ਈਟਾਨਗਰ: ਮੀਡੀਆ ਰਿਪੋਰਟਾਂ ਮੁਤਾਬਕ ਭਾਰਤੀ ਹਵਾਈ ਫ਼ੌਜ ਦਾ ਐਮਆਈ-17 ਹੈਲੀਕਾਪਟਰ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਨੇੜੇ ਬੀਤੇ ਕੱਲ੍ਹ (6 ਅਕਤੂਬਰ) ਨੂੰ ਸਵੇਰੇ ਸਾਢੇ 6 ਵਜੇ “ਹਾਦਸਾਗ੍ਰਸਤ” ਹੋ ਗਿਆ ਜਿਸ ’ਚ ਸਵਾਰ 7 ਫੌਜੀ ਹਲਾਕ ਹੋ ਗਏ। ਹੈਲੀਕਾਪਟਰ ’ਚ ਹਵਾਈ ਫ਼ੌਜ ਦੇ ਦੋ ਪਾਇਲਟਾਂ ਸਮੇਤ ਪੰਜ ਫੌਜੀ ਅਧਿਕਾਰੀ ਅਤੇ ਜ਼ਮੀਨੀ ਫੌਜ ਦੇ ਦੋ ਮੁਲਾਜ਼ਮ ਸਵਾਰ ਸਨ।
ਚੀਨ ਨਾਲ ਲਗਦੀ ਸਰਹੱਦ ਨੇੜਲੇ ਕਸਬੇ ਤਵਾਂਗ ਦੇ ਐਸਪੀ ਐਮ.ਕੇ. ਮੀਣਾ ਨੇ ਦੱਸਿਆ, “ਹੈਲੀਕਾਪਟਰ ਖਿਰਮੂ ਹੈਲੀਪੈਡ ਤੋਂ ਉੱਡਿਆ ਸੀ ਅਤੇ ਉਹ ਯੈਂਗਸਤੇ ਵੱਲ ਜਾ ਰਿਹਾ ਸੀ।” ਉਨ੍ਹਾਂ ਕਿਹਾ ਕਿ ਰੂਸੀ ਕੰਪਨੀ ਦਾ ਬਣਿਆ ਐਮਆਈ-17 ਵੀ5 ਹੈਲੀਕਾਪਟਰ ਕਿਸੇ ਨੁਕਸ ਨੂੰ ਠੀਕ ਕਰਨ ਦੇ ਮਿਸ਼ਨ ’ਤੇ ਸੀ ਅਤੇ ਉਸ ਨੇ ਯੈਂਗਸਤੇ ’ਚ ਜ਼ਮੀਨੀ ਫੌਜ ਦੇ ਕੈਂਪ ਨੂੰ ਮਿੱਟੀ ਦੇ ਤੇਲ ਦੀਆਂ ਪੀਪੀਆਂ ਵੀ ਦੇਣੀਆਂ ਸਨ। ਭਾਰਤੀ ਹਵਾਈ ਫ਼ੌਜ ਅਤੇ ਜ਼ਮੀਨੀ ਫੌਜ ਦੀ ਟੀਮ ਨੇ ਸਾਰੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ।
ਮ੍ਰਿਤਕਾਂ ਦੀ ਪਛਾਣ ਵਿੰਗ ਕਮਾਂਡਰ ਵਿਕਰਮ ਉਪਾਧਿਆਏ, ਸਕੁਆਡਰਨ ਲੀਡਰ ਐਸ ਤਿਵਾੜੀ, ਮਾਸਟਰ ਵਾਰੰਟ ਆਫ਼ਿਸਰ ਏ.ਕੇ. ਸਿੰਘ, ਸਾਰਜੈਂਟ ਗੌਤਮ ਤੇ ਸਾਰਜੈਂਟ ਸਤੀਸ਼ ਕੁਮਾਰ (ਸਾਰੇ ਆਈਏਐਫ਼) ਅਤੇ ਸਿਪਾਹੀ ਈ ਬਾਲਾਜੀ ਤੇ ਸਿਪਾਹੀ ਐਚ ਐਨ ਡੇਕਾ (ਦੋਵੇਂ ਜ਼ਮੀਨੀ ਫੌਜ) ਵਜੋਂ ਹੋਈ ਹੈ। ਐਸ.ਪੀ. ਮੀਣਾ ਨੇ ਦੱਸਿਆ ਕਿ ਸਮੁੰਦਰ ਪੱਧਰ ਤੋਂ ਕਰੀਬ 17 ਹਜ਼ਾਰ ਫੁੱਟ ਉਪਰ ਮਦਦ ਮੁਹਿੰਮ ਚਲਾਈ ਗਈ ਅਤੇ ਸਾਰੀਆਂ ਲਾਸ਼ਾਂ ਨੂੰ ਖਿਰਮੂ ਹੈਲੀਪੈਡ ’ਤੇ ਲਿਆਂਦਾ ਗਿਆ। ਬਾਅਦ ’ਚ ਉਨ੍ਹਾਂ ਨੂੰ ਤੇਜ਼ਪੁਰ ਹਵਾਈ ਅੱਡੇ ਵੱਲ ਰਵਾਨਾ ਕਰ ਦਿੱਤਾ ਗਿਆ। ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੀਆਂ ਟੀਮਾਂ ਹੋਰ ਵੇਰਵੇ ਇਕੱਤਰ ਕਰਨ ਲਈ ਹਾਦਸੇ ਵਾਲੀ ਥਾਂ ਵੱਲ ਰਵਾਨਾ ਹੋ ਗਈਆਂ। ਅਰੁਣਾਚਲ ਪ੍ਰਦੇਸ਼ ’ਚ ਪਿਛਲੇ ਤਿੰਨ ਮਹੀਨਿਆਂ ਦੌਰਾਨ ਇਹ ਦੂਜਾ ਹਾਦਸਾ ਹੈ।