ਸਿੱਖ ਖਬਰਾਂ

ਪੁਲੀਸ ਹਿਰਾਸਤ ਵਿਚ ਸੋਹਨਜੀਤ ਸਿੰਘ ਦੀ ਰਹੱਸਮਈ ਮੌਤ; ਉੱਚ ਪੱਧਰੀ ਅਦਾਲਤੀ ਜਾਂਚ ਹੋਵੇ: ਪੰਚ ਪ੍ਰਧਾਨੀ

By ਸਿੱਖ ਸਿਆਸਤ ਬਿਊਰੋ

March 14, 2011

ਲੁਧਿਆਣਾ (14 ਮਾਰਚ, 2011) ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਦਫਤਰ ਸਕੱਤਰ ਸ੍ਰ. ਮੇਜਰ ਸਿੰਘ ਦੇ ਹਵਾਲੇ ਨਾਲ ਨਸ਼ਰ ਹੋਈ ਖਬਰ ਰਾਹੀਂ ਪਤਾ ਲੱਗਾ ਹੈ ਕਿ ਸ੍ਰ. ਸੋਹਨਜੀਤ ਸਿੰਘ ਜਿਸ ਨੂੰ ਪੁਲਿਸ ਨੇ ਪਿਛਲੇ ਦਿਨੀਂ ਖਤਰਨਾਕ ਖਾੜਕੂ ਦੱਸਦਿਆਂ ਗ੍ਰਿਫਤਾਰ ਕੀਤਾ ਸੀ, ਦੀ ਪੁਲਿਸ ਹਿਰਾਸਤ ਦੌਰਾਨ ਰਹੱਸਮਈ ਮੌਤ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਇਸ ਘਟਨਾ ਦੀ ਉੱਚ ਪੱਧਰੀ ਨਿਰਪੱਖ ਅਦਾਲਤੀ ਜਾਂਚ ਦੀ ਮੰਗ ਕੀਤੀ ਹੈ।

ਇਥੇ ਜਿਕਰਯੋਗ ਹੈ ਕਿ ਪਿਛਲੇ ਦਿਨੀਂ ਸੋਹਣ ਸਿੰਘ ਨੂੰ ਅੰਮ੍ਰਿਤਸਰ ਦੀ ਪੁਲੀਸ ਨੇ ਗ੍ਰਿਫਤਾਰ ਕਰਕੇ ਉਸ ਨੂੰ ਪੁਰਾਣਾ ਖਾੜਕੂ ਦੱਸਦਿਆਂ ਉਸ ਉਪਰ ਅਨੇਕ ਕੇਸਾਂ ਵਿਚ ਸਮੂਲੀਅਤ ਹੋਣ ਦਾ ਇਲਜਾਮ ਲਾਇਆ ਸੀ ਤੇ ਇਸ ਵੇਲੇ ਉਹ ਪੁਲੀਸ ਹਿਰਾਸਤ ਵਿਚ ਸੀ ਜਿਥੇ ਉਸ ਦੀ ਮੌਤ ਹੋ ਗਈ ਹੈ ।ਪੁਲੀਸ ਨੇ ਇਸ ਨੂੰ ਆਤਮ ਹੱਤਿਆ ਦਾ ਕੇਸ ਦਸਿਆ ਹੈ।

ਪਾਰਟੀ ਦੇ ਮੁਖ ਦਫਤਰ ਤੋਂ ਜਾਰੀ ਇਕ ਪ੍ਰੈਸ ਬਿਆਨ ਵਿਚ ਪਾਰਟੀ ਦੇ ਕੌਮੀ ਪੰਚ ਕਮਿੱਕਰ ਸਿੰਘ ਤੇ ਜਥੇਬੰਦਕ ਸਕੱਤਰ ਜਸਵੀਰ ਸਿੰਘ ਖੰਡੂਰ ਨੇ ਕਿਹਾ ਕਿ ਬਾਦਲ ਸਰਕਾਰ ਵਲੋਂ ਸਿੱਖਾਂ ਨੂੰ ਝੂਠੇ ਪੁਲੀਸ ਕੇਸਾਂ ਵਿਚ ਫਸਾਕੇ ਤਸੱਦਦ ਕਰਨਾ ਤੇ ਬਾਅਦ ਵਿਚ ਲੰਬਾ ਸਮਾਂ ਜੇਲ੍ਹੀਂ ਡੱਕਣ ਦਾ ਰੁਝਾਨ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਅਤੇ ਹੁਣ ਸਿੱਖਾਂ ਨੂੰ ਪੁਲੀਸ ਹਿਰਾਸਤ ਵਿਚ ਲੈਣ ਤੋਂ ਬਾਅਦ ਉਨ੍ਹਾਂ ਨੂੰ ਮਾਰ ਦੇਣ ਦੇ ਰੁਝਾਨ ਨੂੰ ਮੁੜ-ਸੁਰਜੀਤ ਕਰ ਦਿੱਤਾ ਗਿਆ ਹੈ। ਇਸਦੀ ਪਿਛਲੀ ਮਿਸਾਲ ਬਲਾਚੌਰ ਥਾਣੇ ਵਿਚ ਪੁਲੀਸ ਤਸੱਦਦ ਤੋਂ ਬਾਅਦ ਸ਼ਮਿੰਦਰ ਸਿੰਘ ਸੇਰਾ ਦਾ ਕਤਲ ਹੈ।ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਹੀ ਸੋਹਣ ਸਿੰਘ ਦੀ ਮੌਤ ਵਾਰੇ ਖਦਸਾ ਹੈ ਕਿ ਉਸਦੀ ਮੌਤ ਖੁਦਕੁਸ਼ੀ ਕਾਰਣ ਨਹੀਂ ਸਗੋਂ ਪੁਲੀਸ ਤਸੱਦਦ ਕਾਰਣ ਹੋਈ ਹੈ।

ਉਨ੍ਹਾਂ ਕਿਹਾ ਕਿ ਇਸ ਕੇਸ ਦੀ ਪੁਲੀਸ ਪੜਤਾਲ ਸੱਚ ਨੂੰ ਸਾਹਮਣੇ ਨਹੀਂ ਲਿਆ ਸਕਦੀ ਇਸ ਲਈ ਨਿਰਪੱਖ ਅਦਾਲਤੀ ਜਾਂਚ ਜਰੂਰੀ ਹੈ। ਉਨ੍ਹਾਂ ਨੇ ਮਨੁੱਖੀ ਅਧਿਕਾਰ ਕਮਿਸ਼ਨ ਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਨੂੰ ਵੀ ਇਸ ਘਟਨਾ ਦਾ ਨੋਟਿਸ ਲੈ ਕੇ ਸੋਹਣ ਸਿੰਘ ਦੀ ਮੌਤ ਦੀ ਸਚਾਈ ਸਾਹਮਣੇ ਲਿਆਉਣ ਲਈ ਕਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: