ਫਤਹਿਗੜ ਸਾਹਿਬ (5 ਨਵੰਬਰ, 2015): ਦਲ ਖਾਲਸਾ, ਅਕਾਲੀ ਦਲ ਪੰਚ ਪ੍ਰਧਾਨੀ, ਅਖੰਡ ਕੀਰਤਨੀ ਜਥਾ ਅਤੇ ਸਿੱਖ ਯੂਥ ਆਫ ਪੰਜਾਬ ਨੇ 10 ਨਵੰਬਰ ਨੂੰ ਸੱਰਬਤ ਖਾਲਸਾ ਦੇ ਨਾਂ ਹੇਠ ਹੋ ਰਹੇ ਪੰਥਕ ਇਕੱਠ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਦਾ ਸਥਾਨ ਅਕਾਲ ਤਖਤ ਸਾਹਿਬ ਰੱਖਣ, ਇਸਦੇ ਏਜੰਡੇ ਬਾਰੇ ਕੌਮੀ ਰਾਏ ਤਿਆਰ ਕਰਨ ਅਤੇ ਅੱਡ-ਅੱਡ ਵਿਚਾਰਧਾਰਾ ਵਾਲੀਆਂ ਸਿੱਖ ਸੰਸਥਾਵਾਂ, ਧਿਰਾਂ ਅਤੇ ਸ਼ਖਸ਼ੀਅਤਾਂ ਦਾ ਇਸ ਵਿੱਚ ਸ਼ਾਮਿਲ ਹੋਣਾ ਯਕੀਨੀ ਬਨਾਉਣ।
ਇਹ ਅਪੀਲ ਚਾਰੇ ਪੰਥਕ ਜਥੇਬੰਦੀਆਂ ਦੇ ਆਗੂਆਂ ਹਰਪਾਲ ਸਿੰਘ ਚੀਮਾ, ਸਤਿਨਾਮ ਸਿੰਘ ਪਾਂਉਟਾ ਸਾਹਿਬ, ਆਰ ਪੀ ਸਿੰਘ ਅਤੇ ਮਨਧੀਰ ਸਿੰਘ ਨੇ ਫਤਿਹਗੜ ਸਾਹਿਬ ਵਿਖੇ ਪੰਥਕ ਇਕੱਠ ਦੇ ਪ੍ਰਬੰਧਕਾਂ ਜਿਨਾਂ ਵਿੱਚ ਸਿਮਰਨਜੀਤ ਸਿੰਘ ਮਾਨ, ਮੋਹਕਮ ਸਿੰਘ, ਗੁਰਦੀਪ ਸਿੰਘ ਬਠਿੰਡਾ, ਧਿਆਨ ਸਿੰਘ ਮੰਡ ਆਦਿ ਸ਼ਾਮਿਲ ਸਨ ਨਾਲ ਮੀਟਿੰਗ ਦੌਰਾਨ ਕੀਤੀ। ਇਸ ਮੌਕੇ ਸਿੱਖ ਵਿਦਵਾਨ ਕਰਮਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਵੀ ਮੌਜੂਦ ਸਨ। ਚਾਰੇ ਜਥੇਬੰਦੀਆਂ ਦਾ ਇਹ ਮੰਨਣਾ ਸੀ ਕਿ ਸਰਬਤ ਖਾਲਸਾ ਸਿੱਖਾਂ ਦੀ ਇਤਿਹਾਸਕ ਸੰਸਥਾ ਹੈ ਅਤੇ ਇਸ ਨੂੰ ਵਿਵਾਦਾਂ ਦੇ ਘੇਰੇ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ।
ਉਹਨਾਂ ਨੇ ਕਿਹਾ ਕਿ ਸਰਬਤ ਖਾਲਸਾ ਸੱਦਣ ਮੌਕੇ ਸਾਨੂੰ ਸਿੱਖਾਂ ਦੀਆਂ ਰਵਾਇਤਾਂ ਅਤੇ ਸਿਧਾਂਤਾਂ ਦਾ ਖਿਆਲ ਰੱਖਣਾ ਚਾਹੀਦਾ ਹੈ। ਉਹਨਾਂ ਸਰਬਤ ਖਾਲਸਾ ਦੀ ਤਾਰੀਕ ਵੀ 20 ਦਿਨ ਅੱਗੇ ਪਾਉਣ ਲਈ ਬੇਨਤੀ ਕੀਤੀ ਤਾਂ ਜੋ ਇਸ ਤੋਨ ਦੂਰੀ ਬਣਾਕੇ ਰੱਖਣ ਵਾਲੀਆਂ ਧਿਰਾਂ ਅਤੇ ਸ਼ਖਸ਼ੀਅਤਾਂ ਨਾਲ ਲਿਆ ਜਾ ਸਕੇ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਬਤ ਖਾਲਸਾ ਪ੍ਰਤੀਨਿਧ ਇਕੱਠ ਦਾ ਨਾਮ ਹੈ ਜਿਸ ਰਾਂਹੀ ਕੌਮ ਦੀ ਸਮੂਹਿਕ ਭਾਵਨਾ ਝਲਕੇ।
ਐਡਵੋਕੇਟ ਚੀਮਾ ਨੇ ਦਸਿਆ ਕਿਹ ਉਹ ਬੀਤੇ ਦਿਨ ਦਿੱਲੀ ਦੀ ਤਿਹਾੜ ਜੇਲ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਨੂੰ ਮਿਲਕੇ ਆਏ ਸਨ ਜਿਹਨਾਂ ਨੇ ਮਾਨ ਸਾਹਿਬ ਲਈ ਸੁਨੇਹਾ ਭੇਜਿਆ ਸੀ ਕਿ ਉਹ ਸਰਬਤ ਖਾਲਸਾ ਵਿੱਚ ਸਾਰੀਆਂ ਪੰਥਕ ਧਿਰਾਂ ਨੂੰ ਸ਼ਾਮਿਲ ਕਰਨ ਅਤੇ ਲੋੜ ਪੈਣ ਤੇ ਇਸ ਨੂੰ ਥੋੜੇ ਸਮੇ ਲਈ ਅਗਾਂਹ ਪਾ ਦੇਣ।