ਸੁਰੱਖਿਆ ਬਲ ਅਤੇ ਜਾਟ ਵਿਖਵਾਕਾਰੀਆਂ ਦੀ ਝੜਪ ਦਾ ਦ੍ਰਿਸ਼

ਆਮ ਖਬਰਾਂ

ਹਰਿਆਣਾ ਦੇ 8 ਕਸਬਿਆਂ ਵਿੱਚ ਕਰਫਿਊ; ਦਿੱਲੀ ਨੂੰ ਪਾਣੀ ਦੀ ਸਪਲਾਈ ਰੋਕੀ

By ਸਿੱਖ ਸਿਆਸਤ ਬਿਊਰੋ

February 22, 2016

ਸੋਨੀਪੱਤ: ਹਰਿਆਣਾ ਵਿੱਚ ਜਾਟਾਂ ਵੱਲੋਂ ਰਾਖਵਾਂਕਰਨ ਦੀ ਮੰਗ ਨੂੰ ਲੈ ਕੇ ਚਲਾਏ ਜਾ ਰਹੇ ਅੰਦੋਲਨ ਦੇ ਹਿੰਸਕ ਰੂਪ ਧਾਰ ਲੈਣ ਤੋਂ ਬਾਅਦ ਹਰਿਆਣਾ ਦੇ 8 ਵੱਡੇ ਕਸਬਿਆਂ ਰੋਹਤਕ, ਭਿਵਾਨੀ, ਜੀਂਦ, ਝੱਜਰ, ਹਿਸਾਰ, ਹਾਂਸੀ, ਸੋਨੀਪਤ ਤੇ ਗੋਹਾਨਾ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ।

ਹਿੰਸਾ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਐਤਵਾਰ ਨੂੰ ਵੀ ਫੌਜ ਵੱਲੋਂ ਫਲੈਗ ਮਾਰਚ ਕੀਤਾ ਗਿਆ।ਅੰਦੋਲਨਕਾਰੀਆਂ ਵੱਲੋਂ ਵੱਖ ਵੱਖ ਥਾਵਾਂ ਤੇ ਸਰਕਾਰੀ ਮਸ਼ੀਨਰੀ, ਪੁਲਿਸ ਚੌਂਕੀਆਂ, ਬੈਂਕਾਂ ਅਤੇ ਦੁਕਾਨਾਂ ਨੂੰ ਅੱਗ ਲਗਾ ਦਿੱਤੀ ਗਈ। ਐਸਚੈਮ ਦੇ ਵੇਰਵਿਆਂ ਅਨੁਸਾਰ ਜਾਟ ਰਾਖਵਾਂਕਰਨ ਅੰਦੋਲਨ ਕਾਰਨ ਹੁਣ ਤੱਕ 18-20 ਹਜਾਰ ਕਰੋੜ ਦੀ ਸੰਪਤੀ ਦਾ ਨੁਕਸਾਨ ਹੋ ਚੁੱਕਾ ਹੈ।

       ਵਧੇਰੇ ਜਾਣਕਾਰੀ ਲਈ ਪੜੋ:

                        ਜਾਟ ਰਾਖਵਾਂਕਰਨ ਨੂੰ ਲੈ ਕੇ ਭੜਕੀ ਹਿੰਸਾ ਵਿੱਚ 12 ਮੌਤਾਂ, 150 ਜਖਮੀ

ਅੰਦੋਲਨਕਾਰੀਆਂ ਵੱਲੋਂ ਮੂਨਕ ਕਲਾਂ ਨਹਿਰ ਤੇ ਕਬਜਾ ਕਰ ਲਏ ਜਾਣ ਤੋਂ ਬਾਅਦ ਦਿੱਲੀ ਨੂੰ ਜਾਂਦੇ ਪੀਣ ਵਾਲੇ ਪਾਣੀ ਦੀ ਸਪਲਾਈ ਰੁੱਕ ਗਈ ਹੈ।ਪਾਣੀ ਦੀ ਸਪਲਾਈ ਰੁਕਣ ਕਾਰਨ ਦਿੱਲੀ ਵਿੱਚ ਗੰਭੀਰ ਸੰਕਟ ਪੈਦਾ ਹੋ ਗਿਆ ਹੈ ਤੇ ਦਿੱਲੀ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਅਫੀਲ ਦਾਇਰ ਕੀਤੀ ਗਈ ਹੈ ਕਿ ਇਸ ਮਸਲੇ ਨੂੰ ਜਲਦੀ ਨਾਲ ਨਜਿੱਠ ਕੇ ਪਾਣੀ ਦੀ ਸਪਲਾਈ ਨੂੰ ਚਾਲੂ ਕਰਵਾਇਆ ਜਾਵੇ।

ਦਿੱਲੀ ਦੇ ਜਲ ਸਪਲਾਈ ਮੰਤਰੀ ਕਪਿਲ ਮਿਸ਼ਰਾ ਨੇ ਕਿਹਾ ਕਿ ਦਿੱਲੀ ਕੋਲ ਲੋਕਾਂ ਨੂੰ ਸਪਲਾਈ ਕਰਨ ਲਈ ਪਾਣੀ ਨਹੀਂ ਹੈ। ਇਸ ਤੋਂ ਬਾਅਦ ਸਰਕਾਰ ਵੱਲੋਂ ਸੋਮਵਾਰ ਨੂੰ ਦਿੱਲੀ ਦੇ ਸਾਰੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ।

ਹਰਿਆਣਾ ਪੁਲਿਸ ਦੇ ਡੀਜੀਪੀ ਸਿੰਘਲ ਨੇ ਕਿਹਾ ਕਿ ਦਿੱਲੀ ਨੂੰ ਪਾਣੀ ਸਪਲਾਈ ਸ਼ੁਰੂ ਕਰਵਾਉਣਾ ਉਨ੍ਹਾਂ ਲਈ ਸਭ ਤੋਂ ਅਹਿਮ ਗੱਲ ਹੈ।

ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਦੱਸਿਆ ਕਿ ਉਨ੍ਹਾਂ ਹਰਿਆਣਾ ਅਤੇ ਕੇਂਦਰ ਸਰਕਾਰ ਨੂੰ ਫੌਜ ਦੀ ਮਦਦ ਨਾਲ ਮੂਨਕ ਕਲਾਂ ਨਹਿਰ ਤੋਂ ਪਾਣੀ ਦੀ ਸਪਲਾਈ ਸ਼ੁਰੂ ਕਰਨ ਲਈ ਕਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: