ਅੰਮ੍ਰਿਤਸਰ (15 ਮਾਰਚ, 2011): ਪਿਛਲੇ ਦਿਨ੍ਹੀ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਖਾੜਕੂ ਆਗੂ ਭਾਈ ਸੋਹਨ ਸਿੰਘ ਨੂੰ ਬੀਤੇ ਦਿਨ੍ਹੀਂ ਪੁਲਿਸ ਵੱਲੋਂ ਤਸੀਹੇ ਦੇ ਕੇ ਖਤਮ ਕਰ ਦੇਣ ਬਾਰੇ ਖਾਲਸਾ ਐਕਸ਼ਨ ਕਮੇਟੀ ਦੇ ਆਗੂ ਭਾਈ ਮੋਹਕਮ ਸਿੰਘ, ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਸ: ਹਰਪਾਲ ਸਿੰਘ ਚੀਮਾ, ਸ: ਗੁਰਤੇਜ ਸਿੰਘ ਸਾਬਕਾ ਆਈ.ਏ.ਐਸ., ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਭੋਮਾ) ਦੇ ਪ੍ਰਧਾਨ ਡਾ: ਮਨਜੀਤ ਸਿੰਘ ਭੋਮਾ ਅਤੇ ਦਲ ਖਾਲਸਾ ਦੇ ਬੁਲਾਰੇ ਭਾਈ ਕੰਵਰ ਪਾਲ ਸਿੰਘ ਨੇ ਕਿਹਾ ਹੈ ਕਿ ਖਾੜਕੂ ਸੋਹਨ ਸਿੰਘ ਦੀ ਪੁਲਿਸ ਹਿਰਾਸਤ ਵਿਚ ਹੋਈ ਮੌਤ ਦੀ ਜਾਂਚ ਹਾਈਕੋਰਟ ਦੇ ਕਿਸੇ ਸਾਬਕਾ ਜੱਜ ਤੋਂ ਕਰਵਾਏ ਜਾਣ ਦੀ ਮੰਗ ਨੂੰ ਲੈ ਕੇ ਉਹ ਪੰਜਾਬ ਦੇ ਰਾਜਪਾਲ ਨੂੰ ਮਿਲਣਗੇ। ਆਗੂਆਂ ਨੇ ਕਿਹਾ ਕਿ ਸੋਹਨ ਸਿੰਘ ਦੀ ਗ੍ਰਿਫ਼ਤਾਰੀ ਮਗਰੋਂ ਉਸ ਤੋਂ ਇਕਬਾਲੀਆ ਬਿਆਨ ਹਾਸਲ ਕਰਨ ਲਈ ਪੁਲਿਸ ਨੇ ਤਸ਼ੱਦਦ ਢਾਹਿਆ। ਉਨ੍ਹਾਂ ਪੁਲਿਸ ਵੱਲੋਂ ਘੜੀ ਕਹਾਣੀ ਨੂੰ ਝੂਠੀ ਕਰਾਰ ਦਿੰਦਿਆਂ ਕਿਹਾ ਕਿ ਇਕ ਅੰਗਹੀਣ ਬਜ਼ੁਰਗ ਹਵਾਲਾਤ ਵਿਚ ਆਪ ਫਾਂਸੀ ਕਿਵੇਂ ਲਾ ਸਕਦਾ ਹੈ? ਉਨ੍ਹਾਂ ਕਿਹਾ ਕਿ ਜੇ ਇਹ ਮੰਨ ਵੀ ਲਿਆ ਜਾਵੇ ਤਾਂ ਉਸ ਵੇਲੇ ਡਿਊਟੀ ‘ਤੇ ਤਾਇਨਾਤ ਪੁਲਿਸ ਕਿੱਥੇ ਸੀ?