹੈ ਕਿ “ਅਸੀਂ ਪੂਰੀ ਸਾਵਧਾਨੀ ਨਾਲ ਇਹ ਫੈਸਲਾ ਲਿਆ ਹੈ ਕਿ ਅਸੀਂ ਉਸ ਦਿਨ ਹੀ ਇਸ ਅਦਾਲਤੀ ਫੈਸਲੇ ਦਾ ਸਵਾਗਤ ਕਰਾਂਗੇ ਜਿਸ ਦਿਨ ਸਿੱਖ ਨਸਲਕੁਸ਼ੀ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲਾ ਸੱਜਣ ਕੁਮਾਰ ਜੇਲ੍ਹ ਦੇ ਅੰਦਰ ਹੋਵੇਗਾ”
“ਅਸੀਂ ਇਸ ਅਤਿ ਜਰੂਰੀ ਤੱਥ ਨੂੰ ਅੱਖੋਂ ਪਰੋਖਿਆਂ ਨਹੀਂ ਕਰ ਸਕਦੇ ਕਿ ਅਦਾਲਤ ਨੇ ਦੋਸ਼ੀ ਤੈਅ ਹੋ ਚੁੱਕੇ ਬੰਦੇ ਨੂੰ ਆਤਮ ਸਮਰਪਣ ਲਈ 2 ਹਫਤਿਆਂ ਦਾ ਸਮਾਂ ਦਿੱਤਾ ਹੈ ਜੋ ਕਿ ਜਮਾਨਤ ਲਈ ਸੁਪਰੀਮ ਕੋਰਟ ਤੀਕ ਪਹੁੰਚਣ ਅਤੇ ਹੋਰਨਾਂ ਆਰਜੀ ਰਾਹਤਾਂ ਲਈ ਵਾਧੂ ਹੈ”
ਸਿੱਖ ਕੌਮ ਆਪਣੇ ਨਾਲ ਵਰਤੇ ਅਜਿਹੇ ਵੱਡੇ ਭਾਣੇ ਦੇ ਇਨਸਾਫ ਲਈ 34 ਸਾਲਾਂ ਤੋਂ ਉਡੀਕ ਕਰ ਰਹੀ ਹੈ ਅਸੀਂ ਸਿੱਖ ਨਸਲਕੁਸ਼ੀ ਦੇ ਇਸ ਦੋਸ਼ੀ ਦੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੋਣ ਲਈ 2 ਹਫਤੇ ਹੋਰ ਉਡੀਕ ਕਰਾਂਗੇ।
ਉਹਨਾਂ ਕਿਹਾ ਕਿ ਸੱਜਣ ਕੁਮਾਰ ਰਾਜੀਵ ਗਾਂਧੀ ਦੇ ਨੇੜਲੇ ਸਾਥੀਆਂ ਵਿੱਚੋਂ ਇੱਕ ਸੀ। ਉਹਨਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਸਵਾਲ ਪੁੱਛਦਿਆਂ ਕਿਹਾ ਕਿ “ਕੀ ਰਾਹੁਲ ਗਾਂਧੀ, ਜਿਸ ਨੇ ਕਿ ਬੜੀ ਬੇਸ਼ਰਮੀ ਨਾਲ ਸਿੱਖ ਨਸਲਕੁਸ਼ੀ ਵਿਚ ਕਾਂਗਰਸ ਪਾਰਟੀ ਦੀ ਭੂਮਿਕਾ ਹੋਣ ਤੋਂ ਸਾਫ ਨਾਂਹ ਕਰ ਦਿੱਤੀ ਸੀ, ਅਤੇ ਕਾਂਗਰਸ ਦੀ ਪੰਜਾਬ ਇਕਾਈ ਅਖੀਰੀ ਇਹ ਮੰਨੇਗੀ ਕਿ ਰਾਜੀਵ ਗਾਂਧੀ ਦੀ ਅਗਵਾਈ ਹੇਠਲੀ ਕਾਂਗਰਸ ਨੇ ਹੀ ਸਿੱਖ ਨਸਲਕੁਸ਼ੀ ਦੀ ਵਿੳਂਤ ਘੜੀ ਸੀ।