ਇੰਫਾਲ: ਖ਼ਬਰ ਏਜੰਸੀ ਪੀਟੀਆਈ ਨੇ ਖ਼ਬਰ ਦਿੱਤੀ ਹੈ ਕਿ ਇਕ ਚਰਚ ‘ਤੇ ਹਮਲੇ ਦੀਆਂ ਖ਼ਬਰਾਂ ਤੋਂ ਬਾਅਦ ਮੋਬਾਈਲ ਇੰਟਰਨੈਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ।
ਸ਼ੁੱਕਰਵਾਰ ਨੂੰ ਇੰਫਾਲ ਜ਼ਿਲ੍ਹੇ ‘ਤੇ ਇਕ ਘੰਟੇ ਦੇ ਅੰਦਰ ਤਿੰਨ ਧਮਾਕੇ ਹੋਏ ਸੀ।
ਇੰਫਾਲ ਪੱਛਮ ਜ਼ਿਲ੍ਹੇ ਦੇ ਪੁਲਿਸ ਕਪਤਾਨ ਐਨ. ਹੇਰੋਜਿਤ ਮੇਤੇਈ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ ਕਿ ਐਤਵਾਰ ਨੂੰ ਪੁਲਿਸ ਦੀਆਂ 22 ਗੱਡੀਆਂ ਨੂੰ ਅੱਗ ਲਾ ਦਿੱਤੀ ਗਈ ਸੀ ਪਰ ਕੋਈ ਪੁਲਿਸ ਵਾਲਾ ਇਸ ਵਿਚ ਜ਼ਖਮੀ ਨਹੀਂ ਹੋਇਆ।
ਜ਼ਿਲ੍ਹਾ ਅਧਿਕਾਰੀ ਦੇ ਹੁਕਮ ਮੁਤਾਬਕ ਐਤਵਾਰ ਦੁਪਹਿਰ ਨੂੰ ਇੰਫਾਲ ਦੇ ਕੁਝ ਇਲਾਕਿਆਂ ਤਕ ਅਣਮਿੱਥੇ ਸਮੇਂ ਲਈ ਕਰਫਿਊ ਲਾ ਦਿੱਤਾ ਗਿਆ।
ਐਤਵਾਰ ਨੂੰ ਹਿੰਸਾ ਉਦੋਂ ਸ਼ੁਰੂ ਹੋਈ ਜਦੋਂ ਪ੍ਰਦਰਸ਼ਨਕਾਰੀ ਆਰਥਕ ਨਾਕਾਬੰਦੀ ਦਾ ਵਿਰੋਧ ਕਰ ਰਹੇ ਸੀ। ਜ਼ਿਕਰਯੋਗ ਹੈ ਕਿ ਇਕ ਨਵੰਬਰ ਤੋਂ ਮਣੀਪੁਰ ਦੇ ਦੋ ਮੁੱਖ ਰਾਜ ਮਾਰਗਾਂ ‘ਤੇ ਯੂਨਾਇਟਿਡ ਨਾਗਾ ਕਾਉਂਸਿਲ ਵਲੋਂ ਅਣਮਿੱਥੇ ਸਮੇਂ ਲਈ ਆਰਥਕ ਨਾਕਾਬੰਦੀ ਚੱਲ ਰਹੀ ਹੈ। ਇਸਤੋਂ ਬਾਅਦ ਮਣੀਪੁਰ ‘ਚ ਲੁੜੀਂਦੀਆਂ ਚੀਜ਼ਾਂ ਦੀ ਸਪਲਾਈ ਪ੍ਰਭਾਵਤ ਹੋਈ ਸੀ।
ਇਸਤੋਂ ਪਹਿਲਾਂ ਮਣੀਪੁਰ ‘ਚ ਰਾਜ ਸਰਕਾਰ ਨੇ 7 ਨਵੇਂ ਜ਼ਿਿਲ੍ਹਆਂ ਦਾ ਐਲਾਨ ਕੀਤਾ ਸੀ ਜਿਸਦੇ ਵਿਰੋਧ ‘ਚ ਨਾਗਾ ਕਾਉਂਸਿਲ ਨੇ ਆਰਥਕ ਨਾਕਾਬੰਦੀ ਕੀਤੀ ਹੋਈ ਸੀ।
ਪਿਛਲੇ ਕੁਝ ਦਿਨਾਂ ਤੋਂ ਮਣੀਪੁਰ ‘ਚ ਵੱਖ-ਵੱਖ ਥਾਵਾਂ ‘ਤੇ ਹਮਲਿਆਂ ‘ਚ ਤਿੰਨ ਪੁਲਿਸ ਵਾਲਿਆਂ ਦੀ ਮੌਤ ਹੋ ਗਈ ਸੀ ਅਤੇ 14 ਹੋਰ ਗੰਭੀਰ ਜ਼ਖਮੀ ਹੋ ਗਏ ਸੀ। ਕੁਝ ਦਿਨ ਪਹਿਲਾਂ ਐਨ.ਐਸ.ਸੀ.ਐਨ. ਦੇ ਹਥਿਆਰਬੰਦ ਲੜਾਕਿਆਂ ਨੇ ਭਾਰਤੀ ਰਿਜ਼ਰਵ ਬਟਾਲੀਅਨ ਦੀ ਚੌਂਕੀ ‘ਤੇ ਹਮਲਾ ਕਰਕੇ ਉਨ੍ਹਾਂ ਦੇ ਹਥਿਆਰ ਵੀ ਖੋਹ ਲਏ ਸਨ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਨੂੰਨ ਵਿਵਸਥਾ ਦੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਅਤੇ ਸੋਸ਼ਲ ਨੈਟਵਰਕਿੰਗ ਸਾਈਟਾਂ ‘ਤੇ ਚੱਲ ਰਹੀਆਂ ਖ਼ਬਰਾਂ ਨੂੰ ਕਾਬੂ ਕਰਨ ਲਈ ਕੈਬਨਟ ਨੇ ਇਹ ਫੈਸਲਾ ਲਿਆ ਹੈ।
ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੰਵੇਦਨਸ਼ੀਲ ਇਲਾਕਿਆਂ ‘ਚ ਪੁਲਿਸ ਅਤੇ ਫੌਜ ਦੀ ਨਫਰੀ ਵਧਾ ਦਿੱਤੀ ਗਈ ਹੈ।