ਨਵੀਂ ਦਿੱਲੀ (1 ਨਵੰਬਰ, 2014): ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀ ਯਾਦਗਾਰ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁ: ਰਕਾਬ ਗੰਜ ਸਾਹਿਬ ਵਿਖੇ ਉਸਾਰੀ ਦੀ ਸ਼ੁਰੂਆਤ ਸਮੇਂ 1984 ਸਿੱਖ ਨਸਲਕੁਸ਼ੀ ਯਾਦਗਾਰ ਦੀ ਉਸਾਰੀ ਆਰੰਭਣ ਲਈ ਆਯੋਜਿਤ ਇਕ ਸਮਾਰੋਹ ਵਿਖੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਬੋਲਦਿਆਂ ਕਿਹਾ ਕਿ 1984 ਦਾ ਕਤਲੇਆਮ ਯੋਜਨਾਬੱਧ ਢੰਗ ਨਾਲ ਕੀਤਾ ਗਿਆ, ਦੋਸ਼ੀਆਂ ਨੇ ਸਿੱਖਾਂ ਦੇ ਘਰਾਂ ਨੂੰ ਚੁਣ ਚੁਣ ਕੇ ਉਨ੍ਹਾਂ ਨੂੰ ਜਿਊਂਦਾ ਸਾੜ ਦਿੱਤਾ। ਉਨ੍ਹਾਂ ਕਿਹਾ, ‘‘ਸਿਆਸੀ ਆਗੂਆਂ ਨੇ ਗਿਣੀ ਮਿਥੀ ਸਾਜ਼ਿਸ਼ ਤਹਿਤ ਸਿੱਖਾਂ ਨੂੰ ਨਿਸ਼ਾਨਾ ਬਣਾਇਆ। ਸਿੱਖ ਕਤਲੇਆਮ ’ਚ ਸ਼ਾਮਲ ਸਿਆਸਤਦਾਨਾਂ ਨੂੰ ਸਮੇਂ ਦੀ ਸਰਕਾਰ ਨੇ ਸੁਰੱਖਿਆ ਦਿੱਤੀ, ਮੰਤਰੀ ਬਣਾ ਕੇ ਅਤੇ ਪੁਲੀਸ ਅਧਿਕਾਰੀਆਂ ਨੂੰ ਤਰੱਕੀਆਂ ਦੇ ਕੇ ਸਿੱਖਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਗਿਆ।
ਇਸ ਸਮੇਂ ਬਾਦਲ ਦਲ ਦੇ ਪ੍ਰਧਾਨ ਅਤੇ ਉੱਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੇ ਇਸ ਮੌਕੇ ਕਿਹਾ ਕਿ ਜੋ ਕੌਮਾਂ ਇਤਿਹਾਸ ਭੁੱਲ ਜਾਂਦੀਆਂ ਹਨ ਉਹ ਖਤਮ ਹੋ ਜਾਂਦੀਆਂ ਅਤੇ ਇਤਿਹਾਸ ਤੋਂ ਸਾਨੂੰ ਸਬਕ ਲੈਣਾ ਚਾਹੀਦਾ ਹੈ ਙ ਉਨ੍ਹਾਂ ਕਿਹਾ ਕਿ ਹਜ਼ਾਰਾਂ ਪੀੜ੍ਹੀਆਂ ਤੱਕ ਵੀ ਕਤਲੇਆਮ ਨਹੀਂ ਭੁੱਲਿਆ ਜਾ ਸਕਦਾ ਅਤੇ ਅੱਜ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਨੂੰ ਵੀ ’84 ਦੇ ਕਤਲੇਆਮ ਦੀ ਜਾਣਕਾਰੀ ਹੈ।
ਉਨ੍ਹਾਂ ਮੋਦੀ ਸਰਕਾਰ ਦਾ ਮੁਆਵਜ਼ੇ ਪ੍ਰਤੀ ਧੰਨਵਾਦ ਕੀਤਾ ਅਤੇ ਨਾਲ ਇਹ ਵੀ ਕਿਹਾ ਕਿ ਜਿੰਨੀ ਦੇਰ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ ਓਨੀ ਦੇਰ ਅਸੀਂ ਚੈਨ ਨਾਲ ਨਹੀਂ ਬੈਠਾਂਗੇ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਇਸ ਮੌਕੇ ਕਿਹਾ ਕਿ ਇਸ ਯਾਦਗਾਰ ਨੂੰ 2 ਸਾਲ ਪਹਿਲਾਂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਮੌਕੇ ਦੀ ਸਰਕਾਰ ਨੇ ਅਜਿਹਾ ਨਹੀਂ ਕਰਨ ਦਿੱਤਾ ਙ ਉਨ੍ਹਾਂ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ 1984 ਦੇ ਕਤਲੇਆਮ ਦੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਲਈ ਸਾਨੂੰ ਦੋ ਗਜ਼ ਜ਼ਮੀਨ ਵੀ ਸਰਕਾਰ ਨੇ ਨਹੀਂ ਦਿੱਤੀ।ਉਨ੍ਹਾਂ ਕਿਹਾ ਕਿ 5 ਲੱਖ ਰੁਪਏ ਦੀ ਸਹਾਇਤਾ ਦਾ ਉਹ ਸਵਾਗਤ ਕਰਦੇ ਹਨ ਪ੍ਰੰਤੂ ਦੋਸ਼ੀਆਂ ਨੂੰ ਫਾਂਸੀ ਤੋਂ ਘੱਟ ਸਜ਼ਾ ਨਹੀਂ ਚਾਹੀਦੀ।